ਨਵੀਂ ਦਿੱਲੀ, 11 ਜਨਵਰੀ (ਏਜੰਸੀ) : 08 ਜਨਵਰੀ ਨੂੰ ਪੈਨਗੋਂਗ ਝੀਲ ਦੇ ਦੱਖਣ ਵਿੱਚ ਗੁਰੂੰਗ ਹਿੱਲ ਨੇੜੇ ਨਜ਼ਰਬੰਦ ਕੀਤੇ ਗਏ ਪੀ.ਐਲ.ਏ ਦੇ ਸਿਪਾਹੀ ਨੂੰ 72 ਘੰਟੇ ਬਾਅਦ ਸੋਮਵਾਰ ਸਵੇਰੇ 10.10 ਵਜੇ ਚੀਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਚੁਸ਼ੂਲ-ਮੋਲਡੇ ਬੈਠਕ ਬਿੰਦੂ 'ਤੇ ਦੋਵਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਵਿੱਚਕਾਰ ਇੱਕ ਬੈਠਕ ਹੋਈ ਸੀ, ਜਿਸ ਵਿੱਚ ਨਿਰਧਾਰਤ ਵਿਧੀ ਅਨੁਸਾਰ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਸੀ। ਪੀਐਲਏ ਸਿਪਾਹੀ ਨੂੰ ਵਾਪਸ ਕਰਨ ਲਈ ਬੇਨਤੀ ਕੀਤੀ ਗਈ ਸੀ।
ਇੰਡੀਅਨ ਆਰਮੀ ਨੇ 08 ਜਨਵਰੀ ਦੀ ਸਵੇਰ ਨੂੰ ਪੈਨਗੋਂਗ ਝੀਲ ਦੇ ਦੱਖਣ ਵਿੱਚ, ਗੁਰੰਗ ਹਿੱਲ ਨੇੜੇ ਭਾਰਤੀ ਖੇਤਰ ਵਿੱਚ ਘੁੰਮਦੇ ਹੋਏ ਚੀਨ ਦੀ ਸੈਨਾ ਦੇ ਇੱਕ ਜਵਾਨ ਨੂੰ ਕਬਜ਼ੇ 'ਚ ਲਿਆ ਸੀ। ਭਾਰਤੀ ਫ਼ੌਜ ਨੇ ਉਸੇ ਸਮੇਂ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੂੰ ਜਾਣਕਾਰੀ ਦਿੱਤੀ ਸੀ, ਉਸ ਨੂੰ ਕੈਦ ਕਰਨ ਤੋਂ ਬਾਅਦ ਪੁੱਛਗਿੱਛ ਸ਼ੁਰੂ ਕੀਤੀ ਸੀ। ਭਾਰਤੀ ਜਾਂਚ ਏਜੰਸੀਆਂ ਨੇ ਜਾਸੂਸੀ ਕੋਣ ਦੀ ਵੀ ਜਾਂਚ ਕੀਤੀ। ਭਾਰਤ ਨੂੰ ਖ਼ਦਸ਼ਾ ਸੀ ਕਿ ਚੀਨੀ ਸੈਨਿਕ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਭਾਰਤੀ ਖੇਤਰ ਦੀ ਜਾਸੂਸੀ ਕਰ ਰਿਹਾ ਸੀ। ਇਹੀ ਕਾਰਨ ਹੈ ਕਿ ਉਸ ਨੂੰ ਕੈਦ ਵਿਚ ਲੈਣ ਤੋਂ ਬਾਅਦ ਫੌਜ ਦੇ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਅਤੇ ਜਾਸੂਸੀ ਦੇ ਕੋਣ ਨਾਲ ਜਾਂਚ ਸ਼ੁਰੂ ਕੀਤੀ। ਇਸ ਗੱਲ ਦੀ ਵੀ ਜਾਂਚ ਕੀਤੀ ਗਈ ਕਿ ਉਸਨੇ ਕਿਸ ਸਥਿਤੀ ਵਿੱਚ ਐਲਏਸੀ ਨੂੰ ਪਾਰ ਕੀਤਾ। ਜਾਂਚ ਵਿੱਚ ਪਾਇਆ ਗਿਆ ਕਿ ਉਹ ਅਣਜਾਣੇ ਵਿੱਚ ਸਰਹੱਦ ਪਾਰ ਕਰ ਗਿਆ ਸੀ।