ਪੰਚਕੂਲਾ/16 ਜਨਵਰੀ/ਪੀ. ਪੀ. ਵਰਮਾ: ਰਾਏਪੁਰਰਾਣੀ ਦੇ ਪੋਲਟਰੀ ਫਾਰਮਾਂ ਅੱਜ ਵੀ ਮੁਰਗੀਆਂ ਮਾਰਨ ਦਾ ਕੰਮ ਰੈਪਿਡ ਐਕਸ਼ਨ ਟੀਮ ਵੱਲੋਂ ਚਲਦਾ ਰਿਹਾ। ਟੀਮ ਵੱਲੋਂ ਹੁਣ ਤੱਕ ਰਾਏਪੁਰਰਾਣੀ ਦੇ ਪੋਲਟਰੀ ਫਾਰਮਾਂ ਵਿੱਚ 57150 ਮੁਰਗੀਆਂ ਮਾਰੀਆਂ ਜਾ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ 1870 ਅੰਡੇ ਵੀ ਨਸ਼ਟ ਕੀਤੇ ਜਾ ਚੁੱਕੇ ਹਨ। ਬਰਡ ਫਲੂ ਸਪੈਸ਼ਲ ਟਾਸਕ ਫੋਰਸ ਦੁਆਰਾ ਇਹਨਾਂ ਮੁਰਗੀਆਂ ਨੂੰ ਮਾਰਨ ਤੋਂ ਬਾਅਦ ਜੇਸੀਬੀ ਦੀ ਮੱਦਦ ਨਾਲ ਟੋਆ ਪੱਟ ਕੇ ਨਾਲ ਦੀ ਨਾਲ ਦਬਾ ਦਿੱਤਾ ਜਾਂਦਾ ਹੈ। ਹਰ ਰੋਜ਼ ਦੀ ਤਰ੍ਹਾਂ ਟੀਮਾਂ ਸਵੇਰੇ 11 ਵਜੇ ਆਪਣਾ ਇਹ ਓਪਰੇਸ਼ਨ ਸ਼ੁਰੁ ਕਰਦੀਆਂ ਹਨ। ਟੀਮ ਜਦੋਂ ਮੁਰਗੀਆਂ ਮਾਰਨ ਦਾ ਕੰਮ ਕਰਦੀ ਹੈ ਤਾਂ ਪਹਿਲਾਂ ਇਸ ਏਰੀਏ ਨੂੰ ਇੱਕ ਕਿਲੋਮੀਟਰ ਤੱਕ ਚੰਗੀ ਤਰ੍ਹਾਂ ਸ਼ੀਲ ਕਰ ਦਿੱਤਾ ਜਾਂਦਾ ਹੈ ਤਾਂ ਜੋ ਇਸ ਏਰੀਏ ਵਿੱਚ ਕੋਈ ਆ-ਜਾ ਨਾ ਸਕੇ। ਲੋਕਾਂ ਦੀ ਇਸ ਇਲਾਕੇ ਵਿੱਚ ਆਉਣ ਦੀ ਸਖ਼ਤ ਮਨਾਹੀ ਹੈ। ਡੀਸੀ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਟਾਸਕ ਟੀਮ ਆਪਣਾ ਕੰਮ ਤੇਜ਼ੀ ਨਾਲ ਖਤਮ ਕਰ ਰਹੀ ਹੈ ਤਾਂ ਜੋ ਫਲੂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।