ਪੀ.ਪੀ ਵਰਮਾ
ਪੰਚਕੂਲਾ, 18 ਜਨਵਰੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਢਾ ਸਾਹਿਬ ਤੋਂ ਪੰਜ ਪਿਅਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਮਾਜ਼ਰੀ ਚੌਂਕ ਤੋਂ ਹੁੰਦਾ ਹੋਇਆ ਸੈਕਟਰ-2,4,11, 12, 15, 9, 8, 7 ਤੋਂ ਵਾਪਸ ਨਾਢਾ ਸਾਹਿਬ ਪਹੁੰਚਿਆ ਇਸ ਦੌਰਾਨ ਸਿੱਖ ਨੌਜਵਾਨਾਂ ਨੇ ਗਤਕਾ ਖੇਲ ਕੇ ਆਪਣੇ ਜ਼ੌਹਰ ਵਿਖਾਏ, ਬੈਂਡ ਦੀ ਧੁੰਨਾਂ ਨਾਲ ਅਸਮਾਨ ਗੂੰਝ ਉੱਠਿਆ। ਸਿੱਖ ਇਤਿਹਾਸ ਬਾਰੇ ਅਕਰਸ਼ਿਤ ਦਿ੍ਰਸ਼ ਵਿਖਾਏ ਗਏ। ਨਗਰ ਕੀਰਤਨ ਦੇ ਸਵਾਗਤ ਲਈ ਜਗ੍ਹਾਂ-ਜਗ੍ਹਾਂ ਲੋਕਾਂ ਨੇ ਲੰਗਰ ਲਗਾਏ ਹੋਏ ਹਨ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਜਾਗੀਰ ਸਿੰਘ ਨੇ ਦੱਸਿਆ ਕਿ 20 ਤਰੀਕ ਨੂੰ ਗੁਰਦੁਆਰਾ ਨਾਢਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸ਼ਵ ਪੂਰੇ ਧੂੰਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਅੱਜ ਸ੍ਰੀ ਅਖੰਡ ਪਾਠ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਰਾਤ 7 ਵਜੇ ਤੋਂ ਲੈ ਕੇ 11.30 ਵਜੇ ਤੱਕ ਕੀਰਤਨ ਦਰਬਾਰ ਸੱਜੇਗਾ। 20 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਇਸ ਤੋਂ ਇਲਾਵਾ 20 ਤਰੀਕ ਨੂੰ ਹੀ ਅੰਮਿ੍ਰਤ ਵੇਲੇ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਅਤੇ ਕਵੀਸਰੀ ਜੱਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰਦੁਆਰਾ ਕੰਪਲੈਕਸ ਨੂੰ ਰੰਗ ਬਰੰਗੀਆਂ ਲਾਇਟਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰੇ ਦੇ ਮੈਨੇਜਰ ਸਰਦਾਰ ਜਾਗੀਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਨੂੰ ਵੇਖਦੇ ਹੋਏ ਵਿਆਪਿਕ ਅਤੇ ਮੁਕੰਮਲ ਪ੍ਰਬੰਦ ਕੀਤੇ ਗਏ ਹਨ। ਇਸ ਸਮਾਰੋਹ ਵਿੱਚ ਸ਼੍ਰੋਮਣੀ ਕਮੇਟੀ ਦੇ ਰਾਗੀ ਅਤੇ ਕਥਾ ਵਾਚਕ ਵਿਸ਼ੇਸ਼ ਤੌਰ ਤੇ ਹਿੱਸਾ ਲੈਣਗੇ। ਕਲਗੀਧਰ ਮਾਨਵ ਸੇਵਾ ਮਿਸ਼ਨ ਦੇ ਮੁੱਖ ਪ੍ਰਬੰਧਕ ਡਾ. ਹਰਨੇਕ ਸਿੰਘ ਹਰੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਵੀ ਪ੍ਰਕਾਸ਼ ਉਤਸ਼ਵ ਉੱਤੇ ਲੰਗਰ ਸੇਵਾ ਕੀਤੀ ਜਾਵੇਗੀ।