ਕੋਟਕਪੂਰਾ/18 ਜਨਵਰੀ/ਸੁਰਿੰਦਰ ਦਮਦਮੀ: ਜੇਐਮਆਈਸੀ ਸੁਰੇਸ਼ ਕੁਮਾਰ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਨਾਮਜਦ ਡੇਰਾ ਸੱਚਾ ਸੌਦਾ ਸਿਰਸਾ ਦੀ ਨੇਸ਼ਨਲ ਕਮੇਟੀ ਦੇ ਤਿੰਨ ਮੈਬਰਾਂ ਹਰਸ਼ ਧੂਰੀ , ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨ ਕਰ ਦਿੱਤਾ ਹੈ । ਨਾਲ ਹੀ ਥਾਣਾ ਬਾਜਾਖਾਨਾ ਦੇ ਐਸਐਚਓ ਨੂੰ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਆਈਪੀਸੀ ਦੀ ਧਾਰਾ 174 ਏ ਦੇ ਤਹਿਤ ਕੇਸ ਦਰਜ ਕਰਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ । ਜਾਣਕਾਰੀ ਦੇ ਅਨੁਸਾਰ ਅਦਾਲਤ ਦੇ ਵੱਲੋਂ ਉਕਤ ਤਿੰਨਾਂ ਮੁਲਜ਼ਮਾਂ ਨੂੰ ਪੇਸ਼ ਹੋਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਇਸ ਸੰਬੰਧ ਵਿੱਚ ਅਦਾਲਤ ਦੇ ਆਦੇਸ਼ ‘ਤੇ ਪਿਛਲੇ ਮਹੀਨੇ 8 ਦਸੰਬਰ ਨੂੰ ਸਿਰਸਾ ਦੇ ਬੱਸ ਸਟੈਂਡ ਅਤੇ ਸਤਨਾਮ ਸ਼ਾਹ ਚੌਕ ਤੋਂ ਇਲਾਵਾ ਅਦਾਲਤ ਦੇ ਸੂਚਨਾ ਬੋਰਡ ਉੱਤੇ ਨੋਟਿਸ ਦੀਆਂ ਕਾਪੀਆਂ ਲਾ ਕੇ ਪੇਸ਼ੀ ਦੇ ਬਾਰੇ ‘ਚ ਸੂਚਿਤ ਕੀਤਾ ਗਿਆ ਲੇਕਿਨ ਸੋਮਵਾਰ ਨੂੰ ਇਨ੍ਹਾਂ ਦੇ ਪੇਸ਼ ਨਾ ਹੋਣ ਦੇ ਚਲਦਿਆਂ ਅਦਾਲਤ ਨੇ ਇਨ੍ਹਾਂ ਨੂੰ ਭਗੌੜਾ ਐਲਾਨ ਕਰ ਦਿੱਤਾ । ਦੱਸਣਯੋਗ ਹੈ ਕਿ ਪੰਜਾਬ ਪੁਲੀਸ ਦੀ ਐੱਸਆਈਟੀ ਨੇ ਬੇਅਦਬੀ ਮਾਮਲਿਆਂ ਦੀ ਪੜਤਾਲ ਕਰਦੇ ਹੋਏ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਵਿੱਚ ਡੇਰਾ ਸੱਚਾ ਸੌਦਾ ਸਿਰਸੇ ਦੇ 7 ਪ੍ਰੇਮੀਆਂ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਇਨ੍ਹਾਂ ਸੱਤਾਂ ਮੁਲਜ਼ਮਾਂ ਸਮੇਤ ਬੇਅਦਬੀ ਦੀ ਸਾਜਿਸ਼ ਦੇ ਕਥਿਤ ਦੋਸ਼ਾਂ ਦੇ ਤਹਿਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਡੇਰਾ ਦੀ ਨੇਸ਼ਨਲ ਕਮੇਟੀ ਦੇ ਮੈਂਬਰ ਹਰਸ਼ ਧੂਰੀ , ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਵੀ ਕੇਸ ਵਿੱਚ ਨਾਮਜਦ ਕਰਦੇ ਹੋਏ ਸਾਰਿਆਂ ਦੇ ਖਿਲਾਫ ਅਦਾਲਤ ਵਿੱਚ ਚਲਾਣ ਵੀ ਪੇਸ਼ ਕਰ ਦਿੱਤਾ ਸੀ । ਐੱਸਆਈਟੀ ਦਾ ਦਾਅਵਾ ਹੈ ਕਿ ਪਾਵਨ ਸਰੂਪ ਨੂੰ ਚੋਰੀ ਕਰਣ ਤੋਂ ਬਾਅਦ ਉਸਦੀ ਬਰਗਾੜੀ ਵਿਖੇ ਬੇਅਦਬੀ ਕੀਤੀ ਗਈ ਸੀ । ਕੇਸ ਵਿੱਚ ਨਾਮਜਦ ਹੋਣ ਤੋਂ ਬਾਅਦ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਸੰਨੀ ਨੇ ਇੱਕ ਹੀ ਕੇਸ ਦੇ ਸੀਬੀਆਈ ਅਤੇ ਪੰਜਾਬ ਪੁਲੀਸ ਵੱਲੋਂਇਕੱਠੇ ਪੜਤਾਲ ਕੀਤੇ ਜਾਣ ਦੀ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਚੁਣੋਤੀ ਦਿੱਤੀ ਸੀ ਜਿਸ ਉਪਰ ਸੁਣਵਾਈ ਤੋਂ ਬਾਅਦ ਉੱਚ ਅਦਾਲਤ ਨੇ 4 ਜਨਵਰੀ ਨੂੰ ਇਹ ਮਾਮਲਾ ਪੰਜਾਬ ਪੁਲਿਸ ਨੂੰ ਸੌਂਪਦੇ ਹੋਏ ਸੀਬੀਆਈ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਕੇਸ ਨਾਲ ਸਬੰਧਿਤ ਤਮਾਮ ਦਸਤਾਵੇਜ ਐਸਆਈਟੀ ਨੂੰ ਦੇਣ ਦੇ ਆਦੇਸ਼ ਦਿੱਤੇ ਸਨ ।