ਇਤਹਾਸਕ ਬਣਨ ਜਾ ਰਿਹਾ ਸੋਲਾਂ ਜਨਵਰੀ ਦਾ ਦਿਨ ਹੁਣ ਦੂਰ ਨਹੀਂ ਰਿਹਾ ਹੈ। ਇਸ ਦਿਨ ਭਾਰਤ ਵਿੱਚ ਕੋਵਿਡ-19 ਮਹਾਮਾਰੀ ਵਿਰੁੱਧ ਫੈਸਲਾਕੁਨ ਲੜਾਈ ਸ਼ੁਰੂ ਹੋਣ ਵਾਲੀ ਹੈ ਅਤੇ ਨਿਸ਼ਚੇ ਹੀ ਇਸ ’ਚ ਦੇਸ਼ਵਾਸੀਆਂ ਦੀ ਹੀ ਜਿੱਤ ਹੋਣੀ ਤੈਅ ਹੈ। ਸੋਲਾਂ ਜਨਵਰੀ ਨੂੰ ਕੋਵਿਡ-19 ਮਹਾਮਾਰੀ ਦੀ ਮਾਰ ਤੋਂ ਬਚਣ ਲਈ ਜ਼ਰੂਰੀ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ। ਜਦੋਂ ਤੋਂ, ਪਿਛਲੇ ਤੋਂ ਪਿਛਲੇ ਸਾਲ ਦੇ ਦਸੰਬਰ ਮਹੀਨੇ ਤੋਂ ਨਵੀਨ ਕੋਰੋਨਾ ਵਿਸ਼ਾਣੂ ਦੁਆਰਾ ਫੈਲਾਈ ਜਾ ਰਹੀ ਕੋਵਿਡ-19 ਮਹਾਮਾਰੀ ਦਾ ਪਤਾ ਚੱਲਿਆ ਸੀ, ਜਿਸ ਨੇ ਥੋੜੇ ਜਿਹੇ ਸਮੇਂ ਵਿੱਚ ਹੀ ਸਮੁੱਚੇ ਸੰਸਾਰ ਦੇ ਵਾਸੀਆਂ ਨੂੰ ਆਪਣੀ ਜਕੜ ’ਚ ਲੈਣਾ ਅਰੰਭ ਦਿੱਤਾ ਸੀ, ਤਦ ਤੋਂ ਹੀ ਇਕ ਅਜਿਹੇ ਟੀਕੇ ਦੀ ਉਡੀਕ ਹੋਣ ਲੱਗੀ ਸੀ ਜਿਸ ਨਾਲ ਮਹਾਮਾਰੀ ਦਾ ਅਸਰ ਖ਼ਤਮ ਹੋ ਸਕੇ। ਤਦ ਦੁਨੀਆਂ ਭਰ ਦੇ ਵਿਗਿਆਨੀ ਇਸ ਟੀਕੇ ਨੂੰ ਇਜ਼ਾਦ ਕਰਨ ਵਿੱਚ ਜੁੱਟ ਗਏ ਸਨ। ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ, ਵਿਗਿਆਨੀਆਂ ਦੀ ਕਾਬਲੀਅਤ ਅਤੇ ਮਿਹਨਤ ਅਤੇ ਜੁਟਾਏ ਅਥਾਹ ਸਰੋਤਾਂ ਕਰਕੇ ਲਗਭਗ ਇਕ ਸਾਲ ਅੰਦਰ ਹੀ ਕੋਵਿਡ-19 ਮਹਾਮਾਰੀ ਦੇ ਇਲਾਜ ਲਈ ਵੈਕਸੀਨ ਤਿਆਰ ਹੋ ਗਈ ਹੈ ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ। ਇਸ ’ਚ ਰੋਗਾਣੂ ਬਾਰੇ ਪ੍ਰਾਪਤ ਜਾਣਕਾਰੀ ਨੂੰ ਵਿਸ਼ਵ ਭਰ ਦੇ ਸੰਬੰਧਿਤ ਵਿਗਿਆਨੀਆਂ ’ਚ ਸਾਂਝਾ ਕਰਨ ਦਾ ਵੀ ਯੋਗਦਾਨ ਰਿਹਾ। ਨਤੀਜੇ ਵਜੋਂ ਕਈ ਦੇਸ਼ਾਂ ਵਿੱਚ ਇਸ ਮਹਾਮਾਰੀ ਦੇ ਇਲਾਜ ਲਈ ਟੀਕੇ ਹੋਂਦ ਵਿੱਚ ਆ ਗਏ।
ਭਾਰਤ ਵਿੱਚ ਆਕਸਫੋਰਡ ਯੂਨੀਵਰਸਿਟੀ ਅਤੇ ਬਰਤਾਨਵੀ ਤੇ ਸਵੀਡਨ ਦੀ ਫਾਰਮਾ ਕੰਪਨੀ ਦੁਆਰਾ ਤਿਆਰ ਕੀਤਾ ‘ਕੋਵਿਸ਼ੀਲਡ’ ਨਾਮ ਦਾ ਟੀਕਾ ਅਤੇ ਭਾਰਤ ਬਾਇਓਟੈਕ ਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ- ਇੰਡੀਅਨ ਇੰਸਟੀਚਿਊਟ ਆਫ਼ ਵਾਇਰੌਲੋਜੀ - ਦੁਆਰਾ ਸਾਂਝੇ ਤੌਰ ’ਤੇ ਇਜਾਦ ਕੀਤਾ ‘ਕੋਵੈਕਸੀਨ’ ਨਾਮ ਦਾ ਟੀਕਾ ਵਰਤਿਆ ਜਾਣਾ ਹੈ। ਸਭ ਤੋਂ ਪਹਲਿਾਂ 3 ਕਰੋੜ ਸਿਹਤ ਕਰਮੀਆਂ ਤੇ ਫਰੰਟ ਲਾਇਨ ਕਾਮਿਆਂ ਦੇ ਟੀਕਾ ਲੱਗੇਗਾ। ਦੂਸਰੇ ਪੜਾਅ ਵਿੱਚ 27 ਕਰੋੜ ਪੰਜਾਹ ਸਾਲ ਤੋਂ ਵਧ ਦੀ ਉਮਰ ਦੇ ਅਤੇ ਵੱਡੀਆਂ ਬਿਮਾਰੀਆਂ ਰੱਖਦੇ ਭਾਰਤੀ ਨਾਗਰਿਕਾਂ ਨੂੰ ਟੀਕੇ ਲਾਏ ਜਾਣਗੇ। ਹਰੇਕ ਦੇ ਕੁਝ ਦਿਨਾਂ ਦੀ ਵਿੱਥ ’ਤੇ ਦੋ ਟੀਕੇ ਲਾਏ ਜਾਣੇ ਹਨ। ਇਸ ਤਰ੍ਹਾਂ 60 ਕਰੋੜ ਟੀਕਿਆਂ ਦੀ ਲੋੜ ਪਵੇਗੀ। ਇਹ ਟੀਕੇ ਲਾਏ ਜਾਣ ਦੀ ਸਮੁੱਚੀ ਪ੍ਰਕਿਰਿਆ ’ਤੇ ਅੱਠ ਮਹੀਨੇ ਤੱਕ ਲੱਗ ਜਾਣ ਦੀ ਉਮੀਦ ਹੈ। ਇਸ ਪ੍ਰਕਿਰਿਆ ’ਚ ਟੀਕਾ ਲਾਉਣ ਵਾਲਿਆਂ ਦੀ ਗਿਣਤੀ ਵੀ ਇਕ ਲੱਖ ਤੋਂ ਵਧ ਹੋ ਸਕਦੀ ਹੈ। ਪ੍ਰਕਿਰਿਆ ਸਿਰੇ ਲਾਉਣ ਲਈ ਰੱਖਿਆ ਮੰਤਰਾਲੇ ਸਮੇਤ 20 ਮੰਤਰਾਲਿਆਂ ਦਰਮਿਆਨ ਤਾਲਮੇਲ ਬਿਠਾਇਆ ਗਿਆ ਹੈ।
ਟੀਕਾਕਰਨ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਆਬਾਦੀ ਦੇ ਟੀਕਾ ਲਾਉਣ ਦੀ ਮਸ਼ਕ ਵੀ ਅਜ਼ਮਾਈ ਜਾ ਚੁੱਕੀ ਹੈ। ਕੋਈ 736 ਜ਼ਿਲਿ੍ਹਆਂ ’ਚ ਇਹ ਮਸ਼ਕ (ਡਰਾਈ ਰਨ) ਕੀਤੀ ਗਈ ਸੀ ਜੋ ਕੁਲ ਮਿਲਾ ਕੇ ਠੀਕ ਹੀ ਰਹੀ ਹੈ ਪਰ ਕੁੱਛ ਵੱਡੀਆਂ ਕਮੀਆਂ ਵੀ ਸਾਹਮਣੇ ਆਈਆਂ ਹਨ ਜਿਹੜੀਆਂ ਅਸਲ ਟੀਕਾ ਮੁਹਿੰਮ ਸਮੇਂ ਵੱਡੀਆਂ ਔਕੜਾਂ ਖੜੀਆਂ ਕਰ ਸਕਦੀਆਂ ਹਨ। ਕਈ ਥਾਵਾਂ ਤੋਂ ਕੋਵਿਨ-ਐਪ ਯੋਜਨਾ ਅਨੁਸਾਰ ਟੀਕਾ ਲਗਵਾਉਣ ਦੀ ਵਾਰੀ ਵਾਲੇ ਲੋਕਾਂ ਦੇ ਨਾਮ ਨਹੀਂ ਦਿਖਾ ਸਕੀ ਅਤੇ ਕਈ ਥਾਈਂ ਪਿੰਡ ਹੀ ਨਕਸ਼ੇ ’ਤੇ ਨਹੀਂ ਆ ਸਕੇ। ਸਰਵਰ ਦੀਆਂ ਪਰੇਸ਼ਾਨੀਆਂ ਵੀ ਜਾਰੀ ਹਨ।
ਭਾਰਤ ਜਿਹੇ ਦੇਸ਼ ’ਚ ਟੀਕੇ ਦੀ ਆਮ ਲੋਕਾਂ ਵਲੋਂ ਪ੍ਰਵਾਨਗੀ ਅਤੇ ਇਸ ਦੀ ਮਹਾਮਾਰੀ ਤੋਂ ਬਚਾਉਣ ਦੀ ਸਮਰੱਥਾ ਬਾਰੇ ਭਰੋਸੇਯੋਗਤਾ ਸਮੁੱਚੀ ਟੀਕਾ ਮੁਹਿੰਮ ਦੀ ਕਾਮਯਾਬੀ ਲਈ ਬੇਹੱਦ ਮਹੱਤਵ ਰੱਖਦੀ ਹੈ। ਅਫਸੋਸ ਹੈ ਕਿ ਸਰਕਾਰ ਨੇ ਕੋਵਿਡ-19 ਮਹਾਮਾਰੀ ਦਾ ਟੀਕਾ ਬਣਾਉਣ ’ਚ ਦੇਸ਼ ਨੂੰ ਆਤਮਨਿਰਭਰ ਵਿਖਾਉਣ ਦੀ ਕਾਹਲ ਨਾਲ ਦੇਸੀ ਕੋਵੈਕਸੀਨ ਬਾਰੇ ਵਿਵਾਦ ਖੜਾ ਕਰ ਲਿਆ ਹੈ। ਇਸ ਟੀਕੇ ਦੇ ਤੀਜੇ ਪੜਾਅ ਦੀ ਪਰਖ ਹਾਲੇ ਚੱਲ ਰਹੀ ਹੈ ਅਤੇ ਇਸ ਦੀ ਕਾਰਗਰੀ ਬਾਰੇ ਅੰਕੜੇ ਹਾਲੇ ਦਰਸਾਏ ਨਹੀਂ ਗਏ ਹਨ। ਪਰਖ ਮੁਕੰਮਲ ਹੋਣ ਬਾਅਦ ਹੀ ਇਸ ਦਾ ਪ੍ਰਚਾਰ ਹੋਣਾ ਚਾਹੀਦਾ ਸੀ। ਦੂਸਰੇ ਪੜਾਅ ਦੇ ਟੀਕਾਕਰਨ ਸਮੇਂ ਤਕ ਸੰਭਵ ਤੌਰ ’ਤੇ ਅੰਕੜੇ ਆ ਜਾਣਗੇ। ਕੁਝ ਸਮੇਂ ਬਾਅਦ ਹੋਰ ਕੰਪਨੀਆਂ ਦੇ ਵੀ ਟੀਕੇ ਭਾਰਤ ’ਚ ਵਰਤੇ ਜਾ ਸਕਦੇ ਹਨ। ਉਮੀਦ ਹੈ ਕਿ ਮਹਾਮਾਰੀ ’ਤੇ ਕਾਬੂ ਪਾਉਣ ਦੇ ਯਤਨ ਤਸੱਲੀਦਾਇਕ ਢੰਗ ਨਾਲ ਸਫਲ ਹੋਣਗੇ।