- ਕਿਸਾਨੀ ਲਾਮਬੰਦੀ ’ਚ ਜੁਟੀਆਂ ਪਿੰਡ ਲੱਕੜਵਾਲੀ ਦੀਆਂ ਬੀਬੀਆਂ
ਸੁਰਿੰਦਰ ਪਾਲ ਸਿੰਘ
ਸਿਰਸਾ, 17 ਜਨਵਰੀ : ਪਿਛਲੇ 50 ਦਿਨਾਂ ਤੋਂ ਦਿੱਲੀ ਦੇ ਬਾਰਡਰ ਤੇ ਕਿਸਾਨੀ ਸੰਘਰਸ਼ ਵਿੱਚ ਭਾਗ ਲੈ ਰਹੇ ਕਾਲਾਂਵਾਲੀ ਖੇਤਰ ਦੇ ਪ੍ਰਮੁੱਖ ਕਿਸਾਨ ਨੇਤਾ ਗੁਰਦਾਸ ਸਿੰਘ ਲੱਕੜਵਾਲੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਇਹ ਕਿਸਾਨੀ ਸੰਘਰਸ਼ ਜਨ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਹੈ। ਕਿਸਾਨ ਨੇਤਾ ਦੀ ਪਤਨੀ ਬੀਬਾ ਗੁਰਮੀਤ ਕੌਰ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਪਿੰਡ ਲੱਕੜਵਾਲੀ ਅਤੇ ਖੇਤਰ ਦੇ ਕਿਸਾਨ ਜਥਿਆਂ ਨਾਲ ਦਿੱਲੀ ਬਾਰਡਰ ਉੱਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਸਿਮਰਨਜੀਤ ਸਿੰਘ ਵੀ 26 ਜਨਵਰੀ ਦੀ ਦਿੱਲੀ ਵਿਚ ਹੋਣ ਵਾਲੀ ਕਿਸਾਨ ਏਕਤਾ ਰੈਲੀ ਲਈ ਖੇਤਰ ਦਾ ਦੌਰਾ ਕਰ ਰਹੇ ਹਨ। ਪਿੰਡ ਲੱਕੜਵਾਲੀ ਦੀ ਸਾਬਕਾ ਸਰਪੰਚ ਬੀਬਾ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਕਿਸਾਨ ਮਜ਼ਦੂਰ ਅਤੇ ਮਹਿਲਾਵਾਂ ਕਿਸਾਨੀ ਸੰਘਰਸ਼ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ। ਆਪਣੇ ਹੱਥ ਵਿਚ ਕਿਸਾਨੀ ਝੰਡਾ ਫੜੀ ਬੀਬਾ ਗੁਰਮੀਤ ਕੌਰ ਨੇ ਦੱਸਿਆ ਕਿ ਪਿੰਡ ਵਿਚੋਂ ਦਿੱਲੀ ਦੇ ਕਿਸਾਨ ਜਥਿਆਂ ਲਈ ਵੱਡੀ ਮਾਤਰਾ ਵਿੱਚ ਰਸਦ ਪਾਣੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ 26 ਜਨਵਰੀ ਦੇ ਦਿਨ ਮਹਿਲਾ ਜਥਿਆਂ ਸਮੇਤ ਆਪਣੇ ਟਰੈਕਟਰਾਂ ਤੇ ਕਿਸਾਨ ਪਰੇਡ ਵਿਚ ਵਧ ਚੜ੍ਹਕੇ ਹਿੱਸਾ ਲੈਣਗੇ। ਇਸ ਮੋਕੇ ਪਿੰਡ ਲੱਕੜਵਾਲੀ ਦੀ ਸਾਬਕਾ ਸਰਪੰਚ ਬੀਬਾ ਬਲਜਿੰਦਰ ਕੌਰ ਦਾ ਕਹਿਣਾ ਸੀ ਕਿ ਪੂਰੇ ਸਿਰਸਾ ਖੇਤਰ ਦੀਆਂ ਮਹਿਲਾਵਾਂ ਵੀ ਕਿਸਾਨ ਅੰਦੋਲਨ ਵਿਚ ਆਪਣੀ ਅਹਿਮ ਭੂਮਿਕਾਂ ਨਿਭਾ ਰਹੀਆਂ ਹਨ। ਉਨ੍ਹਾਂ ਸਾਰੇ ਵਰਗਾਂ ਦੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਦੀ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਕਿਸਾਨ ਨੇਤਾ ਗੁਰਦਾਸ ਸਿੰਘ ਦੇ ਸਪੁੱਤਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵਲੋ ਧੱਕੇ ਨਾਲ ਪਾਸ ਕੀਤੇ ਤਿੰਨ ਕਾਲੇ ਖੇਤੀ ਬਿਲਾਂ ਖ਼ਿਲਾਫ਼ ਪੂਰੇ ਦੇਸ਼ ਦੇ ਕਿਸਾਨਾਂ ਦੇ ਸੀਨੇ ਲੱਟ ਲੱਟ ਬਲ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਸਰਗਣਾ ਅੰਬਾਨੀ ਅੰਡਾਨੀ ਦੀ ਢਾਲ ਬਣੀ ਮੋਦੀ ਸਰਕਾਰ ਵੱਲੋਂ ਕੀਤੇ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਪੂਰੇ ਦੇਸ਼ ਦਾ ਕਿਸਾਨੀ ਰੋਹ ਪ੍ਰਚੰਡ ਹੋ ਰਿਹਾ ਹੈ। ਇਨ੍ਹਾਂ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦੇਸ਼ ਦੇ ਕਿਰਤੀ ਲੋਕ ਨਵਾਂ ਸ਼ਾਤਮਈ ਇਤਿਹਾਸ ਸਿਰਜਣਗੇ।