ਪੰਚਕੂਲਾ/16 ਜਨਵਰੀ/ਪੀ. ਪੀ. ਵਰਮਾ: ਕੋਵਿਡ-19 ਨੂੰ ਰੋਕਣ ਲਈ ਭਾਰਤੀ ਕੋਰੋਨਾ ਵੈਕਸੀਨ “ਜ਼ਿੰਦਗੀ ਦਾ ਟੀਕਾ” ਲਗਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ। ਪਹਿਲਾ ਟੀਕਾ ਸੈਕਟਰ-4 ਦੀ ਡਿਸਪੈਂਸਰੀ ਦੀ ਹੈਲਥ ਵਰਕਰ ਸਰੋਜ ਬਾਲਾ ਨੂੰ ਲਗਾਇਆ ਗਿਆ। ਹੁਣ ਦੂਜਾ ਟੀਕਾ ਸਰੋਜ ਬਾਲਾ ਨੂੰ 28 ਦਿਨਾਂ ਬਾਅਦ ਲਗਾਇਆ ਜਾਵੇਗਾ। ਸਰੋਜ ਬਾਲਾ ਨੇ ਕਿਹਾ ਕਿ ਉਸਨੂੰ ਬੇਹੱਦ ਖ਼ੁਸ਼ੀ ਹੈ ਕਿ ਦੇਸ਼ ਵਿੱਚ ਬਣਾਈ ਵੈਕਸੀਨ ਦਾ ਟੀਕਾ ਉਸਨੂੰ ਲਗਾਇਆ ਗਿਆ ਤੇ ਉਸਨੂੰ ਇਹ ਮਾਣ ਰਹੇਗਾ ਕਿ ਪੰਚਕੂਲਾ ਵਿੱਚ ਵੈਕਸੀਨ ਦੀ ਸ਼ੁਰੁਆਤ ਉਸ ਤੋਂ ਹੋਈ। ਉਹਨਾਂ ਦੱਸਿਆ ਕਿ ਉਹ ਸੈਕਟਰ-4 ਦੀ ਡਿਸਪੈਂਸਰੀ ਵਿੱਚ ਹੀ ਨੌਕਰੀ ਕਰਦੀ ਹੈ। ਇਸ ਮੌਕੇ ਤੇ ਹਰਿਆਣਾ ਸਿਹਤ ਵਿਭਾਗ ਦੇ ਸੀਨੀਅਰ ਆਈਏਐੱਸ ਅਧਿਕਾਰੀ ਰਾਜੀਵ ਅਰੋੜਾ ਵੀ
ਮਜੌਦ ਸਨ। ਜਿਨ੍ਹਾਂ ਨੇ ਦੇਸ ਦੇ ਪ੍ਰਧਾਨ ਮੰਤਰੀ ਦਾ ਪਹਿਲਾਂ ਭਾਸ਼ਣ ਸੁਣਿਆ ਅਤੇ ਫਿਰ ਵੈਕਸੀਨ ਲਗਾਉਣ ਦਾ ਉਦਘਾਟਨ ਕੀਤਾ। ਰਾਜੀਵ ਅਰੋੜਾ
ਨੇ ਦੱਸਿਆ ਕਿ ਹਰਿਆਣਾ ਵਿੱਚ 77 ਥਾਵਾਂ ਤੇ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਲਈ ਸੈਂਟਰ ਨਿਰਧਾਰਿਤ ਕੀਤੇ ਗਏ ਹਨ। ਉਹਨਾਂ ਦੱਸਿਆ
ਕਿ ਅੱਜ ਹਰਿਆਣਾ ਭਰ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਕੋਰੋਨਾ ਵੈਕਸੀਨ ਲਗਾਉਣ ਮੌਕੇ ਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਤੇ ਸ਼ਾਮਲ ਸਨ। ਵੈਕਸੀਨ ਦਾ ਸ਼ੁਰੂਆਤੀ ਅਭਿਆਨ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇਗਾ ਅਤੇ ਫਿਰ ਦੂਜੇ ਫਰੰਟਲਾਈਨ ਵਰਕਰਾਂ ਨੂੰ ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮ ਸ਼ਾਮਲ ਹੋਣਗੇ।