1249 ਕਰੋੜ ਲਾਗਤ ਨਾਲ 1200 ਪਿੰਡਾਂ ਦੇ ਤਿੰਨ ਲੱਖ ਤੋਂ ਵੱਧ ਘਰਾਂ ਨੂੰ ਮਿਲੇਗਾ ਲਾਭ
ਚੰਡੀਗੜ੍ਹ,14 ਜਨਵਰੀ (ਏਜੰਸੀ) : ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਜਾਂਚ ਅਤੇ ਨਿਗਰਾਨੀ ਤੋਂ ਪਤਾ ਲੱਗਾ ਹੈ ਕਿ ਮਾਲਵਾ ਬੈਲਟ ਦੇ ਕੁਝ ਖੇਤਰ ਯੂਰੇਨੀਅਮ ਅਤੇ ਫਲੋਰਾਈਡ ਨਾਲ ਜਦੋਂਕਿ ਮਾਝੇ ਦੇ ਕੁੱਝ ਪਿੰਡ ਆਰਸੇਨਿਕ ਨਾਲ ਪ੍ਰਭਾਵਿਤ ਹਨ। ਹੁਣ ਤੱਕ, 815 ਆਬਾਦੀਆਂ ਆਰਸੈਨਿਕ, 319 ਆਬਾਦੀਆਂ ਫਲੋਰਾਈਡ ਅਤੇ 252 ਆਬਾਦੀਆਂ ਯੂਰੇਨੀਅਮ ਨਾਲ ਪ੍ਰਭਾਵਿਤ ਹਨ। ਰਾਜ ਦੇ ਅਜਿਹੇ ਖ਼ਰਾਬ ਪਾਣੀ ਵਾਲੇ ਪਿੰਡਾਂ ਨੂੰ ਸਾਫ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅਜਿਹੇ ਪਿੰਡਾਂ ਨੂੰ ਨਹਿਰਾਂ ਤੋਂ ਪਾਣੀ ਲੈ ਕੇ ਸਾਫ ਪਾਣੀ ਸਪਲਾਈ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਪੰਜਾਬ ਨੇ ਛੇ ਜ਼ਿਲਿਆਂ ਮੋਗਾ, ਅੰਮਿ੍ਰਤਸਰ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ ਅਤੇ ਫਤਿਹਗੜ ਸਾਹਿਬ ਵਿੱਚ 11 ਨਹਿਰੀ-ਪਾਣੀ ਆਧਾਰਤ ਜਲ ਸਪਲਾਈ ਪ੍ਰਾਜੈਕਟ ਸ਼ੁੁਰੂ ਕੀਤੇ ਹਨ, ਜਿਨਾਂ ਵਿੱਚੋਂ ਮੋਗਾ ਜ਼ਿਲੇ ਦਾ ਪ੍ਰਾਜੈਕਟ ਇਸ ਮਹੀਨੇ ਚਾਲੂ ਹੋ ਜਾਵੇਗਾ ਅਤੇ ਬਾਕੀ 9 ਪ੍ਰਾਜੈਕਟ ਦਸੰਬਰ 2022 ਤੱਕ ਲਾਗੂ ਕਰ ਦਿੱਤੇ ਜਾਣਗੇ। ਇਨਾਂ ’ਚੋਂ ਇੱਕ ਪ੍ਰਾਜੈਕਟ ਮਾਰਚ, 2022 ਤੱਕ ਮੁਕੰਮਲ ਹੋ ਜਾਏਗਾ। ਇਹ ਪ੍ਰਾਜੈਕਟ ਮੁਕੰਮਲ ਹੋਣ ’ਤੇ ਮੋਗਾ, ਪਟਿਆਲਾ, ਫਤਿਹਗੜ ਸਾਹਿਬ, ਅੰਮਿ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਤਕਰੀਬਨ 1200 ਪਿੰਡਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਗੇ। ਵਿਭਾਗ ਵੱਲੋਂ ਖ਼ਰਾਬ ਪਾਣੀ ਵਾਲੇ ਪਿੰਡਾਂ ਵਿੱਚ ਕਮਿਊਨਿਟੀ ਵਾਟਰ ਟਰੀਟਮੈਂਟ ਪਲਾਂਟ/ਆਰ.ਓ. ਪਲਾਂਟ ਲਗਾ ਕੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਦੇ ਯਤਨ ਵੀ ਕੀਤੇ ਜਾ ਰਹੇ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲਂੋ ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਜਿੱਥੇ ਕਿਤੇ ਪਾਣੀ ਦੇ ਦੂਸ਼ਿਤ ਹੋਣ ਦੀ ਰਿਪੋਰਟ ਪ੍ਰਾਪਤ ਹੁੰਦੀ ਹੈ, ਉੱਥੇ ਲੋਕਾਂ ਨੂੰ ਵਾਟਰ ਟਰੀਟਮੈਂਟ ਪਲਾਂਟਾਂ ਰਾਹੀ ਪੀਣ ਵਾਲੇ ਸਾਫ ਪਾਣੀ ਦੀ ਸਹੁਲਤ ਮੁਹੱਈਆ ਕਰਵਾਈ ਜਾਂਦੀ ਹੈ। ਨਹਿਰੀ ਪਾਣੀ ਅਧਾਰਤ ਮੋਗਾ, ਪਟਿਆਲਾ, ਫਤਹਿਗੜ ਸਾਹਿਬ, ਅੰਮਿ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ ਵਿਚ 11 ਪ੍ਰੋਜੈਕਟ ਚੱਲ ਰਹੇ ਹਨ ਜਿਨਾਂ ਦੀ ਕੁੱਲ ਲਾਗਤ 1249 ਕਰੋੜ ਰੁਪਏ ਹੈ। ਇਨਾਂ ਪ੍ਰੋਜੈਕਟਾਂ ਦੇ ਪੂਰਾ ਹੋ ਜਾਣ ਨਾਲ ਕੁੱਲ 1205 ਪਿੰਡਾਂ ਦੇ 3 ਲੱਖ 9 ਹਜ਼ਾਰ 302 ਘਰਾਂ ਨੂੰ ਲਾਭ ਪੁੱਜੇਗਾ।