ਲੋਹੜੀ ਦਾ ਸਰਦ ਮੌਸਮ ’ਚ ਹਰ ਸਾਲ ਮਨਾਇਆ ਜਾਂਦਾ ਤਿਉਹਾਰ ਇਸ ਸਾਲ ਦੇਸ਼ ਅਤੇ ਖਾਸ ਕਰ ਪੰਜਾਬ ਦੇ ਕਿਸਾਨ ਕੁੱਝ ਵੱਖਰੀ ਤਰ੍ਹਾਂ ਮਨਾਉਣਗੇ। ਥਾਂ-ਥਾਂ ਮਘਾਈਆਂ ਅੱਗਾਂ ’ਚ ਇਸ ਵਾਰ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣੀਆਂ ਹਨ। ਪੰਜਾਬ ’ਚ ਇਸ ਵਾਰ ਦੀ ਲੋਹੜੀ ਕੁੱਛ ਉਦਾਸੀ ਵੀ ਲੈ ਕੇ ਆਵੇਗੀ ਕਿਉਂਕਿ ਰਾਜ ਦੇ ਵੱਡੀ ਗਿਣਤੀ ’ਚ ਕਿਸਾਨ ਲੰਮੀ ਦੇਰ ਤੋਂ ਘਰਾਂ ’ਚ ਨਹੀਂ ਹਨ। ਇਹ ਕਿਸਾਨ ਕਈ ਮਹੀਨੀਆਂ ਤੋਂ ਮੋਦੀ ਸਰਕਾਰ ਦੇ ਧੱਕੇ ਨਾਲ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੜਾਈ ਲੜ ਰਹੇ ਹਨ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਬੈਠਿਆਂ ਨੂੰ ਕੋਈ ਡੇਢ ਮਹੀਨਾ ਬੀਤ ਚੁੱਕਿਆ ਹੈ। ਸਖ਼ਤ ਪਾਲੇ ’ਚ ਉਹ ਖੁਲ੍ਹੇ ਆਸਮਾਨ ਹੇਠ ਆਪਣਾ ਡੇਰਾ ਜਮਾਈ ਬੈਠੇ ਰਹੇ ਹਨ ਅਤੇ ਕੇਂਦਰ ਦੀ ਸਰਕਾਰ ਵਿਰੁੱਧ ਜੱਦੋ-ਜਹਿਦ ਕਰਦੇ ਰਹੇ ਹਨ। ਲੋੜ੍ਹੀ ਵਾਲਾ ਦਿਨ ਉਨ੍ਹਾਂ ਲਈ ਸਰਦ ਦਿਨਾਂ ਦੇ ਪਰਤ ਜਾਣ ਦਾ ਸੁਨੇਹਾ ਲੈ ਕੇ ਆਵੇਗਾ।
ਤਿਉਹਾਰ ’ਤੇ ਸੋਗ ਦਾ ਸਾਇਆ ਕੁੱਛ ਇਸ ਕਰਕੇ ਵੀ ਰਹੇਗਾ ਕਿਉਂਕਿ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਲਈ ਲੜ ਰਹੇ ਸੱਠ ਤੋਂ ਵਧ ਕਿਸਾਨ ਪਰਾਏ ਥਾਂ ਆਪਣੀ ਜਾਨ ਗੁਆ ਚੁੱਕੇ ਹਨ। ਮਾਰੇ ਗਏ ਇਨ੍ਹਾਂ ਕਿਸਾਨਾਂ ਵਿਚ ਅੱਸੀ ਪ੍ਰਤੀਸ਼ਤ ਤੋਂ ਵਧ ਮੌਤਾਂ ਪੰਜਾਬ ਦੇ ਪਲੇ ਹੀ ਪਈਆਂ ਹਨ। ਪਰ ਇਸ ਸੋਗ ਦੇ ਬਾਜਜੂਦ ਖੇਤੀ ਕਾਨੂੰਨ ਦੀਆਂ ਕਾਪੀਆਂ ਲੋਹੜੀ ਦੀ ਅੱਗ ਦੀਆਂ ਲਪਟਾਂ ਨੂੰ ਜ਼ਰੂਰ ਵਧਾਉਣਗੀਆਂ। ਦੁੱਲਾ ਭੱਟੀ ਨੂੰ ਤਾਂ ਲੋਹੜੀ ਦੇ ਨਾਲ ਯਾਦ ਕੀਤਾ ਹੀ ਜਾਂਦਾ ਹੈ ਪਰ ਹਿਸ ਵਾਰ ਸੱਤਾ ਦਾ ਵਿਰੋਧ ਵਖਰੇ ਰੰਗ ’ਚ ਸਮਝਿਆ ਜਾਵੇਗਾ। ‘ਸੁੰਦਰ ਸੁੰਦਰੀਏ’ ਤਾਂ ਪਹਿਲਾਂ ਨਾਲੋਂ ਸ਼ਾਇਦ ਵਧੇਰੇ ਗੁੰਜੇਗਾ ਹੀ ਪਰ ਇਸ ਵਾਰ ਇਸ ’ਚ ਜ਼ੋਰਦਾਰ ਦੀ ਖੈਅ ਦਾ ਸੁਰ ਉਚੇਚਾ ਰਹੇਗਾ।
ਆਪਣੇ ਖੇਤਾਂ ਤੇ ਰਿਜ਼ਕ ਦੀ ਰੱਖਿਆ ਕਰਨ ਲਈ ਕਿਸਾਨ ਮਾਰੂ ਨਵੇਂ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਦਿੱਲੀ ਪਹੁੰਚੇ ਕਿਸਾਨਾਂ ਨੂੰ ਜਿਵੇਂ ਨਵੇਂ ਵਰ੍ਹੇ ਦੀ ਆਮਦ ਦਾ ਸਵਾਗਤ ਘਰਾਂ ਤੋਂ ਦੂਰ ਆਪਣੇ ਸੰਘਰਸ਼ ਦੇ ਮੈਦਾਨ ਵਿਚ ਹੀ ਕਰਨਾ ਪਿਆ ਹੈ, ਉਸ ਤਰ੍ਹਾਂ ਹੀ ਸਾਲ ਦਾ ਪਹਿਲਾ ਵੱਡਾ ਤਿਉਹਾਰ ਵੀ ਮੈਦਾਨ ਵਿਚ ਹੀ ਮਨਾਉਣਾ ਪਵੇਗਾ। ਜਿਸ ਤੋਂ ਬਾਅਦ 26 ਜਨਵਰੀ ਤੱਕ ਦਾ ਆਪਣਾ ਪ੍ਰੋਗਰਾਮ ਕਿਸਾਨਾਂ ਨੇ ਵਖਰੇ ਜੋਸ਼ ਨਾਲ ਸਿਰੇ ਲਾਉਣਾ ਹੈ।
ਪੰਜਾਬ ਦੇ ਕਿਸਾਨ ਦੇਸ਼ ਦੀ ਸਮੁੱਚੀ ਕਿਸਾਨੀ ਦੀ ਲੜਾਈ ਮੂਹਰੇ ਹੋ ਕੇ ਲੜ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਨੇ ਸਭ ਪਾਸਿਆਂ ਤੋਂ ਪ੍ਰਸ਼ੰਸਾ ਖਟੀ ਹੈ। ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਸੂਤਰ ਵਿਚ ਪਰੋਨ ਦਾ ਕੰਮ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਫਲਤਾ ਨਾਲ ਕੀਤਾ ਹੈ। ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਦਾ ਇਸ ’ਚ ਵੀ ਖਾਸ ਯੋਗਦਾਨ ਰਿਹਾ ਹੈ। ਪਰ ਇਸ ਦੀ ਪੰਜਾਬ ਦੇ ਕਿਸਾਨਾਂ ਨੂੰ ਕੀਮਤ ਵੀ ਜ਼ਿਆਦਾ ਚੁਕਾਉਣੀ ਪਈ ਹੈ। ਇਸ ਕਰਕੇ ਤਿਉਹਾਰ ਵਾਲੇ ਦਿਨ ਅਫਸੋਸ ਦੇ ਪ੍ਰਗਟਾਵਿਆਂ ਦਾ ਵੀ ਸਾਥ ਰਹੇਗਾ ਪਰ ਕਿਸਾਨ ਆਪਣਾ ਮੰਤਵ ਪ੍ਰਾਪਤ ਕਰਨ ਦੇ ਇਰਾਦੇ ਨੂੰ ਡੋਲਣ ਨਹੀਂ ਦੇਣਗੇ। ਯਾਦ ਰਹੇ ਕਿ ਲੋਹੜੀ ਵਾਲੇ ਦਿਨ ਤੋਂ ਬਾਅਦ ਰਾਤਾਂ ਛੋਟੀਆਂ ਅਤੇ ਚਾਨਣ ਭਰੇ ਦਿਨ ਵਡੇਰੇ ਹੋਣ ਲਗਦੇ ਹਨ ਅਤੇ ਸਰਦੀ ਦਾ ਮੌਸਮ ਖਤਮ ਹੋਣ ਲਗਦਾ ਹੈ। ਬਦਲਦੇ ਮੌਸਮਾਂ ਦੇ ਅਰਥ ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ।