ਏਜੰਸੀਆਂ
ਨਵੀਂ ਦਿੱਲੀ/17 ਜਨਵਰੀ : ਪ੍ਰਸਿੱਧ ਭਾਰਤੀ ਸ਼ਾਸਤਰੀ ਸੰਗੀਤਕਾਰ ਉਸਤਾਦ ਗ਼ੁਲਾਮ ਮੁਸਤਫ਼ਾ ਖ਼ਾਨ (89) ਦਾ ਦੁਪਹਿਰ 12:37 ਵਜੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੀ ਨੂੰਹ ਨਮਰਤਾ ਗੁਪਤਾ ਖ਼ਾਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਖ਼ਾਨ ਸਾਹਿਬ ਸਵੇਰੇ ਉਠਦਿਆਂ ਠੀਕ ਸਨ।
ਦੁਪਹਿਰੇ ਸਾਢੇ ਕੁ 12 ਵਜੇ ਮਾਲਸ਼ ਕਰਵਾਉਂਦਿਆਂ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਡਾਕਟਰਾਂ ਤੱਕ ਪਹੁੰਚ ਕਰਦੇ ਖ਼ਾਨ ਸਾਹਿਬ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ। ਖ਼ਾਨ ਸਾਹਿਬ ਨੂੰ 2019 ਵਿਚ ਦਿਮਾਗ਼ੀ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦਾ ਖੱਬਾ ਪਾਸਾ ਮਾਰਿਆ ਗਿਆ ਸੀ । ਤਿੰਨ ਮਾਰਚ 1931 ਨੂੰ ਬਦਾਯੂੰ ਵਿਚ ਜਨਮੇ ਗ਼ੁਲਾਮ ਮੁਸਤਫ਼ਾ ਖ਼ਾਨ ਨੂੰ ਸੰਗੀਤ ਪ੍ਰਤੀ ਸੇਵਾਵਾਂ ਬਦਲੇ 1991 ਵਿਚ ਪਦਮਸ਼੍ਰੀ, 2006 ਵਿਚ ਪਦਮ ਭੂਸ਼ਣ ਤੇ 2018 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਮੁੰਬਈ ਦੇ ਸਾਂਤਾਕਰੂਜ਼ ਕਬਰਸਿਤਾਨ ਵਿਚ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।