ਬ੍ਰਿਸਬੇਨ/10 ਜਨਵਰੀ/ਏਜੰਸੀਆਂ : ਭਾਰਤ ਸਰਕਾਰ ਦੁਆਰਾ ਲਿਆਂਦੇ ਗਏ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ । ਇਹ ਸੰਘਰਸ਼ ਜੋ ਪੰਜਾਬ ਤੋਂ ਸ਼ੁਰੂ ਹੋਇਆ ਸੀ, ਹੁਣ ਇਸ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ ਰਹੀ ਹੈ । ਇਸ ਸੰਘਰਸ਼ ਵਿੱਚ ਦਾਨੀ ਸੱਜਣ ਦਿਲ ਖੋਲ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ । ਇਸ ਕੜੀ ਤਹਿਤ ਆਸਟ੍ਰੇਲੀਆ ਦੇ ਕੂਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬਿ੍ਰਸਬੇਨ ਦੇ ਅਮਰੀਕਨ ਕਾਲਜ ਦੇ ਡਾਇਰੈਕਟਰ ਡਾਕਟਰ ਬਰਨਾਰਡ ਮਲਿਕ ਨੇ ਇੱਕ ਬਹੁਤ ਹੀ ਅਹਿਮ ਐਲਾਨ ਕੀਤਾ ਹੈ ।
ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਸ਼ਹੀਦ ਪਰਿਵਾਰ ਦੇ ਬੱਚਿਆਂ ਨੂੰ ਉਹ ਬਿਲਕੁਲ ਮੁਫਤ ਸਿੱਖਿਆ ਪ੍ਰਦਾਨ ਕਰਨਗੇ । ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਲਜ ਵਿੱਚ ਬਿਜ਼ਨੈੱਸ, ਕਮਰਸ਼ੀਅਲ ਕੁੱਕਰੀ, ਲੀਡਰਸ਼ਿਪ ਅਤੇ ਆਟੋਮੋਟਿਵ ਦੀ ਪੜ੍ਹਾਈ ਕਰਵਾਈ ਜਾਂਦੀ ਹੈ । ਇਨ੍ਹਾਂ ਕਿੱਤਾ ਮੁਖੀ ਕੋਰਸਾਂ ਵਿੱਚ ਵਿੱਚ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਦਿੱਤੀ ਜਾਵੇਗੀ । ਡਾਕਟਰ ਬਰਨਾਰਡ ਮਲਿਕ ਦੇ ਇਸ ਸਹਿਯੋਗ ਲਈ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ।