Monday, March 01, 2021 ePaper Magazine
BREAKING NEWS
ਬਠਿੰਡਾ- ਡਿਵਾਈਡਰ ਨਾਲ ਟਕਰਾਈ ਕਾਰ, ਦੋ ਮੌਤਾਂ ਤੇ ਚਾਰ ਜ਼ਖਮੀਤਰਨਤਾਰਨ- ਨਸ਼ੇ ਦਾ ਓਵਰਡੋਜ਼ ਲੈਣ ਨਾਲ 36 ਸਾਲਾ ਨੌਜਵਾਨ ਦੀ ਮੌਤ400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਨਗਰ ਕੀਰਤਨ ਸਜਾਇਆਜਨ ਅੰਦੋਲਨ ਮੁਹਿੰਮ ਕੋਰੋਨਾ ਤਹਿਤ ਪੋਸਟਰਾਂ ਰਾਹੀਂ ਕੀਤਾ ਜਾਗਰੂਕਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀਸਿਹਤ ਬੀਮਾ ਯੋਜਨਾ ਦੀਆਂ ਸੇਵਾਵਾਂ ਦੇਣ ਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਿਲਐਸਜੀਪੀਸੀ ਵੱਲੋਂ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਆਰੰਭਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਜਥੇ ਨੂੰ ਰੋਕਣਾ ਸਿੱਖਾਂ ਨੂੰ ਰਹੇਗਾ ਰੜਕਦਾ-ਜਗੀਰ ਕੌਰ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਪੰਜਾਬ ਕੇਂਦਰੀ ਯੂਨੀਵਰਸਿਟੀ 12ਵਾਂ ਸਥਾਪਨਾ ਦਿਵਸਸਾਕਾ ਸ੍ਰੀ ਨਨਕਾਣਾ ਸਾਹਿਬ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ 'ਚ ਵਿਸ਼ਾਲ ਗੁਰਮੀਤ ਸਮਾਗਮ

ਸੰਪਾਦਕੀ

ਟਰੰਪ ਨੇ ਜਮਹੂਰੀਅਤ ਦੀਆਂ ਸੀਮਾਵਾਂ ਨੂੰ ਨੰਗਾ ਕੀਤਾ

January 09, 2021 11:34 AM

ਆਖਰ ਡੋਨਾਲਡ ਟਰੰਪ ਦੇ ਕੂੜ-ਪ੍ਰਚਾਰ ਕਾਰਨ ਅਮਰੀਕਾ ਦੀ ਜਮਹੂਰੀਅਤ ਦੇ ਇਤਹਾਸ ’ਚ ਇਕ ਅਜਿਹਾ ਕਾਲਾ ਪੰਨਾ ਜੁੜ ਗਿਆ ਹੈ ਜਿਸ ਲਈ ਜਮਹੂਰੀਅਤ ਪਸੰਦ ਅਮਰੀਕੀ ਲੋਕ ਅਹੁਦਾ ਛੱਡ ਦੇ ਜਾ ਰਹੇ ਆਪਣੇ 46ਵੇਂ ਰਾਸ਼ਟਰਪਤੀ, ਡੋਨਾਲਡ ਟਰੰਪ, ਨੂੰ ਕਦੇ ਮੁਆਫ਼ ਨਹੀਂ ਕਰਣਗੇ। ਅਮਰੀਕਾ ’ਚ ਹਰੇਕ ਚਾਰ ਸਾਲ ਬਾਅਦ 3 ਨਵੰਬਰ ਨੂੰ ਰਾਸ਼ਟਰਪਤੀ ਚੁਨਣ ਲਈ ਚੋਣਾਂ ਹੁੰਦੀਆਂ ਹਨ ਅਤੇ ਇਨ੍ਹਾਂ ਚੋਣਾਂ ’ਚੋਂ ਜੇਤੂ ਰਿਹਾ ਉਮੀਦਵਾਰ 20 ਜਨਵਰੀ ਨੂੰ ਵ੍ਹਾਈਟ ਹਾਊਸ ’ਚ ਜਾ ਵੱਸਦਾ ਹੈ ਜਿਸ ਨਾਲ ਨਵੇਂ ਰਾਸ਼ਟਰਪਤੀ ਦਾ ਕਾਰਜਕਾਲ ਅਰੰਭ ਹੋ ਜਾਂਦਾ ਹੈ। ਚੋਣ ਨਤੀਜੇ ਤੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦਰਮਿਆਨ ਦੇ ਸਮੇਂ ਦੌਰਾਨ ਅਮਰੀਕੀ ਸਰਕਾਰੀ ਤੰਤਰ ਤੇ ਪ੍ਰਸ਼ਾਸਨ ਆ ਰਹੇ ਰਾਸ਼ਟਰਪਤੀ ਲਈ ਤਿਆਰ ਹੋਣ ਲਗਦਾ ਹੈ। ਆ ਰਹੇ ਨਵੇਂ ਰਾਸ਼ਟਰਪਤੀ ਦਾ ਹੁਕਮ ਮੰਨਿਆ ਜਾਣ ਲਗਦਾ ਹੈ। ਇਸ ਤਰ੍ਹਾਂ ਅਮਰੀਕਾ ’ਚ ਸੱਤਾ ਦੀ ਤਬਦੀਲੀ ਹੁੰਦੀ ਹੈ । ਮੰਨਿਆ ਜਾਂਦਾ ਰਿਹਾ ਹੈ ਕਿ ਸੱਤਾ ਦੀ ਤਬਦੀਲੀ ਦੀ ਇਹ ਪ੍ਰਕਿਰਿਆ ਆਰਾਮ ਨਾਲ ਅਮਲ ਵਿਚ ਆਉਣ ਵਾਲੀ ਪ੍ਰਕਿਰਿਆ ਹੁੰਦੀ ਹੈ। ਦੇਰ ਤੋਂ ਇਸ ਤਰ੍ਹਾਂ ਹੀ ਹੁੰਦਾ ਆਇਆ ਹੈ।
ਪਰ ਇਸ ਵਾਰ, ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦੀ ਚੋਣ ਹਾਰ ਜਾਣ ਤੋਂ ਬਾਅਦ ਅਤੇ ਜੋਏ ਬਾਇਡਨ ਦੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਸੱਤਾ ਪਰਿਵਰਤਨ ਦੀ ਪ੍ਰਕਿਰਿਆ ਦਾ ਦੌਰ ਅਮਰੀਕਾ ਨੂੰ ਸ਼ਰਮਿੰਦਾ ਕਰਨ ਵਾਲਾ ਹੋ ਨਿਬੜਿਆ ਹੈ। ਇਸ ਦਾ ਅੰਤ ਅਜਿਹੀ ਸਿਖਰ ’ਚ ਹੋਇਆ ਹੈ ਜਿਸਨੇ ਅਮਰੀਕੀ ਜਮਹੂਰੀਅਤ ਲਈ ਹੀ ਖ਼ਤਰੇ ਦੀਆਂ ਘੰਟੀਆਂ ਖੜਕਾ ਦਿੱਤੀਆਂ ਹਨ।
ਅਸਲ ’ਚ ਇਸ ਦਾ ਮੁੱਢ ਚੋਣ ਨਤੀਜਿਆਂ ਦੇ ਸਮੇਂ ਹੀ ਬੱਝਣਾ ਸ਼ੁਰੂ ਹੋ ਗਿਆ ਸੀ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਹਾਰ ਪ੍ਰਵਾਨ ਕਰਨ ਦੇ ਰੌਂ ’ਚ ਹੀ ਨਹੀਂ ਦਿਖ ਰਹੇ ਸਨ ਸਗੋਂ ਆਖਰੀ ਸਟੇਟ ਦਾ ਨਤੀਜਾ ਵੀ ਉਲਟ ਆਉਣ ਤੋਂ ਬਾਅਦ ਇਹ ਫਰਮਾਉਣ ਲੱਗੇ ਸਨ ਕਿ ਉਨ੍ਹਾਂ ਦੀ ਜਿੱਤ ਚੋਰੀ ਕਰ ਲਈ ਗਈ ਹੈ। ਟਰੰਪ ਲਗਾਤਾਰ ਆਪਣੇ ਸਮਰਥਕਾਂ ਨੂੰ ਮਨਾਉਂਦੇ ਰਹੇ ਹਨ ਕਿ ਰਾਸ਼ਟਰਪਤੀ ਦੀਆਂ ਚੋਣਾਂ ’ਚ ਧਾਂਦਲੀ ਹੋਈ ਹੈ ਪਰ ਹਾਰ ਤੋਂ ਬਾਅਦ ਵੀ ਹਾਰ ਪ੍ਰਵਾਨ ਨਾ ਕਰਨ ਨਾਲ ਟਰੰਪ ਦਾ ਆਪਣੀ ਪਾਰਟੀ ਵਿਚ ਵੀ ਵਿਰੋਧ ਉਠ ਪਿਆ ਸੀ ਪਰ ਟਰੰਪ ਨੇ ਆਪਣਾ ਪ੍ਰਚਾਰ ਜਾਰੀ ਰੱਖਿਆ ਅਤੇ ਆਪਣੇ ਹਿਮਾਇਤੀਆਂ ਦਾ ਗੁੱਸਾ ਵਧਾਉਂਦੇ ਰਹੇ ਜਿਹੜੇ ਕਿ ਪਹਿਲਾਂ ਹੀ ਜਮਹੂਰੀਅਤ ’ਚ ਗੋਰਿਆਂ ਦੀ ਸਰਵਉੱਚਤਾ ਨਾ ਰਹਿਣ ਕਾਰਨ ਹਰਖ਼ ਪਾਲ਼ੀ ਬੈਠੇ ਹਨ।
ਜਿਵੇਂ ਜਿਵੇਂ ਰਾਜਾਂ ’ਚ ਡੋਨਾਲਡ ਟਰੰਪ ਹਾਰਦੇ ਗਏ ਅਤੇ ਹਾਰ ਬਾਅਦ ਅਦਾਲਤਾਂ ਉਨ੍ਹਾਂ ਦੀਆਂ ਅਰਜੀਆਂ ਰੱਦ ਕਰਕੇ ਉਨ੍ਹਾਂ ਦੀ ਹਾਰ ’ਤੇ ਮੋਹਰ ਲਾਉਂਦੀਆਂ ਗਈਆਂ, ਤਿਵੇਂ ਤਿਵੇਂ ਡੋਨਾਲਡ ਟਰੰਪ ਆਪਣੀ ਕੁਰਸੀ ਨੂੰ ਹੋਰ ਘੁੱਟ ਕੇ ਫੜ੍ਹਦੇ ਗਏ। ਉਨ੍ਹਾਂ ਨੇ ਇਥੋਂ ਤੱਕ ਆਖ ਦਿੱਤਾ ਕਿ ਉਹ 20 ਜਨਵਰੀ ਨੂੰ ਵੀ ਵ੍ਹਾਈਟ ਹਾਊਸ ਖਾਲੀ ਨਹੀਂ ਕਰਨਗੇ।
ਚੋਣ ਕਰਨ ਵਾਲੀਆਂ ਸੰਸਥਾਵਾਂ ’ਤੇ ਡੋਨਾਲਡ ਟਰੰਪ ਦਾ ਜ਼ੋਰ ਨਹੀਂ ਚੱਲਿਆ, ਸੁਪਰੀਮ ਕੋਰਟ ਨੇ ਉਨ੍ਹਾਂ ਦੀ ਹਾਰ ਨੂੰ ਜਿੱਤ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਜੋ ਬਾਇਡਨ ਦੀ ਜਿੱਤ ’ਤੇ ਸੰਸਦ ਵੱਲੋਂ ਮੋਹਰ ਲਾਉਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕੈਪੀਟਲ ਹਿਲ ਦੇ ਇਲਾਕੇ ’ਚ ਬੁਲਾਇਆ, ਉਨ੍ਹਾਂ ਨੂੰ ਭੜਕਾਇਆ। ਨਤੀਜੇ ਵਜੋਂ ਟਰੰਪ ਸਮਰਥਕ ਧੱਕੇ ਨਾਲ ਸੰਸਦ ਦੇ ਅੰਦਰ ਵੜ੍ਹ ਗਏ। ਸਾਂਸਦਾਂ ਨੂੰ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਨੱਠਣਾ ਪਿਆ। ਟਰੰਪ ਦੇ ਸਮਰਥਕਾਂ ਨੇ ਸੰਸਦ ਅੰਦਰ ਗੋਲੀ ਚਲਾਈ, ਭੰਨ-ਤੋੜ ਕੀਤੀ ਅਤੇ ਫਾਈਲਾਂ ਆਦਿ ਖਿੰਡਾਈਆਂ ਤੇ ਕੁਝ ਸਮਾਨ ਵੀ ਚੋਰੀ ਕੀਤਾ। ਪੁਲਿਸ ਦੇ ਦਖ਼ਲ ਨਾਲ ਚਾਰ ਟਰੰਪ ਸਮਰਥਕ ਮਾਰੇ ਗਏ। ਕੁਝ ਘੰਟਿਆਂ ਬਾਅਦ ਇਕ ਜ਼ਖ਼ਮੀ ਪੁਲਿਸ ਅਫਸਰ ਵੀ ਮਾਰਿਆ ਗਿਆ। ਪੂਰੇ ਅਮਰੀਕਾ ’ਚ ਤੜਥੱਲੀ ਮਚ ਗਈ । ਜੋ ਬਾਇਡਨ ਨੇ ਟਰੰਪ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮਰਥਕਾਂ ਨੂੰ ਇਥੋਂ ਕੱਢੇ। ਹਿੰਸਾ ਬਾਅਦ ਅਮਰੀਕੀ ਸੰਸਦ ਨੇ ਵੀ ਜੋ ਬਾਇਡਨ ਦੀ ਜਿੱਤ ’ਤੇ ਮੋਹਰ ਲਾ ਦਿੱਤੀ।
ਆਖਰ ਡੋਨਾਲਡ ਟਰੰਪ ਨੇ ਸਨੇਹਾ ਦਿੱਤਾ ਕਿ ਸੱਤਾ ਪਰਿਵਰਤਨ ਆਮ ਵਾਂਗ ਹੋਵੇਗਾ। ਪਰ ਉਹ ਇਹ ਕਹਿਣਾ ਨਹੀਂ ਭੁੱਲੇ ਕਿ ਤੱਥ ਉਨ੍ਹਾਂ ਦੇ ਨਾਲ ਹਨ, ਉਨ੍ਹਾਂ ਦੀ ਜਿੱਤ ਚੁਰਾ ਲਈ ਗਈ ਹੈ। ਇਹ ਇਕ ਮਹਾਨਤਮ ਦੌਰ ਦਾ ਅੰਤ ਹੈ ਅਤੇ ਅਮਰੀਕਾ ਨੂੰ ਮੁੜ ਮਹਾਨ ਬਨਾਉਣ ਦੀ ਸ਼ੁਰੂਆਤ ਹੈ। ਜੋਏ ਬਾਇਡਨ ਨੇ ਇਸ ਘਟਨਾ ਨੂੰ ਦੇਸ਼ ਧਰੋਹ ਆਖਦਿਆਂ ਕਿਹਾ ਹੈ ਕਿ ਅਮਰੀਕਾ ’ਚ ਜਮਹੂਰੀਅਤ ਦੀ ਬਹਾਲੀ ਕੀਤੀ ਜਾਵੇਗੀ। ਜਾ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰ ਵੀ ਕਈ ਕਾਰਵਾਈਆਂ ਕੀਤੀਆਂ ਹਨ ਜਿਨ੍ਹਾਂ ਨੂੰ ਨਿਯਮ ਤੋੜਨ ਵਾਲੀਆਂ ਕਿਹਾ ਜਾ ਸਕਦਾ ਹੈ। ਸੰਸਦ ’ਤੇ ਹਮਲੇ ਬਾਅਦ ਟਰੰਪ ਰਿਪਬਲਿਕਨ ਪਾਰਟੀ ਅੰਦਰ ਵੀ ਅਲਗ ਥਲਗ ਹੋ ਚੁੱਕੇ ਹਨ। ਅਮਰੀਕਾ ਲਈ ਇਹ ਭਾਰੀ ਸ਼ਰਮਿੰਦਿਗੀ ਦਾ ਸਬੱਬ ਹੈ ਕਿ ਉਨ੍ਹਾਂ ਦੇ ਰਾਸ਼ਟਰਪਤੀ ਦੇ ਟਵਿਟਰ, ਫੇਸਬੁੱਕ ਅਤੇ ਇੰਸਟਾਗਰਾਮ ਵਗੈਰਾ ਦੇ ਅਕਾਊਂਟ ਅਣਮਿਥੇ ਸਮੇਂ ਲਈ ਬਲਾਕ ਕਰ ਦਿੱਤੇ ਗਏ ਹਨ। ਦੁਨੀਆ ਭਰ ’ਚ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਨਿੰਦਾ ਹੋ ਰਹੀ ਹੈ।
ਬਹਰਹਾਲ, ਵੱਡਾ ਸਵਾਲ, ਜੋ ਭਾਰਤ ਲਈ ਵੀ ਸੰਦਰਭ ਰੱਖਦਾ ਹੈ, ਇਹ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੇ ਵਿਅਕਤੀ ਆਉਂਦੇ ਕਿਥੋਂ ਹਨ ਜੋ ਖ਼ੁਦ ਜਮਹੂਰੀ ਢੰਗ ਨਾਲ ਤਾਕਤ ਹਾਸਲ ਕਰਦੇ ਹਨ ਅਤੇ ਫਿਰ ਜਮਹੂਰੀ ਸੰਸਥਾਵਾਂ ਦਾ ਹੀ ਘਾਣ ਕਰਨ ਲਗਦੇ ਹਨ। ਇਸ ਸਵਾਲ ਦਾ ਜਵਾਬ ਲਭੱਣ ਲਈ ਸਾਨੂੰ ਜਮਹੂਰੀਅਤ ਦੀਆਂ ਮਨੁੱਖ ਵਿਰੋਧੀ ਕਰੂਰ ਸੀਮਾਵਾਂ ਵਲ ਝਾਂਕਣਾ ਪਵੇਗਾ ਅਤੇ ਇਹ ਸਮਝਣਾ ਪਵੇਗਾ ਕਿ ਇਹ ਨਿਜ਼ਾਮ ਅਸਲ ’ਚ ਬਰਾਬਰੀ ਵਾਲਾ ਨਹੀਂ ਹੈ, ਇਹ ਜ਼ੋਰਾਵਰ ਨੂੰ ਖੁੱਲ੍ਹ ਖੇਡਣ ਦਾ ਮੌਕਾ ਦਿੰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਅਮਰੀਕਾ ਜਮਹੂਰੀਅਤ ਦੀਆਂ ਖਾਸੀਅਤਾਂ ਜ਼ਾਹਰ ਕਰਦੇ ਹੋਏ 5 ਮੌਤਾਂ ਦਾ ਨਤੀਜਾ ਕੱਢਣ ਵਾਲੀ ਹਿੰਸਾ ਨੂੰ ਭੜਕਾਉਣ ਵਾਲੇ ਖ਼ਿਲਾਫ਼ ਕੀ ਕਾਰਵਾਈ ਕਰਦਾ ਹੈ। ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ ’ਚ ਟਰੰਪ ਜਿਹੀਆਂ ਹਸਤੀਆਂ ਪੈਦਾ ਕਰਨ ਵਾਲੀਆਂ ਪ੍ਰਸਥਿਤੀਆਂ ਬਣੀਆਂ ਰਹਿਣੀਆਂ ਹਨ। ਅਸਲ ਜ਼ਿੰਮੇਵਾਰ ਇਹੋ ਪ੍ਰਸਥਿਤੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ