ਫਰੰਟ ਲਾਈਨ 'ਤੇ ਡਟੇ ਹੈਲਥ ਕੇਅਰ ਵਰਕਰਾਂ ਦੇ ਲਗੇਗਾ ਕੋਰੋਨਾ ਟੀਕਾ
ਚੰਡੀਗੜ੍ਹ,15 ਜਨਵਰੀ (ਏਜੰਸੀ) : ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕਰਦਿਆਂ ਕਿਹਾ ਕਿ 16 ਜਨਵਰੀ ਨੂੰ ਲੱਗਣ ਵਾਲੇ ਕੋਰੋਨਾ ਟੀਕਾਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਹਿਲਾਂ ਹੈਲਥ ਕੇਅਰ ਵਰਕਰਾਂ (ਕੇਂਦਰੀ, ਰਾਜ ਅਤੇ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ) ਦਾ ਟੀਕਾਕਰਣ ਉਨਾਂ ਦੀ ਸਹਿਮਤੀ ਨਾਲ ਸੂਬੇ ਦੀਆਂ 59 ਥਾਵਾਂ ’ਤੇ ਕੀਤਾ ਜਾਵੇਗਾ। ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਸਾਰੇ ਜ਼ਿਲਾ ਕੋਲਡ ਚੇਨ ਸਟੋਰਾਂ ਨੂੰ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ।ਇਨਾਂ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਟੀਕਾਕਰਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਥਾਵਾਂ ’ਤੇ ਭਾਰਤ ਸਰਕਾਰ ਦੇ ਤੈਅ ਸੁਰੱਿਖਆ ਮਾਪਦੰਡਾਂ (ਐਸ.ਓ.ਪੀਜ਼) ਅਨੁਸਾਰ ਇੱਕ ਟੀਕਾਕਰਣ ਅਭਿਆਸ ਵੀ ਕੀਤਾ ਗਿਆ।ਉਨਾਂ ਸਪੱਸ਼ਟ ਕੀਤਾ ਕਿ ਸਿਰਫ਼ ਰਜਿਸਟਰਡ ਲਾਭਪਾਤਰੀਆਂ (ਹੈਲਥ ਕੇਅਰ ਵਰਕਰਾਂ), ਜਿਨਾਂ ਦੇ ਵੇਰਵੇ ਕੋਵਿਨ ਪੋਰਟਲ ’ਤੇ ਦਰਜ ਹਨ, ਦਾ ਹੀ ਟੀਕਾਕਰਣ ਕੀਤਾ ਜਾਵੇਗਾ।
ਜ਼ਿਲਿਆਂ ਨੂੰ ਸਪਲਾਈ ਕੀਤੀਆਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਸਬੰਧੀ ਵੇਰਵੇ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਜ਼ਿਲਾ ਅੰਮਿ੍ਰਤਸਰ ਨੂੰ 20,880, ਬਰਨਾਲਾ ਨੂੰ 41,60, ਬਠਿੰਡਾ ਨੂੰ 12,430, ਫ਼ਰੀਦਕੋਟ ਨੂੰ 5,030, ਫ਼ਤਿਹਗੜ ਸਾਹਿਬ ਨੂੰ 4,400, ਫਾਜ਼ਿਲਕਾ ਨੂੰ 4,670, ਫਿਰੋਜ਼ਪੁਰ ਨੂੰ 6,200, ਗੁਰਦਾਸਪੁਰ ਨੂੰ 9,790 ਨੂੰ, ਹੁਸ਼ਿਆਰਪੁਰ ਨੂੰ 9,570, ਜਲੰਧਰ ਨੂੰ 16,490, ਕਪੂਰਥਲਾ ਨੂੰ 4,600, ਲੁਧਿਆਣਾ ਨੂੰ 36,510, ਮਾਨਸਾ ਨੂੰ 3,160, ਮੋਗਾ ਨੂੰ 2,600, ਪਠਾਨਕੋਟ ਨੂੰ 5,860, ਪਟਿਆਲਾ ਨੂੰ 11,080, ਰੂਪਨਗਰ ਨੂੰ 6,360, ਸੰਗਰੂਰ ਨੂੰ 7,660, ਐਸ.ਏ.ਐਸ. ਨਗਰ ਨੂੰ 13,640, ਐਸ.ਬੀ.ਐਸ. ਨਗਰ ਨੂੰ 5,300, ਸ੍ਰੀ ਮੁਕਤਸਰ ਸਾਹਿਬ ਨੂੰ 5,420 ਅਤੇ ਤਰਨਤਾਰਨ ਜ਼ਿਲੇ ਨੂੰ 8,210 ਖੁਰਾਕਾਂ ਦੀ ਵੰਡ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਹੈਲਥ ਕੇਅਰ ਵਰਕਰਾਂ ਲਈ ਵੈਕਸੀਨ ਦੀਆਂ ਖੁਰਾਕਾਂ ਦੀ ਵੰਡ ਡਾਟਾਬੇਸ ਦੇ ਅਧਾਰ ’ਤੇ ਅਨੁਪਾਤ ਵਿੱਚ ਕੀਤੀ ਗਈ ਹੈ ਅਤੇ ਹਰੇਕ ਸਾਈਟ ’ਤੇ ਵੱਧ ਤੋਂ ਵੱਧ 100 ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਜਿਨਾਂ ਟੀਕਾਕਰਣ ਸਾਈਟਾਂ ‘ਤੇ ਪਹਿਲੀ ਖੁਰਾਕ ਮੁਹੱਈਆ ਕਰਵਾਈ ਜਾ ਚੁੱਕੀ ਹੈ, ਅਜਿਹੀਆਂ ਸਾਈਟਾਂ ’ਤੇ 28 ਦਿਨਾਂ ਬਾਅਦ ਦੂਜੀ ਖੁਰਾਕ ਦੇਣ ਲਈ ਪੋ੍ਰਟੋਕੋਲ ਅਨੁਸਾਰ ਜ਼ਰੂਰੀ ਯੋਜਨਾ ਬਣਾਈ ਜਾਵੇਗੀ।