ਪਿਛਲੇ ਤੋਂ ਪਿਛਲੇ ਸਾਲ ਦੇ ਦਸੰਬਰ ਮਹੀਨੇ ’ਚ ਨਵੀਨ ਕੋਰੋਨਾ ਵਿਸ਼ਾਣੂ ਦਾ ਪਤਾ ਚੱਲਿਆ ਸੀ, ਜਿਸ ਤੋਂ ਕੋਵਿਡ-19 ਮਹਾਮਾਰੀ ਸਾਰੇ ਸੰਸਾਰ ਵਿੱਚ ਫੈਲੀ। ਇਹ ਮਹਾਮਾਰੀ ਹਾਲੇ ਤੱਕ ਸੰਸਾਰ ਭਰ ਵਿੱਚ 20 ਲੱਖ ਤੋਂ ਵੱਧ ਮੌਤਾਂ ਦਾ ਕਾਰਨ ਬਣੀ ਹੈ ਅਤੇ ਇਸ ਕਾਰਨ ਭਾਰਤ ਵਿੱਚ ਇਕ ਲੱਖ ਤੋਂ ਵੱਧ ਜਾਨਾਂ ਜਾਂਦੀਆਂ ਰਹੀਆਂ। ਜਦੋਂ ਕਿ ਇਸ ਵਿਸ਼ਾਣੂ ਨੇ ਸੰਸਾਰ ਭਰ ਵਿੱਚ 20 ਕਰੋੜ ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਕਰਕੇ ਇਸ ਮਹਾਮਾਰੀ ਦਾ ਖ਼ੌਫ਼ ਬਹੁਤ ਜ਼ਿਆਦਾ ਫੈਲ ਗਿਆ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਦਾ ਕੀ ਇਲਾਜ ਹੋਵੇਗਾ। ਸੰਸਾਰ ਭਰ ਵਿੱਚ ਲਾਗ ਨੂੰ ਰੋਕਣ ਲਈ ਲਾਕਡਾਊਨ ਲਗਾਏ ਗਏ ਜਿਸ ਨਾਲ ਵਿਸ਼ਵ ਅਰਥਵਿਵਸਥਾ ਦਾ ਭਾਰੀ ਨੁਕਸਾਨ ਹੋਇਆ। ਭਾਰਤ ਵਿੱਚ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਚਾਨਕ ਲਾਕਡਾਊਨ ਆਇਦ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਆਰਥਿਕ ਗਤੀਵਿਧੀਆਂ ਇਕ ਦਮ ਰੁਕ ਗਈਆਂ ਸਨ। ਇਸ ਦਾ ਨਤੀਜਾ 2019-2020 ਦੇ ਵਿੱਤੀ ਸਾਲ ਦੀ ਅਪ੍ਰੈਲ-ਜੂਨ ਦੀ ਤਿਮਾਹੀ ਦੇ ਅੰਕੜਿਆਂ ਰਾਹੀਂ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਦੇਸ਼ ਦੀ ਅਰਥਵਿਵਸਥਾ 23.9 ਪ੍ਰਤੀਸ਼ਤ ਮਨਫੀ ਵਿੱਚ ਚਲੀ ਗਈ ਸੀ। ਯੋਜਨਾਹੀਣ ਢੰਗ ਨਾਲ ਲਾਏ ਲਾਕਡਾਊਨ ਕਾਰਨ ਹੀ ਸਾਡੀ ਸਰਕਾਰ ਅੱਜ ਦੇਸ਼ ਦੀ ਅਰਥਵਿਵਸਥਾ ਨੂੰ ਮਨਫੀ ਵਿਚੋਂ ਹੀ ਕੱਢਣ ਦੀ ਜੱਦੋ-ਜਹਿਦ ਵਿੱਚ ਹੈ।
ਮਹਾਮਾਰੀ ਤੇ ਲਾਕਡਾਊਨ ਦੀ ਭਿਅੰਕਰ ਹਾਲਤ ਵਿੱਚ ਫਸੇ ਹੋਏ ਲੋਕ ਇਸ ਮਹਾਮਾਰੀ ਦੇ ਇਲਾਜ ਬਾਰੇ ਬੇਹੱਦ ਆਤੁਰ ਸਨ। ਵੱਖ- ਵੱਖ ਦੇਸ਼ਾਂ ਤੋਂ ਇਸ ਮਹਾਮਾਰੀ ਦੇ ਇਲਾਜ ਦਾ ਟੀਕਾ ਬਣਾਏ ਜਾਣ ਦੇ ਸਮਾਚਾਰ ਵੀ ਆ ਰਹੇ ਸਨ, ਜਿਨ੍ਹਾਂ ਕਰਕੇ ਸਾਡੇ ਦੇਸ਼ ਵਿੱਚ ਟੀਕੇ ਦੀ ਆਮਦ ਨੂੰ ਬੜੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ।
ਆਖਰ ਉਡੀਕ ਖ਼ਤਮ ਹੋਈ ਹੈ ਤੇ 16 ਜਨਵਰੀ ਤੋਂ ਭਾਰਤ ਵਿੱਚ ਇਸ ਟੀਕਾ-ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਲੋਕਾਂ ਨੂੰ ਚੇਤਨ ਕੀਤਾ ਕਿ ਉਹ ਟੀਕਾ ਲਗਵਾਉਣ ਤੇ ਟੀਕੇ ਤੋਂ ਬਾਅਦ ਵੀ ਪਹਿਲਾਂ ਵਾਲੀਆਂ ਸਾਵਧਾਨੀਆਂ ਵਰਤਦੇ ਰਹਿਣ। ਉਨ੍ਹਾਂ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਦੇਸ਼ ਦੇ ਵਿਗਿਆਨੀਆਂ ਵੱਲੋਂ ਟੀਕੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਪਾਏ ਜਾਣ ਤੋਂ ਬਾਅਦ ਹੀ ਇਸ ਦੀ ਜਨਤਕ ਵਰਤੋਂ ਨੂੰ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਸਬੰਧੀ ਅਫਵਾਹਾਂ ਵੱਲ ਧਿਆਨ ਨਾ ਦੇਣ।
ਟੀਕਾ ਲਾਏ ਜਾਣ ਦੀ ਸ਼ੁਰੂਆਤ ਸਾਡੇ ਦੇਸ਼ ਲਈ ਸ਼ੁਭ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਸਰਕਾਰ ਨੇ ਕੋਵੈਕਸੀਨ ਟੀਕੇ ਸਬੰਧੀ ਬੇਲੋੜੀ ਕਾਹਲ ਦਿਖਾ ਕੇ ਵਿਵਾਦਾਂ ਲਈ ਥਾਂ ਬਣਾ ਦਿੱਤੀ ਹੈ। ਪਹਿਲੇ ਦਿਨ ਹੀ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਨੇ ਕੋਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਕੋਵੈਕਸੀਨ ਦੀਆਂ ਪਰਖਾਂ ਸਬੰਧੀ ਅੰਕੜੇ ਹਾਲੇ ਜਾਰੀ ਨਹੀਂ ਕੀਤੇ ਗਏ ਹਨ। ਇਹ ਹੈ ਵੀ ਸੱਚ। ਦੇਖਣ ਵਾਲੀ ਗੱਲ ਹੈ ਕਿ ਦੁਨੀਆ ਭਰ ਦੇ ਪ੍ਰਮੁੱਖ ਆਗੂਆਂ, ਜਿਨ੍ਹਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਮਹਾਰਾਣੀ ਐਲਿਜਾਬੈਥ(94) ਉਨ੍ਹਾਂ ਦੇ ਪਤੀ ਪਿ੍ਰੰਸ ਫਿਲਿਪ(99), ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਤੇ ਹੋਰ ਕਈ ਦੇਸ਼ਾਂ ਦੇ ਆਗੂ ਸ਼ਾਮਲ ਹਨ, ਨੇ ਸਭ ਤੋਂ ਪਹਿਲਾਂ ਟੀਕਾ ਲਗਵਾ ਕੇ ਆਪੋ-ਆਪਣੇ ਦੇਸ਼ ਵਾਸੀਆਂ ਨੂੰ ਸਫਲਤਾ ਨਾਲ ਸੁਨੇਹਾ ਦਿੱਤਾ ਹੈ ਕਿ ਟੀਕਾ ਲਗਵਾਉਣ ਵਿੱਚ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ ਹੈ। ਵਿਗਿਆਨੀ ਵੀ ਮੰਨਦੇ ਹਨ ਕਿ ਮਹਾਮਾਰੀ ਦਾ ਹੋਰ ਕੋਈ ਇਲਾਜ ਨਹੀਂ ਹੈ। ਸਾਡੇ ਦੇਸ਼ ਦੇ ਲੋਕ ਟੀਕਾ ਲਗਵਾਉਣ ਲਈ ਪਹਿਲਾਂ ਹੀ ਕਈ ਤਰ੍ਹਾਂ ਦੇ ਸੰਸੇ ਵਿਅਕਤ ਕਰ ਚੁੱਕੇ ਹਨ। ਟੀਕਾ ਮੁਹਿੰਮ ਦੇ ਪਹਿਲੇ ਦਿਨ ਵਿਵਾਦ ਪੈਦਾ ਹੋ ਜਾਣਾ ਸਹੀ ਸੰਦੇਸ਼ ਨਹੀਂ ਦਿੰਦਾ। ਪ੍ਰਧਾਨ ਮੰਤਰੀ ਮੋਦੀ ਸਭ ਤੋਂ ਮੂਹਰੇ ਹੋ ਕੇ ਦੇਸ਼ ਨੂੰ ਅਗਵਾਈ ਦਿੰਦੇ ਆਏ ਹਨ। ਇਸ ਮਾਮਲੇ ਵਿੱਚ ਵੀ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕੋਵੈਕਸੀਨ ਦਾ ਟੀਕਾ ਖ਼ੁਦ ਆਪਣੇ ਲਗਵਾ ਕੇ ਲੋਕਾਂ ਦੇ ਤੌਖਲੇ ਤੇ ਚਿੰਤਾਵਾਂ ਨੂੰ ਖ਼ਤਮ ਕਰਨ।