Friday, February 26, 2021 ePaper Magazine
BREAKING NEWS
ਪੁਡੁਚੇਰੀ ਸੰਕਟ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਿਲਜੁਲ , ਪੰਜਾਬ ਕਾਂਗਰਸ ਪ੍ਰਧਾਨ ਵੀ ਪਲਟੇ ਆਪਣੇ ਬਿਆਨ ਤੋਂ ..ਸਹਾਇਕ ਸੁਪਰਡੈਂਟ ਅਸਾਮੀਆਂ ਲਈ ਸਰੀਰਕ ਯੋਗਤਾ ਟੈਸਟ 2 ਮਾਰਚ ਨੂੰ : ਬਹਿਲਜਾਤੀ ਕਮਿਸ਼ਨ ਵੱਲੋਂ ਡਿਗਰੀਆਂ ਨਾ ਦੇਣ ਦੇ ਮਾਮਲੇ 'ਚ ਡੀ.ਪੀ.ਆਈ. ਉਚੇਰੀ ਸਿੱਖਿਆ ਤੋਂ ਰਿਪੋਰਟ ਤਲਬਬਰਨਾਲਾ ਦੇ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ’ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਅਫ਼ਸੋਸਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ 'ਚ ਰਹਾਂਗੇ ਹਮੇਸ਼ਾਂ ਯਤਨਸ਼ੀਲ : ਪ੍ਰਕਾਸ਼ ਗਾਦੂਕੋਰੋਨਾ ਸਮੇਂ ਆਨਲਾਈਨ ਸਟੱਡੀ ਪ੍ਰੋਗਰਾਮ 'ਚ ਦੋ ਅਧਿਆਪਕ ਜੋੜੀਆਂਂ ਨੇ ਪਾਇਆ ਭਰਪੂਰ ਯੋਗਦਾਨ26 ਫਰਵਰੀ ਤੋਂ 5 ਮਾਰਚ ਤੱਕ ਨਹਿਰੀ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼ਾਂ ਦਾ ਦੂਸਰਾ ਸੈਮੀਨਾਰ ਆਯੋਜਿਤਜ਼ਿਲ੍ਹਾ ਹੁਸ਼ਿਆਰਪੁਰ 'ਚ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਤੇ ਨਾਜਾਇਜ਼ ਬੋਰ ਕਰਨ ’ਤੇ ਪਾਬੰਦੀ ਦਾ ਹੁਕਮ ਜਾਰੀਖਾਦ, ਬੀਜ ਅਤੇ ਦਵਾਈਆਂ ਵਿਕਰੇਤਾ ਬਨਣ ਲਈ ਜ਼ਰੂਰੀ ਕੋਰਸ ਆਤਮਾ ਫਰੀਦਕੋਟ ਵਿਖੇ

ਸੰਪਾਦਕੀ

ਪੰਜਾਬ ਦੇ ਭਾਜਪਾ ਆਗੂ ਕਿਸਾਨ ਅੰਦੋਲਨ ਦਾ ਵਿਰੋਧ ਤਿਆਗਣ

December 15, 2020 11:16 AM

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੀ ਲਗਾਤਾਰ ਹਰ ਪਾਸਿਓਂ ਹਿਮਾਇਤ ਹੋ ਰਹੀ ਹੈ। ਮੋਦੀ ਸਰਕਾਰ ਇਸ ਸੰਘਰਸ਼ ਨੂੰ ਢਾਹ ਲਾਉਣ ਲਈ ਤਰ੍ਹਾਂ-ਤਰ੍ਹਾਂ ਦੇ ਲਾਂਛਣ ਲਾ ਰਹੀ ਹੈ ਪਰ ਉਸ ਦੀ ਦੂਸ਼ਣਬਾਜ਼ੀ ਦੀ ਲੋਕ ਪਰਵਾਹ ਨਹੀਂ ਕਰ ਰਹੇ। ਦੇਸ਼ ਦਾ ਹਰ ਵਰਗ ਕਿਸਾਨਾਂ ਦੀ ਮਦਦ 'ਤੇ ਆ ਰਿਹਾ ਹੈ। ਦੇਸ਼ ਦਾ ਮਜ਼ਦੂਰ, ਵਪਾਰੀ, ਵਕੀਲ, ਬੁੱਧੀਜੀਵੀ, ਵਿਦਿਆਰਥੀ ਤੇ ਆਮ ਭਾਰਤੀ, ਕਿਸਾਨੀ ਸੰਘਰਸ਼ ਦਾ ਪੱਖ ਪੂਰ ਰਿਹਾ ਹੈ। ਸਮੁੱਚੇ ਦੇਸ਼ ਦੇ ਕਿਸਾਨ ਸਿੰਘੂ ਬਾਰਡਰ ਲਈ ਕੂਚ ਕਰ ਰਹੇ ਹਨ, ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਸਮਾਚਾਰ ਵੀ ਮਿਲ ਰਹੇ ਹਨ। ਮੋਦੀ ਸਰਕਾਰ ਕੋਲ ਕਿਸਾਨ ਸੰਘਰਸ਼ ਦੇ ਖ਼ਿਲਾਫ਼ ਦੱਸਣ ਲਈ ਕੋਈ ਖਾਸ ਦਲੀਲ ਨਹੀਂ ਹੈ। ਸਿਰਫ ਤਰ੍ਹਾਂ-ਤਰ੍ਹਾਂ ਦੀਆਂ ਝੂਠੀਆਂ ਤੋਹਮਤਾਂ ਲਾਈਆਂ ਜਾ ਰਹੀਆਂ ਹਨ। ਪਹਿਲਾਂ ਇਸ ਅੰਦੋਲਨ ਨੂੰ ਖ਼ਾਲਿਸਤਾਨੀਆਂ ਤੇ ਫਿਰ ਮਾਓਵਾਦੀਆਂ ਦੇ ਕਬਜ਼ੇ ਵਾਲਾ ਅੰਦੋਲਨ ਦੱਸਿਆ ਗਿਆ, ਹੁਣ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਇਹ ਬਿਆਨ ਦੇ ਕੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਕਿ ਟੁਕੜੇ ਟੁਕੜੇ ਗੈਂਗ ਵਾਲੇ ਵੀ ਇਸ ਅੰਦੋਲਨ ਵਿੱਚ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਕੋਲ ਕਿਸੇ ਵੀ ਲੋਕ ਲਹਿਰ ਦੇ ਖ਼ਿਲਾਫ਼ ਬੋਲਣ ਲਈ ਬਸ ਇਸੇ ਤਰ੍ਹਾਂ ਦੀਆਂ ਹੀ ਗੱਲਾਂ ਹਨ। ਦਰਅਸਲ ਜਿਵੇਂ ਜਿਵੇਂ ਕਿਸਾਨੀ ਸੰਘਰਸ਼ ਦਾ ਸਮਰਥਨ ਵਧ ਰਿਹਾ ਹੈ ਸਰਕਾਰ ਦੀ ਬੁਖਲਾਹਟ ਵੀ ਵਧ ਰਹੀ ਹੈ।
 ਭਾਜਪਾ ਦੇ ਕੇਂਦਰੀ ਆਗੂਆਂ ਦੀਆਂ ਪੈੜਾਂ  'ਤੇ ਚੱਲਦੇ ਹੋਏ ਪੰਜਾਬ ਭਾਜਪਾ ਦੇ ਆਗੂ ਵੀ ਹਕੀਕਤ ਨਾਲ ਦੂਰ ਦਾ ਸਬੰਧ ਵੀ ਨਾ ਰੱਖਣ ਵਾਲੇ ਬਿਆਨ ਦੇ ਰਹੇ ਹਨ। ਇਨ੍ਹਾਂ ਆਗੂਆਂ ਦੀ ਬਿਆਨਬਾਜ਼ੀ ਗੁਮਰਾਹਕੁਨ ਤੇ ਦੋਮੂੰਹੀਆ ਹੈ। ਪਹਿਲਾਂ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਇਹ ਕਹਿੰਦੇ ਰਹੇ ਕਿ ਨਵੇਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹਿੱਤ ਵਿੱਚ ਹਨ, ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਆਗੂ ਗੁਮਰਾਹ ਕਰ ਰਹੇ ਹਨ। ਮੁੜ ਕੇ ਬਿਆਨ ਦੇ ਦਿੱਤਾ ਕਿ ਇਹ ਕੋਈ ਵੱਡਾ ਮਸਲਾ ਨਹੀਂ, ਕਿਸਾਨਾਂ ਨਾਲ ਬੈਠ ਕੇ ਇਸ ਦਾ ਜਲਦ ਹੱਲ ਹੋ ਜਾਵੇਗਾ ਤੇ ਕਾਨੂੰਨਾਂ ਵਿੱਚ ਕਿਸਾਨਾਂ ਦੇ ਇਤਰਾਜ਼ ਅਨੁਸਾਰ ਸੋਧ ਹੋ ਜਾਵੇਗੀ। ਇਸੇ ਤਰ੍ਹਾਂ ਸਾਬਕਾ ਮੰਤਰੀ ਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ, ਜੋ ਕਿ ਖ਼ੁਦ ਖੇਤੀ ਦੇ ਪੇਸ਼ੇ ਨਾਲ ਸਬੰਧਤ ਹਨ, ਨੇ ਬਿਆਨ ਦਿੱਤੇ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਲਿਆਂਦੇ ਗਏ ਹਨ ਫਿਰ ਵੀ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ ਜਾਣਗੇ। ਸਾਫ ਹੈ ਕਿ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਆਪਣੇ ਬਿਆਨਾਂ ਵਿੱਚ ਆਪਣੇ ਕੇਂਦਰੀ ਸਿਆਸੀ ਆਕਾਵਾਂ ਦੀ ਬੋਲੀ ਹੀ ਬੋਲ ਰਹੇ ਹਨ।  ਇਹ ਇਕ ਪਾਸੇ ਕਾਨੂੰਨਾਂ ਵਿੱਚ ਕਿਸੇ ਤਰ੍ਹਾਂ ਦੀ ਕਿਸਾਨ ਵਿਰੋਧੀ ਗੱਲ ਨਾ ਹੋਣ ਬਾਰੇ ਬਿਆਨ ਦਾਗਦੇ ਹਨ ਤੇ ਦੂਜੇ ਪਾਸੇ ਇਹ ਆਖ ਰਹੇ ਹਨ ਕਿ ਕਾਨੂੰਨਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਪਣੇ ਜਿਨ੍ਹਾਂ ਕੇਂਦਰੀ ਆਗੂਆਂ ਤੋਂ ਪ੍ਰੇਰਨਾ ਲੈ ਕੇ ਇਹ ਬਿਆਨ ਦੇ ਰਹੇ ਹਨ ਉਨ੍ਹਾਂ ਕੋਲ ਵੀ ਕਿਸਾਨਾਂ ਦੀਆਂ ਦਲੀਲਾਂ ਦੀ ਕੋਈ ਕਾਟ ਨਹੀਂ ਹੈ। ਇਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਆਪਣੇ ਬਿਆਨਾਂ ਨਾਲ ਅਸਿੱਧੇ ਤੌਰ 'ਤੇ ਕਿਸਾਨ ਅੰਦੋਲਨ ਦਾ ਨੁਕਸਾਨ ਕਰ ਰਹੇ ਹਨ। ਅਜਿਹੀ ਬਿਆਨਬਾਜ਼ੀ ਦੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਆਗੂਆਂ ਨੂੰ ਭਾਰੀ ਸਿਆਸੀ ਕੀਮਤ ਚੁਕਾਉਣੀ ਪਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ