ਚੰਡੀਗੜ੍ਹ,18 ਜਨਵਰੀ (ਏਜੰਸੀ) : ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਐਨ.ਆਰ.ਆਈ. ਮਾਮਲੇ ਅਮਰਦੀਪ ਸਿੰਘ ਰਾਏ ਨੇ ਅੱਜ ਮੁਨੀਸ ਜਿੰਦਲ ਵਲੋਂ ਪੰਜਾਬ ਦੇ ਚਲੰਤ ਮਾਮਲਿਆਂ ਬਾਰੇ ਲਿਖੀ ਇਕ ਕਿਤਾਬ “ਦਿ ਪੰਜਾਬ ਰਵਿਊ” ਜਾਰੀ ਕੀਤੀ। ਏ.ਡੀ.ਜੀ.ਪੀ. ਰਾਏ ਨੇ ਲੇਖਕ ਮੁਨੀਸ ਜਿੰਦਲ ਨੂੰ ਵਧਾਈ ਦਿੱਤੀ ਅਤੇ ਉਨਾਂ ਦੀਆਂ ਕਿਤਾਬਾਂ ਰਾਹੀਂ ਪੰਜਾਬ ਸਿਵਲ ਸਰਵਿਸਿਜ (ਪੀ.ਸੀ.ਐੱਸ.) ਅਤੇ ਪੰਜਾਬ ਦੀਆਂ ਹੋਰਨਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੇਣ ਦੇ ਇਛੁੱਕ ਉਮੀਦਵਾਰਾਂ ਦੀ ਸਹਾਇਤਾ ਲਈ ਉਨਾਂ ਦੇ ਨਿਰੰਤਰ ਯਤਨਾਂ ਦੀ ਸਲਾਘਾ ਕੀਤੀ।
ਏਡੀਜੀਪੀ ਰਾਏ ਨੇ ਇਸ ਪੁਸਤਕ ਦੀ ਭੂਮਿਕਾ ਵੀ ਲਿਖੀ। ਜਿੰਦਲ ਨੇ ਇਸ ਐਡੀਸਨ ਨੂੰ ਲਿਖਣ ਲਈ ਏਡੀਜੀਪੀ ਅਮਰਦੀਪ ਸਿੰਘ ਰਾਏ ਵਲੋਂ ਪ੍ਰੇਰਿਤ ਕਰਨ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਕਿਤਾਬ ਬਾਰੇ ਵੇਰਵੇ ਸਾਂਝੇ ਕਰਦਿਆਂ ਜਿੰਦਲ ਨੇ ਕਿਹਾ ਕਿ ਪੰਜਾਬ ਭਰ ਦੇ ਹਜਾਰਾਂ ਵਿਦਿਆਰਥੀ ਪੰਜਾਬ ਪੀਸੀਐਸ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਭਾਗ ਲੈਂਦੇ ਹਨ ਪਰ ਬਹੁਤ ਸਾਰੇ ਵਿਦਿਆਰਥੀ ਵਿਸੇ ਬਾਰੇ ਪੂਰੀ ਜਾਣਕਾਰੀ ਨਾ ਹੋਣ ਜਾਂ ਪ੍ਰੀਖਿਆ ਦੀ ਲੋੜ ਅਨੁਸਾਰ ਸਹੀ ਮਾਰਗ ਦਰਸਨ ਦੀ ਘਾਟ ਕਾਰਨ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਕੋਚਿੰਗ ਲੈਣ ਵਿਚ ਅਸਮਰੱਥ ਹੁੰਦੇ ਹਨ। ਇਸ ਤਰਾਂ, ਕਿਤਾਬਾਂ ਸਸਤੀਆਂ ਅਤੇ ਤਿਆਰੀ ਦਾ ਸਰਬੋਤਮ ਸਰੋਤ ਹੁੰਦੀਆਂ ਹਨ ਜੇਕਰ ਇਹ ਪ੍ਰੀਖਿਆ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਲਿਖੀਆਂ ਜਾਣ। ਉਹਨਾਂ ਕਿਹਾ ਕਿ ‘ਦਿ ਪੰਜਾਬ ਰਵਿਊ‘ ਕਿਤਾਬ ਇਹਨਾਂ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਹੈ।
ਜਿੰਦਲ ਨੇ ਕਿਹਾ ਕਿ ਇਸ ਕਿਤਾਬ ਵਿਚ ਉਹਨਾਂ ਨੇ ਪੰਜਾਬ ਦੇ ਪਿਛਲੇ ਇੱਕ ਸਾਲ ਦੇ ਚਲੰਤ ਮਾਮਲਿਆਂ ਨੂੰ ਕਵਰ ਕਰਨ ਦੀ ਕੋਸਸਿ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਬਜਟ, ਪੰਜਾਬ ਦੇ ਆਰਥਿਕ ਸਰਵੇਖਣ ਅਤੇ ਪਿਛਲੇ ਦੋ ਸਾਲਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਬਾਰੇ ਚਾਨਣਾ ਪਾਇਆ ਹੈ।