Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਸੰਪਾਦਕੀ

ਸਰਕਾਰ ਮੰਗਾਂ ਮੰਨ ਕੇ ਨਾਜ਼ੁਕ ਬਣ ਰਹੀ ਸਥਿਤੀ ਨੂੰ ਟਾਲੇ

January 04, 2021 11:59 AM

ਕਿਸਾਨਾਂ ਨੇ ਆਪਣਾ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਕਰ ਲਿਆ ਹੈ ਜੋ ਕਿ ਤਰਕਸੰਗਤ ਵੀ ਹੈ ਅਤੇ ਉਨ੍ਹਾਂ ਦੇ ਜਮਹੂਰੀ ਅਧਿਕਾਰ ਖੇਤਰ ਵਿੱਚ ਵੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਗਲੇ ਦਿਨਾਂ ਲਈ ਜੋ ਪ੍ਰੋਗਰਾਮ ਉਲੀਕਿਆ ਹੈ, ਉਸ ਤੋਂ ਸਾਫ ਹੈ ਕਿ ਕਿਸਾਨ ਜ਼ਾਬਤੇ ’ਚ ਰਹਿ ਕੇ ਚੌਕਸੀ ਨਾਲ ਆਪਣੀਆਂ ਮੰਗਾਂ ਲਈ ਜ਼ੋਰ ਪਾਉਣ ਲਈ ਅਗਾਂਹ ਵਧ ਰਹੇ ਹਨ। ਉਹ ਆਪਣੇ ਸੰਘਰਸ਼ ’ਚ ਕੋਈ ਖਲਲ ਨਹੀਂ ਪੈਣ ਦੇਣਾ ਚਾਹੁੰਦੇ। ਚਾਰ ਜਨਵਰੀ ਨੂੰ ਕਿਸਾਨਾਂ ਅਤੇ ਮੋਦੀ ਸਰਕਾਰ ਦੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਹੋਣੀ ਪਹਿਲਾਂ ਹੀ ਤੈਅ ਹੈ ਅਤੇ ਪੰਜ ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੈ। ਪਿਛਲੀ ਤਾਰੀਕ ’ਤੇ ਸੁਪਰੀਮ ਕੋਰਟ ਵਲੋਂ ਸਾਲੀਸਿਟਰ ਜਨਰਲ ਤੋਂ ਇਹ ਪੁੱਛਣੀ ਤੇ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਮੁਲਤਵੀ ਨਹੀਂ ਰੱਖ ਸਕਦੀ, ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਇਸ ਬਾਰੇ ਸਰਕਾਰ ਤੋਂ ਪੁੱਛਣਾ ਪਵੇਗਾ। ਪਰ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਤੱਥ ’ਤੇ ਕਿਸਾਨਾਂ ਨੂੰ ਮੁੜ ਜ਼ੋਰ ਪਾਉਣਾ ਪਿਆ ਹੈ। ਅਸਲ ’ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਆਪਣਾ ਪੈਂਤੜਾ ਸਪਸ਼ਟ ਕਰਨ ਲਈ ਹੀ ਦਿੱਲੀ ਦੀ ਪ੍ਰੈਸ ਕਲੱਬ ’ਚ ਪ੍ਰੈਸ ਕਾਨਫਰੰਸ ਕਰਨੀ ਪਈ ਹੈ ਜੋ ਕਿ ਉਨ੍ਹਾਂ ਵੱਲੋਂ ਦਿੱਲੀ ’ਚ ਕੀਤੀ ਪਹਿਲੀ ਪ੍ਰੈਸ ਕਾਨਫਰੰਸ ਸੀ। ਪਿਛਲੇ ਸ਼ਨੀਵਾਰ ਹੋਈ ਇਸ ਸਫਲ ਪ੍ਰੈਸ ਕਾਨਫਰੰਸ ’ਚ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਸੁਣਾਉਂਦਿਆਂ ਮੋਦੀ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਦੀ ਸੁਰਤ ’ਚ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਵੀ ਕੀਤਾ ਗਿਆ। ਪਰ 13 ਜਨਵਰੀ ਨੂੰ ਲੋਹੜੀ ਮੌਕੇ ‘ਕਿਸਾਨ ਸੰਕਲਪ ਦਿਵਸ’ ਵੀ ਮਨਾਇਆ ਜਾਵੇਗਾ ਜਿਸ ’ਚ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣੀਆਂ ਹਨ। ਇਹ ਅੱਛਾ ਰਹੇਗਾ ਕਿ ਸੰਘਰਸ਼ ਕਰਦਿਆਂ ਕਿਸਾਨ 18 ਜਨਵਰੀ ਨੂੰ ‘ਮਹਿਲਾ ਕਿਸਾਨ ਦਿਵਸ’ ਮਨਾਉਣਗੇ। 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਵੀ ਮਨਾਇਆ ਜਾਵੇਗਾ। 1887 ’ਚ ਸੁਭਾਸ਼ ਚੰਦਰ ਬੋਸ ਦਾ ਇਸੇ ਦਿਨ ਕੱਟਕ ’ਚ ਜਨਮ ਹੋਇਆ ਸੀ। 26 ਜਨਵਰੀ ਨੂੰ ਹਜ਼ਾਰਾਂ ਟਰੈਕਟਰ-ਟਰਾਲੀਆਂ ਦਿੱਲੀ ’ਚ ਦਾਖਲ ਹੋਣਗੀਆਂ ਅਤੇ ਕਿਸਾਨਾਂ ਵਲੋਂ ਬਰਾਬਰ ਦੀ ਪਰੇਡ ਕੀਤੀ ਜਾਵੇਗੀ । ਇਸ ਦੀ ਮਸ਼ਕ 6 ਜਨਵਰੀ ਨੂੰ ਹੀ ਕਰ ਲਈ ਜਾਵੇਗੀ।
ਕਿਸਾਨਾਂ ਨੂੰ ਇਹ ਪ੍ਰੋਗਰਾਮ ਬਨਾਉਣ ਲਈ ਕੇਂਦਰ ਦੇ ਸੰਵੇਦਨਹੀਣ ਵਤੀਰੇ ਨੇ ਮਜਬੂਰ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਸੈਂਕੜੇ ਹਜ਼ਾਰਾਂ ਕਿਸਾਨਾਂ ਲਈ ਹਾਲੇ ਤਕ ਇਕ ਸ਼ਬਦ ਨਹੀਂ ਅਹੁੜਿਆ ਹੈ। ਕਿਸਾਨ ਸੰਘਰਸ਼ ਦੌਰਾਨ 50 ਤੋਂ ਵਧ ਕਿਸਾਨਾਂ ਦੀ ਮਿਰਤੂ ਹੋ ਚੁੱਕੀ ਹੈ। ਇਹ ਸਰਕਾਰ ਦੀ ਸੰਵੇਦਨਹੀਣਤਾ ਹੀ ਰਹੀ ਹੈ ਕਿ ਇਸ ਦੁਆਰਾ ਕਿਸਾਨਾਂ, ਕਿਸਾਨ ਸੰਘਰਸ਼ ਅਤੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗਲਤ ਪ੍ਰਚਾਰ ਹਾਲੇ ਵੀ ਬੰਦ ਨਹੀਂ ਕੀਤਾ ਗਿਆ ਹੈ। ਪਿਛਲੀ 30 ਦਸੰਬਰ ਦੀ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਦੀ ਗੱਲਬਾਤ ਤੋਂ ਬਾਅਦ ਵੀ ਸਰਕਾਰ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਿਵੇਂ ਸਰਕਾਰ ਨੇ ਕਿਸਾਨਾਂ ਦੀਆਂ ਦੋ ਵੱਡੀਆਂ ਮੰਗਾਂ ਮੰਨ ਲਈਆਂ ਹਨ। ਅੱਜ ਦੀ, 4 ਜਨਵਰੀ ਦੀ ਗੱਲਬਾਤ ਤੋਂ ਪਹਿਲਾਂ ਇਸੇ ਲਈ ਕਿਸਾਨਾਂ ਨੂੰ ਮੁੜ ਸਪਸ਼ਟ ਕਰਨਾ ਪਿਆ ਹੈ ਕਿ ਉਹ ਦਿੱਲੀ ਦੀਆਂ ਸੀਮਾਵਾਂ ’ਤੇ ਤਿੰਨੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਏ ਬੈਠੇ ਹਨ।
ਸਥਿਤੀ ਇਹ ਹੈ ਕਿ ਤਿੰਨੋਂ ਨਵੇਂ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਜਲਾਉਣ ਸੰਬੰਧੀ ਆਰਡੀਨੈਂਸ ਦੀ ਕੋਈ ਵੀ ਮੱਦ ਜਾਂ ਪੱਖ ਅਜਿਹਾ ਨਹੀਂ ਰਿਹਾ ਹੈ ਜਿਸ ’ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਨਾ ਹੋ ਚੁੱਕਾ ਹੋਵੇ। ਤੱਥ ਇਹ ਹੈ ਕਿ ਸਰਕਾਰ ਕੋਲ ਕਿਸਾਨ ਆਗੂਆਂ ਦੀਆਂ ਦਲੀਲਾਂ ਦਾ ਜਵਾਬ ਨਹੀਂ ਹੈ। ਜੇਕਰ ਸਰਕਾਰ ਵਿਵਾਦ ਵਾਲੇ ਇਹ ਖੇਤੀ ਕਾਨੂੰਨ ਵਾਪਸ ਲੈਣ ਨੂੰ ਵੱਕਾਰ ਦਾ ਸਵਾਲ ਬਣਾਈ ਬੈਠੀ ਹੈ, ਜਿਸ ਤਰ੍ਹਾਂ ਕਿ ਕੁੱਛ ਕਿਸਾਨ ਆਗੂ ਆਖਦੇ ਹਨ, ਤਾਂ ਇਹ ਸਰਕਾਰ ਲਈ ਨਿਹਾਇਤ ਸ਼ਰਮਨਾਕ ਗੱਲ ਹੈ। ਕਿਸਾਨਾਂ ਨੇ ਅਜਿਹੇ ਅਨੁਸ਼ਾਸਨ ਤੇ ਭਾਈਚਾਰੇ ਦੀ ਭਾਵਨਾ ਨਾਲ ਆਪਣਾ ਹੱਕੀ ਸੰਘਰਸ਼ ਜਾਰੀ ਰੱਖਿਆ ਹੈ ਜਿਸ ਦੀ ਸਾਰੇ ਪਾਸਿਆਂ ਤੋਂ ਪ੍ਰਸ਼ਸਾ ਹੋਈ ਹੈ। ਇਸ ਨਾਲ ਇਕ ਨਵੀਂ ਮਿਸਾਲ ਬਣੀ ਹੈ ਜੋ ਇਤਿਹਾਸ ’ਚ ਕਾਇਮ ਰਹੇਗੀ। ਹੁਣ ਜੇਕਰ ਚਾਰ ਜਨਵਰੀ ਦੀ ਮੀਟਿੰਗ ਵਿੱਚ ਵੀ ਸਰਕਾਰ ਦੁਆਰਾ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕਿਸਾਨਾਂ ਵਲੋਂ ਕੀ ਕੀਤਾ ਜਾਣਾ ਹੈ, ਇਸ ਬਾਰੇ ਕਿਸਾਨ ਅਗਲੇ ਤਿੰਨ ਹਫਤਿਆਂ ਦਾ ਪ੍ਰੋਗਰਾਮ ਰੱਖ ਚੁੱਕੇ ਹਨ। ਜੇਕਰ ਸਰਕਾਰ ਨੂੰ ਆਪਣੇ ਲੋਕਾਂ ਦੀ ਥਾਂ ਆਪਣੀ ਜ਼ਿਦ ਜਾਂ ਵੱਕਾਰ ਜ਼ਿਆਦਾ ਪਿਆਰਾ ਹੈ ਤਾਂ ਇਸ ਨਾਲੋਂ ਮੰਦਭਾਗੀ ਗੱਲ ਹੋਰ ਨਹੀਂ ਹੋ ਸਕਦੀ। ਬਹਰਹਾਲ, ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਕੁਲ ਸਥਿਤੀ ਬੇਹਦ ਨਾਜ਼ੁਕ ਬਣਨ ਵਲ ਵਧ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ