Friday, February 26, 2021 ePaper Magazine
BREAKING NEWS
ਪੰਜਾਬ ‘ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5799, ਅੱਜ 566 ਨਵੇਂ ‘ਤੇ 13 ਮੌਤਾਂਪੰਜਾਬ ਵੱਲੋਂ 301 ਸੁਧਾਰ ਸਫ਼ਲਤਾਪੂਰਵਕ ਲਾਗੂ; 300 ਸ਼ਰਤਾਂ ਘਟਾਉਣ ਦੀ ਪ੍ਰਕਿਰਿਆ ਪ੍ਰਗਤੀ ਅਧੀਨਡੀਸੀ ਵੱਲੋਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ...ਸਰਬੱਤ ਸਿਹਤ ਬੀਮਾ ਯੋਜਨਾ ‘ਚ ਊਣਤਾਈਆਂ ਪਾਉਣ ਵਾਲੇ 63 ਹਸਪਤਾਲਾਂ ਨੂੰ 77 ਕਾਰਨ ਦੱਸੋ ਨੋਟਿਸ ਜਾਰੀ ਟੀਮ ਇੰਡੀਆ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ, ਸਪਿਨਰਾਂ ਨੇ ਦੂਜੇ ਦਿਨ ਹੀ ਦੁਆਈ ਜਿੱਤ100 ਰੁਪਏ ਦੀ ਲਾਟਰੀ ਨੇ ਕਰੋੜਪਤੀ ਬਣਾਈ ਅੰਮ੍ਰਿਤਸਰ ਦੀ ਰੇਨੂ ਚੌਹਾਨਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾਯੂਡੀਆਈਡੀ ਕਾਰਡ ਬਣਾਉਣ 'ਚ ਪੰਜਾਬ ਨੂੰ ਮਿਲਿਆ ਸੱਤਵਾਂ ਸਥਾਨ-ਚੌਧਰੀ ਸਰਦੂਲ ਸਿਕੰਦਰ ਦੀ ਦੇਹ ਸੁਪਰਦ -ਏ -ਖ਼ਾਕ ਪੁਡੁਚੇਰੀ ਸੰਕਟ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਿਲਜੁਲ , ਪੰਜਾਬ ਕਾਂਗਰਸ ਪ੍ਰਧਾਨ ਵੀ ਪਲਟੇ ਆਪਣੇ ਬਿਆਨ ਤੋਂ ..

ਸੰਪਾਦਕੀ

ਕਿਸਾਨਾਂ ਵਿਰੁੱਧ ਨਵੀਂ ਸਰਕਾਰੀ ਪ੍ਰਚਾਰ-ਮੁਹਿੰਮ ਵੀ ਨਕਾਰੀ ਜਾਵੇਗੀ

December 19, 2020 11:36 AM

ਤਿੰਨ ਨਵੇਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਵਿਰੁੱਧ ਕਿਸਾਨ ਜਮਹੂਰੀ ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਤੇ ਇਨ੍ਹਾਂ ਬਾਰੇ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਦੀਆਂ ਸੀਮਾਵਾਂ ’ਤੇ ਡੇਰੇ ਲਾਈ ਡਟੇ ਬੈਠੇ ਹਨ। ਉਨ੍ਹਾਂ ਦੇ ਰੋਸ ਪ੍ਰਗਟਾਵੇ ਨੂੰ ਸੁਪਰੀਮ ਕੋਰਟ ਸੰਵਿਧਾਨਕ ਅਧਿਕਾਰ ਆਖ ਚੁੱਕਿਆ ਹੈ ਅਤੇ ਇਸ ਗੱਲ ’ਤੇ ਜ਼ੋਰ ਦੇ ਚੁੱਕਾ ਹੈ ਕਿ ਗੱਲਬਾਤ ਰਾਹੀਂ ਹੀ ਮਸਲਾ ਹੱਲ ਹੋਵੇਗਾ। ਪਰ ਸਰਕਾਰ ਨੇ ਗੱਲਬਾਤ ਦੀ ਮੇਜ਼ ’ਤੇ ਕਿਸਾਨਾਂ ਦੀਆਂ ਦਲੀਲਾਂ ਸਾਹਮਣੇ ਲਾਜਵਾਬ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਅਤੇ ਕਿਸਾਨਾਂ ਨੂੰ ਭੰਡਣ ਦੀ ਤਰਕੀਬ ਅਜ਼ਮਾਉਣੀ ਸ਼ੁਰੂ ਕੀਤੀ ਹੋਈ ਹੈ। ਕਿਸਾਨ ਸੰਘਰਸ਼ ਨੂੰ ਸੋਚੇ ਸਮਝੇ ਢੰਗ ਨਾਲ ਤਰ੍ਹਾਂ ਤਰ੍ਹਾਂ ਦੇ ਲਾਂਛਣਾਂ ਦਾ ਨਿਸ਼ਾਨਾ ਬਣਾਇਆ ਗਿਆ। ਕਿਸਾਨ ਸੰਘਰਸ਼ ਨੂੰ ਖਾਲਿਸਤਾਨੀ ਰੰਗਤ ਦੇਣ ਲਈ ਬਿਆਨ ਜਾਰੀ ਕੀਤੇ ਗਏ। ਇਸ ਨੂੰ ਮਾਓਵਾਦੀ ਤੱਤਾਂ ਵਾਲਾ ਸਾਬਤ ਕਰਨ ਦੇ ਯਤਨ ਕੀਤੇ ਗਏ, ਕਿਸਾਨਾਂ ਨੂੰ ਪਾਕਿਸਤਾਨ ਅਤੇ ਚੀਨ ਦੇ ਉਕਸਾਏ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਇਨ੍ਹਾਂ ਨੂੰ ਕਿਸੇ ਦੁਸ਼ਮਣ ਦੇਸ਼ ਤੋ ਵਿੱਤੀ ਮਦਦ (ਫੰਡ) ਮਿਲ ਰਹੀ ਹੈ। ਪਰ ਕਿਸਾਨਾਂ ਵਿਰੁੱਧ ਲਾਂਛਣਾਂ ਦੀ ਇਸ ਬੁਛਾੜ ਨੇ ਕੇਂਦਰ ਦੀ ਸਰਕਾਰ ਦੇ ਕਰਤੇ-ਧਰਤਿਆਂ ਅਤੇ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਨੇਤਾਵਾਂ ਦਾ ਹੀ ਪਰਦਾਫਾਸ਼ ਕੀਤਾ ਹੈ ਕਿਉਂਕਿ ਇਹ ਸਾਹਮਣੇ ਆਇਆ ਕਿ ਇਨ੍ਹਾਂ ਦੇ ਪੱਲੇ ਆਪਣੇ ਵਿਰੋਧੀਆਂ ਜਾਂ ਮੋਦੀ ਸਰਕਾਰ ਦੀ ਕਿਸੇ ਨੀਤੀ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਵਰਤਣ ਲਈ ਇਹੋ ਕੁਝ ਹੀ ਹੈ । ਪਰ ਕਿਸਾਨਾਂ ਦੇ ਮਾਮਲੇ ਵਿਚ ਇਨ੍ਹਾਂ ਲਾਂਛਣਾਂ ਨੂੰ ਆਮ ਭਾਰਤੀਆਂ ਨੇ ਪ੍ਰਵਾਨ ਨਹੀਂ ਕੀਤਾ।
ਹੁਣ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੇ ਸੰਘ ਦੀ ਮਦਦ ਨਾਲ ਦੇਸ਼ ਵਿੱਚ ਕਿਸਾਨਾਂ ਵਿਰੁੱਧ ਪ੍ਰਚਾਰ ਕਰਨ ਲਈ ਸੱਤ ਸੌ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ ਜਿਸ ’ਚ ਇਨ੍ਹਾਂ ਦੇ ਤਮਾਮ ਅਖੌਤੀ ਕੱਦਾਵਰ ਨੇਤਾ ਸਰਗਰਮ ਹੋ ਚੁੱਕੇ ਹਨ। ਪ੍ਰਚਾਰ ਇਹ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਨੇ ਗੁਮਰਾਹ ਕੀਤਾ ਹੋਇਆ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਪਹਿਲਾਂ ਵਾਂਗ ਹੀ ਜਾਰੀ ਰਹੇਗਾ, ਸਰਕਾਰੀ ਮੰਡੀ ਦੀ ਵਿਵਸਥਾ ਵੀ ਬਣੀ ਰਹੇਗੀ। ਭਾਰਤੀ ਜਨਤਾ ਪਾਰਟੀ ਦੀ ਹਕੂਮਤ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੁਹਰੇ ਕਰ ਕੇ ਚਲਾਈ ਇਹ ਨਵੀਂ ਕਿਸਾਨ ਸੰਘਰਸ਼ ਵਿਰੋਧੀ ਪ੍ਰਚਾਰ ਮੁਹਿੰਮ ਦਾ ਹਸ਼ਰ ਵੀ ਉਹੋ ਹੁੰਦਾ ਦਿਖ ਰਿਹਾ ਹੈ ਜੋ ਪਹਿਲਾਂ ਲਾਂਛਣਾਂ ਦੀ ਬੁਛਾੜ ਦਾ ਹੋਇਆ ਸੀ। ਜੋ ਇਹ ਪ੍ਰਚਾਰ ਮੁਹਿੰਮ ’ਚ ਆਖਿਆ ਜਾ ਰਿਹਾ ਹੈ, ਉਸ ਸਭ ਦਾ ਜਵਾਬ ਕਿਸਾਨ ਗੱਲਬਾਤ ਦੇ ਚੱਲੇ ਦੌਰਾਂ ਦੌਰਾਨ ਸਪਸ਼ਟਤਾ ਨਾਲ ਦੇ ਚੁੱਕੇ ਹਨ। ਮੋਦੀ ਸਰਕਾਰ ਦੇ ਮੰਤਰੀਆਂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀਆਂ ਰੈਲੀਆਂ ਠੁਸ ਹੋ ਰਹੀਆਂ ਹਨ। ਕਈ ਥਾਂ ’ਤੇ ਮੰਤਰੀ ਤੇ ਅਖੌਤੀ ਵੱਡੇ ਆਗੂ ਰੈਲੀਆਂ ਵਿਚ ਪਹੁੰਚੇ ਹੀ ਨਹੀਂ ਕਿਉਂਕਿ ਉਨ੍ਹਾਂ ਨੂੰ ਵਿਰੋਧ ਕਰਨ ਲਈ ਪਹੁੰਚ ਰਹੇ ਕਿਸਾਨਾਂ ਦੀ ਖ਼ਬਰ ਲਗ ਗਈ ਸੀ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਕੋਲ ਕਿਸਾਨ ਸੰਘਰਸ਼ ਦੇ ਮੁੱਦੇ ’ਤੇ ਲੋਕਾਂ ਸਾਹਮਣੇ ਰੱਖਣ ਲਈ ਕੋਈ ਤਰਕ ਜਾਂ ਦਲੀਲ ਨਹੀਂ ਜਿਸ ਕਰਕੇ ਜ਼ੁਰਅਤ ਵੀ ਨਹੀਂ, ਇਹ ਸਿਰਫ ਝੂਠਾ ਪ੍ਰਚਾਰ ਕਰ ਸਕਦੇ ਹਨ, ਫਿਰਕੂ ਭਾਵਨਾਵਾਂ ਭੜਕਾਅ ਸਕਦੇ ਹਨ। ਇਸੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਾਸ ਚਹੇਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਤਯਾ ਨਾਥ, ਜਿਨ੍ਹਾਂ ਦਾ ਅਸਲ ਨਾਮ ਅਜੇ ਮੋਹਨ ਬਿਸ਼ਟ ਹੈ, ਆਪਣੇ ਤਰਕਸ਼ ਦਾ ਆਖਰੀ ਬਾਣ-ਰਾਮਬਾਣ-ਕੱਢ ਲਿਆਏ ਹਨ। ਯੋਗੀ ਅਦਿਤਯਾ ਨਾਥ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦਾ ਵਿਰੋਧ ਇਸ ਲਈ ਹੋ ਰਿਹਾ ਹੈ ਕਿਉਂਕਿ ਵਿਰੋਧੀਆਂ ਨੂੰ ਰਾਮ ਮੰਦਿਰ ਦਾ ਨਿਰਮਾਣ ਬਰਦਾਸ਼ਤ ਨਹੀਂ ਹੋ ਰਿਹਾ। ਸਰਕਾਰ ਨੂੰ ਇਸ ਪੱਧਰ ਦੇ ਪ੍ਰਚਾਰ ਨੂੰ ਹੱਲਾਸ਼ੇਰੀ ਦੇਣਾ ਸ਼ੋਭਾ ਨਹੀਂ ਦਿੰਦਾ।
ਇਹ ਵੀ ਸ਼ੋਭਾ ਨਹੀਂ ਦਿੰਦਾ ਕਿ ਪ੍ਰਧਾਨ ਮੰਤਰੀ ਦਿੱਲੀ ਤੋਂ ਗੁਜਰਾਤ ਜਾ ਕੇ ਕੱਛ ਦੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਨ ਜਿਨ੍ਹਾਂ ਦੀ ਜ਼ਮੀਨ ਖੋਹਣ ਦੇ ਸਰਕਾਰੀ ਫਰਮਾਨ ਵਿਰੁੱਧ ਹਾਈਕੋਰਟ ’ਚ ਹਾਰੇ ਮੁਕੱਦਮੇ ਖ਼ਿਲਾਫ਼ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ’ਚ ਅਪੀਲ ਪਾਈ ਹੋਈ ਹੈ। ਸ਼ੋਭਾ ਇਹੋ ਦਿੰਦਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਅਤੇ ਉਨ੍ਹਾਂ ਦੇ ਸੰਘਰਸ਼ ਵਿਰੁੱਧ ਤੋਹਮਤਬਾਜ਼ੀ ਵਾਲੇ ਝੂਠੇ ਪ੍ਰਚਾਰ ਨੂੰ ਬੰਦ ਕਰਾਏ ਅਤੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਤੇ ਅਜਿਹਾ ਨਵਾਂ ਕਾਨੂੰਨ ਬਣਾਉਣ ਵਲ ਵਧੇ ਜਿਹੜਾ ਸੰਵਿਧਾਨਕ ਹੋਵੇ ਤੇ ਕਿਸਾਨਾਂ ਤੇ ਕਿਸਾਨ ਪੱਖੀ ਅਰਥ ਸ਼ਾਸਤਰੀਆਂ ਨੂੰ ਵੀ ਪ੍ਰਵਾਨ ਹੋਵੇ। ਪਰ ਲੱਗਦਾ ਹੈ ਕਿ ਮੋਦੀ ਸਰਕਾਰ ਨੂੰ ਇਸ ਪਾਸੇ ਲਿਆਉਣ ਲਈ ਕਿਸਾਨਾਂ ਨੂੰ ਹੋਰ ਸੰਘਰਸ਼ ਕਰਨਾ ਪਵੇਗਾ ਕਿਉਂਕਿ ਪ੍ਰਧਾਨ ਮੰਤਰੀ ਨੂੰ ਹਾਲੇ ਤਕ ਇਹੋ ਲੱਗ ਰਿਹਾ ਹੈ ਕਿ ਕਿਸਾਨਾਂ ਨੂੰ ‘ਕੁਝ ਸ਼ੰਕੇ’ ਹਨ ਜਿਹੜੇ ਸਰਕਾਰ ਦੂਰ ਕਰ ਦੇਵੇਗੀ। ਇਹ ਗਲਤ ਫਹਿਮੀ ਨਹੀਂ ਹੈ ਪ੍ਰਚਾਰ ਦੀ ਹੀ ਇਕ ਵੰਨਗੀ ਹੈ: ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਵੱਲੋਂ ਆਪਣੇ ਨਿਸ਼ਾਨੇ ਵਿਰੁੱਧ ਇਕ ਪਾਸੇ ਲਾਂਛਣਬਾਜੀ ਤੇ ਕਿਰਦਾਰਕਸ਼ੀ ਚਲਦੀ ਹੈ, ਦੂਸਰੇ ਪਾਸੇ ਇਸ ਵਲ ਪਿੱਠ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੰਭੀਰ ਬਣੇ ਰਹਿੰਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ