ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੱਜ ਦੇਸ਼ ਭਰ 'ਚੋਂ ਹਿਮਾਇਤ ਹਾਸਲ ਹੋਈ ਹੈ। ਕਿਸਾਨਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੱਠ ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅਸਲ 'ਚ ਕਿਸਾਨਾਂ ਨੂੰ ਸਰਕਾਰ ਦੀ ਅੜੀ ਕਾਰਨ ਹੀ ਭਾਰਤ ਬੰਦ ਦਾ ਸੱਦਾ ਦੇਣਾ ਪਿਆ ਸੀ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਆਪਣੀ ਮੰਗ ਪ੍ਰਵਾਨ ਕਰਨ ਲਈ ਜ਼ੋਰ ਪਾਉਣ 'ਤੇ ਵੀ ਕੇਂਦਰ ਦੀ ਮੋਦੀ ਸਰਕਾਰ ਨੇ ਮਜਬੂਰ ਕੀਤਾ ਹੈ ਜਿਸ ਦਾ ਕਾਰਪੋਰੇਟਾਂ ਨਾਲ ਸਨੇਹ ਅਤੇ ਕਾਰਪੋਰੇਟ ਖੇਤਰ ਪੱਖੀ ਸੁਧਾਰ ਕਰਨ ਦਾ ਝੁਕਾਅ ਕਿਸੇ ਤੋਂ ਲੁਕਿਆ ਹੋਇਆ ਨਹੀਂ।
ਅੱਠ ਦਸੰਬਰ ਕਿਸਾਨਾਂ ਦੇ ਭਾਰਤ ਬੰਦ ਤੋਂ ਪਿਛਲੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁੜ ਇਹ ਆਖਦਿਆਂ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਨਕਾਰਿਆ ਸੀ ਕਿ 'ਸੁਧਾਰ' ਕਰਨੇ ਬਹੁਤ ਜ਼ਰੂਰੀ ਹਨ ਕਿਉਂਕਿ 'ਸੁਧਾਰਾਂ' ਬਗੈਰ ਵਿਕਾਸ ਨਹੀਂ ਹੋ ਸਕਦਾ। ਮੋਦੀ ਸਰਕਾਰ ਦੇ ਪਿਛਲੇ ਸਾਢੇ ਛੇ ਸਾਲ ਤੋਂ ਵਧ ਦੇ ਸਮੇਂ ਦੇ ਵਿਕਾਸ ਬਾਰੇ ਸਭ ਜਾਣਦੇ ਹਨ। ਦੇਸ਼ ਦੀ ਅਰਥਵਿਵਸਥਾ ਕੋਵਿਡ-19 ਤੋਂ ਪਹਿਲਾਂ ਹੀ ਲਗਾਤਾਰ ਅੱਠ ਤਿਮਾਹੀਆਂ ਪਤਨਗ੍ਰਸਤ ਰਹੀ ਹੈ। ਅੱਜ ਇਸ ਸਰਕਾਰ ਦਾ ਸਾਰਾ ਜ਼ੋਰ ਆਰਥਿਕ ਗਤੀਵਿਧੀਆਂ ਦੀ ਗਿਰਾਵਟ ਨੂੰ ਹੋਰ ਡਿਗੱਣ ਤੋਂ ਬਚਾਉਣ 'ਤੇ ਲਗਾ ਹੋਇਆ ਹੈ। ਇਹ ਬੇਰੋਜ਼ਗਾਰੀ ਦਹਾਕਿਆਂ ਦਾ ਰਿਕਾਰਡ ਤੋੜ ਚੁੱਕੀ ਹੈ। ਬੈਂਕ-ਵਿਵਸਥਾ ਡਾਵਾਂਡੋਲ ਹੋ ਰਹੀ ਹੈ। ਨਿਰਯਾਤ ਦੇ ਬੁਰੇ ਹਾਲ ਹਨ। ਪਿਛਲੇ ਅਗਸਤ ਮਹੀਨੇ 'ਚ ਖਤਮ ਹੋਈ ਤਿਮਾਹੀ 'ਚ ਅਰਥਵਿਵਸਥਾ 'ਚ ਸੁਧਾਰ ਹੋਇਆ ਹੈ ਉਹ ਹਾਲੇ ਬਹੁਤਾ ਕਰਕੇ ਮਨਫੀ ਵਿੱਚੋਂ ਨਿਕਲਣ ਦੀ ਹੀ ਜੱਦੋ-ਜਹਿਦ ਵਾਲਾ ਹੈ। ਸਰਕਾਰ ਦਾ ਆਪਣਾ ਕਰਜ਼ ਵੀ ਵਾਧੇ 'ਤੇ ਹੈ। ਦੇਸ਼ ਦਾ ਸਮਾਜਿਕ ਤਾਣਾਬਾਣਾ ਫਿਰਕੂ ਰੰਗ ਵਿਚ ਰੰਗਿਆ ਜਾ ਰਿਹਾ ਹੈ। ਮੋਦੀ ਨੇ ਹਰ ਵਰਗ ਨੂੰ ਪਰੇਸ਼ਾਨ ਤੇ ਦੁਖੀ ਕੀਤਾ ਹੋਇਆ ਹੈ।
ਸਿਰਫ ਖੇਤੀ ਖੇਤਰ ਵਿੱਚ ਹੀ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਨੂੰ ਵੀ ਵੱਡੀ ਪੂੰਜੀ ਨੂੰ ਸੌਂਪੇ ਜਾਣ ਦੀ ਤਿਆਰੀ ਹੈ ਅਤੇ ਇਸੇ ਤਿਆਰੀ ਵਿਰੁੱਧ ਕਿਸਾਨ ਮੈਦਾਨ ਵਿੱਚ ਹਨ। ਅਸਲ 'ਚ ਕਿਸਾਨ ਦੇਸ਼ ਦੇ ਆਮ ਲੋਕਾਂ ਦੀ ਵੀ ਲੜਾਈ ਲੜ ਰਹੇ ਹਨ ਜੋ ਕਿ ਜ਼ਬਰਦਸਤ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਲਈ ਆਲੂ, ਪਿਆਜ਼ ਅਤੇ ਟਮਾਟਰ ਜਿਹੀਆਂ ਖਾਣ ਦੀਆਂ ਜ਼ਰੂਰੀ ਵਸਤਾਂ ਵਰਤਣੀਆਂ ਵੀ ਔਖੀਆਂ ਹੋ ਗਈਆਂ ਹਨ। ਇਹ ਖਾਣ ਵਾਲੀਆਂ ਇਨ੍ਹਾਂ ਚੀਜ਼ਾਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ 'ਚੋਂ ਕਢੱਣ ਅਤੇ ਇਨ੍ਹਾਂ ਦਾ ਜਿਨ੍ਹਾਂ ਮਰਜ਼ੀ ਭੰਡਾਰ ਕਰ ਲੈਣ ਦੀ ਇਜਾਜ਼ਤ ਦਿੰਦੇ ਨਵੇਂ ਕਾਨੂੰਨ ਕਾਰਨ ਹੈ ਜੋ ਕਿ ਉਨ੍ਹਾਂ ਤਿੰਨ ਕਾਨੂੰਨਾਂ ਵਿਚੋਂ ਇੱਕ ਹੈ ਜਿਨ੍ਹਾਂ ਨੂੰ ਕਿਸਾਨ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਹਨ। ਇਸ ਕਰਕੇ ਵੀ ਆਮ ਭਾਰਤੀ ਲੋਕਾਂ ਨੇ ਕਿਸਾਨਾਂ ਨੇ ਭਾਰਤ ਬੰਦ ਨੂੰ ਸਫਲ ਬਣਾਉਣ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਹੈ।
'ਭਾਰਤ ਬੰਦ' ਨੂੰ ਮਜ਼ਦੂਰ ਵਰਗ, ਮੁਲਾਜ਼ਮਾਂ, ਮਿਹਨਤਕਸ਼ ਲੋਕਾਂ, ਵਪਾਰੀਆਂ, ਬੁੱਧੀਜੀਵੀਆਂ, ਲੇਖਕਾਂ, ਵਕੀਲਾਂ, ਵਿਦਿਆਰਥੀਆਂ ਅਤੇ ਦੁਕਾਨਦਾਰਾਂ ਆਦਿ ਨੇ ਪੂਰੀ ਤਰ੍ਹਾਂ ਸਫਲ ਬਣਾਉਣ 'ਚ ਭਰਪੂਰ ਹਿੱਸਾ ਪਾਇਆ ਹੈ। ਭਾਰਤ ਬੰਦ ਦੀ ਵੱਡੀ ਸਫਲਤਾ ਲਈ ਨਿਸ਼ਚੇ ਹੀ ਕਿਸਾਨ ਵਧਾਈ ਦੇ ਪਾਤਰ ਹਨ। ਪਰ ਕਿਸਾਨਾਂ ਦੀ ਲੜਾਈ ਬਹੁਤ ਵੱਡੀ ਲੜਾਈ ਹੈ ਕਿਉਂਕਿ ਉਹ ਕਾਰਪੋਰੇਟ ਜਗਤ ਦੀ ਮਦਦਗਾਰ ਮੋਦੀ ਸਰਕਾਰ ਨਾਲ ਲੜਾਈ ਲੜ ਰਹੇ ਹਨ। ਇਕ ਤਰ੍ਹਾਂ ਕਿਸਾਨ ਕਾਰਪੋਰੇਟ ਜਗਤ ਵਿਰੁੱਧ ਡਟੇ ਹੋਏ ਹਨ। ਦੇਸ਼ ਨੇ ਭਾਰਤ ਬੰਦ ਸਫਲ ਕਰਕੇ ਉਨ੍ਹਾਂ ਦੀਆਂ ਮੰਗਾਂ ਦੀ ਹਮਾਇਤ ਜਤਾ ਦਿੱਤੀ ਹੈ। ਉਮੀਦ ਰੱਖਣੀ ਚਾਹੀਦੀ ਹੈ ਕਿ ਬੰਦ ਦੀ ਸਫਲਤਾ ਕਿਸਾਨ ਆਗੂਆਂ ਨੂੰ ਅੱਜ ਵੀ, 9 ਦਸੰਬਰ ਦੀ, ਛੇਵੇਂ ਗੇੜ ਦੀ ਗੱਲਬਾਤ ਲਈ ਉਤਸ਼ਾਹ ਪ੍ਰਦਾਨ ਕਰੇਗੀ। ਪਰ ਗੱਲਬਾਤ ਦੇ ਇਸ ਗੇੜ ਤੋਂ ਪਹਿਲਾਂ ਸਰਕਾਰ ਵੀ ਕਿਸਾਨਾਂ ਵਿਰੁੱਧ ਹਰ ਹੱਥਕੰਡਾ ਵਰਤ ਸਕਦੀ ਹੈ। ਜਾਹਰ ਹੈ ਕਿ ਕਿਸਾਨਾਂ ਦੀ ਲੜਾਈ ਇਕ ਮਹਤਵਪੂਰਣ ਪੜਾਅ 'ਚ ਦਾਖਲ ਹੋ ਚੁੱਕੀ ਹੈ ਜੋ ਕਿ ਨਿਰਣਾਇਕ ਵੀ ਹੋ ਸਕਦਾ ਹੈ।