ਪੰਜਾਬ ਅਤੇ ਦੇਸ਼ ਦੀਆਂ 1957 ਦੀਆਂ ਆਮ ਚੋਣਾਂ ਅਤੇ ਅਕਾਲੀਆਂ ਦਾ ਕਾਂਗਰਸ ਵਿੱਚ ਰਲ ਜਾਣਾ
1957 ਦੀਆਂ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਸਮੇਂ ਪੰਜਾਬ ਦੀ ਰਾਜਨੀਤਕ ਸਥਿੱਤੀ ਬਿਲਕੁੱਲ ਹੀ ਬਦਲ ਗਈ। ਦੇਸ਼ ਵਿੱਚ ਸਿੱਖਾਂ ਦੀ ਸਥਿਤੀ ਕੀ ਹੋਵੇ, ਪੰਜਾਬ ਪ੍ਰਾਂਤ ਦੀ ਸਰਕਾਰੀ ਬੋਲੀ ਕੀ ਹੋਵੇ, ਪੰਜਾਬੀ ਬੋਲੀ ਦੀ ਸਥਿਤੀ ਪੰਜਾਬ ਪ੍ਰਾਂਤ ਵਿੱਚ ਕੀ ਹੋਵੇ? ਇਨ੍ਹਾਂ ਸਵਾਲਾਂ ’ਤੇ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਸੀ। ਕਦੇ ਸਿੱਖ ਹੋਮ ਲੈਂਡ, ਕਦੇ ਪੰਜਾਬੀ ਸੂਬਾ, ਕਦੇ ਸੱਚਰ ਫਾਰਮੂਲਾ, ਕਦੇ ਪੰਜਾਬ ਦੇ ਹਿੰਦੂਆਂ ਦੀ ਭਾਸ਼ਾ ਹਿੰਦੀ ਹੈ ਅਤੇ ਪੰਜਾਬੀ ਸਿਰਫ ਸਿੱਖਾਂ ਦੀ ਭਾਸ਼ਾ ਹੈ ਆਦਿ ਸਵਾਲ ਉਠਦੇ ਰਹੇ, ਵਿਚਾਰਾਂ ਹੁੰਦੀਆਂ ਰਹੀਆਂ, ਕੁੱਝ ਫੈਸਲੇ ਵੀ ਹੁੰਦੇ ਰਹੇ ਪਰ ਸਿਰੇ ਨਾ ਚੜ੍ਹਦੇ ਰਹੇ, ਵੱਡੇ ਛੋਟੇ ਫਿਰਕੂ ਝਗੜੇ ਵੀ ਹੁੰਦੇ ਰਹੇ।