ਦਵਿੰਦਰ ਹੀਉਂ
ਇਟਲੀ, 28 ਦਸੰਬਰ: ਪਿਛਲੇ ਕੁਝ ਸਮੇਂ ਤੋਂ ਇਟਲੀ ਵਿੱਚ ਆ ਕੇ ਪੜ੍ਹਾਈ ਕਰ ਰਹੀਆਂ ਪੰਜਾਬੀ ਧੀਆਂ ਵਲੋਂ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੀਆਂ ਆ ਰਹੀਆਂ ਖਬਰਾਂ ਆਉਣ ਨਾਲ ਸਮੁੱਚੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋ ਰਿਹਾ ਹੈ ਅਤੇ ਇਸ ਨਾਲ ਨਵੀਂ ਪੀੜ੍ਹੀ ਨੂੰ ਵੀ ਆਪਣਾ ਭਵਿੱਖ ਸੰਵਾਰਨ ਲਈ ਵਧੀਆ ਪ੍ਰੇਰਣਾ ਮਿਲ ਰਹੀ ਹੈ। ਤਾਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ ਇਟਲੀ ਦੀ ਰਾਜਧਾਨੀ ਰੋਮ ਸਥਿਤ ‘ਸਪੇਐਨਸਾ ਯੂਨੀਵਰਸਿਟੀ ਰੋਮ’ ਤੋਂ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਰੈਲੇਸ਼ਨ ਦੀ ਪੜ੍ਹਾਈ ਕਰ ਰਹੀ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਕੁਲਾਰ (ਮਲਸੀਆਂ) ਦੇ ਲਾਲਾ ਸ਼ਿਵ ਦਿਆਲ ਦੀ ਪੋਤਰੀ ਰਵੀਨਾ ਕੁਮਾਰ ਨੇ 110 ਵਿੱਚੋਂ 104 ਅੰਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਹੋਣਹਾਰ ਬੇਟੀ ਤੇ ਮਾਣ ਮਹਿਸੂਸ ਕਰਦੇ ਹੋਏ ਉਸ ਦੇ ਪਿਤਾ ਗੁਰਵਿੰਦਰ ਸਿੰਘ ਤੇ ਮਾਤਾ ਸ਼ਕੁੰਤਲਾ ਨੇ ਦੱਸਿਆ ਕਿ ਬੇਟੀ ਰਵੀਨਾ ਦੀ ਮਿਹਨਤ ਅਤੇ ਲਗਨ ਸਦਕਾ ਰੋਮ ਦੇ ਹਵਾਈ ਅੱਡੇ ਤੋਂ ਨੌਕਰੀ ਵਾਸਤੇ ਪਹਿਲਾਂ ਹੀ ਸੱਦਾ ਪੱਤਰ ਪ੍ਰਾਪਤ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਵਿਦੇਸ਼ੀ ਧਰਤੀ ਤੇ ਆ ਸਖਤ ਮਿਹਨਤ-ਮੁਸ਼ੱਕਤ ਕਰ ਰਹੇ ਪ੍ਰੀਵਾਰਾਂ ਦੇ ਬੱਚੇ ਇਸੇ ਤਰ੍ਹਾਂ ਸਾਡੇ ਭਵਿੱਖ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਅੱਗੇ ਆਉਣਗੇ। ਭਾਰਤੀ ਭਾਈਚਾਰੇ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।