Saturday, March 06, 2021 ePaper Magazine

ਸੰਪਾਦਕੀ

ਅਹੁਦਾ ਛੱਡਦੇ ਹੀ ਸ਼ੁਰੂ ਹੋਣਗੀਆਂ ਭਾਰੀ ਮੁਸੀਬਤਾਂ

January 20, 2021 11:18 AM

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰਜਕਾਲ, ਅੱਜ 20 ਜਨਵਰੀ ਨੂੰ ਖਤਮ ਹੋ ਜਾਣਾ ਹੈ। ਇਸ ਦਿਨ ਭਾਰਤੀ ਸਮੇਂ ਅਨੁਸਾਰ ਸ਼ਾਮ ਦੇ ਸਾਢੇ ਛੇ ਵਜੇ ਟਰੰਪ ਵਿਦਾਈ ਲੈਣ ਵਾਲੇ ਹਨ ਅਤੇ ਚਾਰ ਘੰਟੇ ਬਾਅਦ ਅਮਰੀਕਾ ਨੂੰ ਜੋ ਬਾਇਡਨ ਦੇ ਰੂਪ ਵਿਚ ਨਵਾਂ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਦੇ ਰੂਪ ’ਚ ਨਵਾਂ ਉਪ-ਰਾਸ਼ਟਰਪਤੀ ਮਿਲ ਜਾਵੇਗਾ। ਅਮਰੀਕਾ ’ਚ ਹਰ ਚਾਰ ਸਾਲ ਬਾਅਦ ਨਵੰਬਰ ਦੀ ਤਿੰਨ ਤਾਰੀਕ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੁੰਦੀਆਂ ਹਨ ਅਤੇ 20 ਜਨਵਰੀ ਨੂੰ ਚੋਣਾਂ ’ਚ ਚੁਣਿਆ ਗਿਆ ਨਵਾਂ ਰਾਸ਼ਟਰਪਤੀ ਆਪਣੇ ਕਾਰਜਕਾਲ ਦਾ ਅਰੰਭ ਕਰਦਾ ਹੈ ਅਤੇ ਵ੍ਹਾਇਟ ਹਾਊਸ ’ਚ ਜਾ ਵੱਸਦਾ ਹੈ। ਤਿੰਨ ਨਵੰਬਰ ਦੀਆਂ ਚੋਣਾਂ ’ਚ ਜੇਤੂ ਰਹੇ ਉਮੀਦਵਾਰ ਦੇ ਰਾਸ਼ਟਰਪਤੀ ਵਜੋਂ ਵ੍ਹਾਇਟ ਹਾਊਸ ਜਾਣ ਤੱਕ ਦੇ ਵਿਚਲੇ ਸਮੇਂ ਦੌਰਾਨ ਸੱਤਾ ਦਾ ਤਬਾਦਲਾ ਹੁੰਦਾ ਰਹਿੰਦਾ ਹੈ। ਪਰ ਇਸ ਵਾਰ ਜਾ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਆਪਣੀ ਹਾਰ ਨੂੰ ਪ੍ਰਵਾਨ ਕਰਨ ਤੋਂ ਲੰਬੇ ਸਮੇਂ ਤੱਕ ਇਨਕਾਰ ਕਰਨ ਕਰਕੇ ਸੱਤਾ ਦਾ ਤਬਾਦਲਾ ਆਰਾਮ ਨਾਲ ਨਹੀਂ ਹੋ ਸਕਿਆ। ਡੋਨਾਲਡ ਟਰੰਪ ਖੁਦ ਨੂੰ ਜੇਤੂ ਕਰਾਰ ਦਿੰਦੇ ਰਹੇ ਭਾਵੇਂ ਕਿ ਰਾਜਾਂ ਤੋਂ ਉਨ੍ਹਾਂ ਦੀ ਹਾਰ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਅਤੇ ਵਿਰੋਧੀ ਦੀ ਜਿੱਤ ਨੂੰ ਵੰਗਾਰਦੀਆਂ ਉਨ੍ਹਾਂ ਦੀਆਂ ਅਰਜ਼ੀਆਂ ਅਦਾਲਤਾਂ ਵੱਲੋਂ ਠੁਕਰਾਈਆਂ ਜਾਂਦੀਆਂ ਰਹੀਆਂ। ਆਪਣੇ ਸਮਰਥਕਾਂ ਨੂੰ ਭੜਕਾ ਕੇ ਉਨ੍ਹਾਂ ਅਮਰੀਕੀ ਸੰਸਦ ’ਤੇ ਵੀ ਹਮਲਾ ਕਰਵਾਇਆ, ਉਹ ਵੀ ਉਸ ਦਿਨ ਤੇ ਸਮੇਂ ਜਦੋਂ ਅਮਰੀਕੀ ਸੰਸਦ ਨੇ ਜੋ ਬਾਇਡਨ ਦੀ ਜਿੱਤ ’ਤੇ ਮੋਹਰ ਲਾਉਣੀ ਸੀ।
ਪਰ 20 ਜਨਵਰੀ ਤੋਂ ਬਾਅਦ ਡੋਨਾਲਡ ਟਰੰਪ ਦੀਆਂ ਮੁਸੀਬਤਾਂ ਵਧਣ ਵਾਲੀਆਂ ਹਨ। ਉਸ ਲਈ ਸੰਕਟ ਦਾ ਅਜਿਹਾ ਸਮਾਂ ਸ਼ੁਰੂ ਹੋਣ ਵਾਲਾ ਹੈ ਜੋ ਉਸ ਨੇ ਆਪਣੇ ਜੀਵਨ ’ਚ ਨਹੀਂ ਵੇਖਿਆ। ਜੋ ਵਿਅਕਤੀ, ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ’ਚ, ਹਾਲੇ ਕੁਛ ਸਮਾਂ ਪਹਿਲਾਂ ਹੀ ਇੰਜ ਦਹਾੜਦਾ ਫਿਰਦਾ ਸੀ ਜਿਵੇਂ ਦੁਨੀਆ ਉਸ ਦੀ ਮੁੱਠੀ ਵਿਚ ਹੋਵੇ ਅਤੇ ਉਹ ਹੀ ਅਮਰੀਕੀ ਲੋਕਾਂ ਦੀ ਹੋਣੀ ਅਤੇ ਤਮਾਮ ਸੱਚ ਝੂਠ ਤੈਅ ਕਰਨਾ ਵਾਲਾ ਹੈ, ਉਸ ਬਾਰੇ ਅਮਰੀਕਾ ਦੇ ਕਾਨੂੰਨੀ ਅਤੇ ਆਰਥਿਕ ਮਾਹਿਰ ਕਹਿ ਰਹੇ ਹਨ ਕਿ ਰਾਸ਼ਟਰਪਤੀ ਦਾ ਅਹੁਦਾ ਛੱਡਦੇ ਹੀ ਉਨ੍ਹਾਂ ਨੂੰ ਘੇਰ ਲਿਆ ਜਾਵੇਗਾ ਅਤੇ ਉਨ੍ਹਾਂ ਵਿਰੁਧ ਤਰ੍ਹਾਂ-ਤਰ੍ਹਾਂ ਦੀਆਂ ਆਰਥਿਕ ਮਾਰ ਮਾਰਨ ਵਾਲੀਆਂ ਅਤੇ ਕਾਨੂੰਨੀ ਕਾਰਵਾਈਆਂ ਅਰੰਭ ਹੋ ਜਾਣਗੀਆਂ। ਹਾਲਤ ਇਹ ਬਣਨ ਵਾਲੀ ਹੈ ਕਿ ਰਾਸ਼ਟਰਪਤੀ ਵਜੋਂ ਮਿਲੀ ਕਾਨੂੰਨੀ ਹਿਫ਼ਾਜਤ ਖ਼ਤਮ ਹੁੰਦਿਆਂ ਹੀ ਨਿਊਯਾਰਕ ਅਤੇ ਸ਼ਿਕਾਗੋ ਦੀਆਂ ਉਨ੍ਹਾਂ ਦੀਆਂ ਇਮਾਰਤਾਂ ਤੋਂ ਟਰੰਪ ਦਾ ਨਾਮ ਤੱਕ ਮੇਟਿਆ ਜਾ ਸਕਦਾ ਹੈ। ਸੰਸਦ ’ਤੇ ਹਮਲਾ ਕਰਵਾਉਣ ਬਾਅਦ ਡੋਨਾਲਡ ਟਰੰਪ ਨਾਲ ਅਮਰੀਕਾ ਦਾ ਕਾਰਪੋਰੇਟ ਖੇਤਰ, ਜੋ ਉਸ ਦੀ ਅਸਲ ਤਾਕਤ ਸੀ, ਆਪਣੇ ਸਬੰਧ ਖ਼ਤਮ ਕਰ ਚੁੱਕਾ ਹੈ। ਟਰੰਪ ਦੀਆਂ ਕੰਪਨੀਆਂ ਨੂੰ ਦੋ ਦਹਾਕੇ ਤੱਕ ਲੱਖਾਂ ਡਾਲਰ ਕਰਜ਼ ਦਿੰਦੇ ਰਹੇ ਡਯੂਸ ਬੈਂਕ ਨੇ ਪਿਛਲੇ ਹਫਤੇ ਟਰੰਪ ਤੇ ਉਸ ਦੀਆਂ ਕੰਪਨੀਆਂ ਨਾਲ ਸਬੰਧ ਖਤਮ ਕਰ ਦਿੱਤੇ ਹਨ। 1990 ਵਿਚ ਟਰੰਪ ਦੀਵਾਲੀਆ ਹੋਣ ਜਾ ਰਿਹਾ ਸੀ ਜਦੋਂ ਇਸੇ ਬੈਂਕ ਨੇ ਕਰਜ਼ ਦੇ ਕੇ ਉਸ ਨੂੰ ਬਚਾਇਆ ਸੀ। ਕੋਕਾ ਕੋਲਾ, ਵਾਲਮਾਰਟ, ਮੈਰਿਅਟ ਹੋਟਲ ਲੜੀ, ਜਨਰਲ ਮੋਟਰਸ ਆਦਿ ਨੇ ਕਿਹਾ ਹੈ ਕਿ ਉਹ ਡੋਨਾਲਡ ਟਰੰਪ ਜਾਂ ਉਸ ਦੀ ਪਾਰਟੀ ਨੂੰ ਚੰਦਾ ਨਹੀਂ ਦੇਣਗੇ। ਵੱਡੇ ਅਮਰੀਕੀ ਬੈਂਕ-ਜੇਪੀ ਮਾਰਗਨ ਚੇਜ, ਮੋਰਗਨ ਸਟੈਨਲੀ, ਗੋਲਡਮੈਨ ਸੈਕਸ ਕਹਿ ਰਹੇ ਹਨ ਕਿ ਉਹ ਟਰੰਪ ਨੂੰ ਚੰਦਾ ਦੇਣਾ ਬੰਦ ਕਰ ਰਹੇ ਹਨ। ਟਰੰਪ ਕਾਰੋਬਾਰ ਦਾ ਇਕ ਤਿਹਾਈ ਮੁਨਾਫਾ ਉਸ ਦੇ ਗੋਲਫ ਮੈਦਾਨਾਂ ਤੋਂ ਆਉਂਦਾ ਹੈ। ਦਸ ਦਿਨ ਪਹਿਲਾਂ, 10 ਜਨਵਰੀ ਨੂੰ ਯੂਐਸ ਪ੍ਰੋਫੈਸ਼ਨਲ ਗੋਲਫੰਰਸ ਐਸੋਸੀਏਸ਼ਨ ਦਾ ਬਿਆਨ ਆਇਆ ਸੀ ਕਿ ਉਹ ਟਰੰਪ ਨਾਲ ਗੋਲਫ ਦਾ ਕਾਰੋਬਾਰ ਨਹੀਂ ਕਰੇਗਾ। ਟਰੰਪ ਕਾਰੋਬਾਰ ਸਾਹਮਣੇ ਪੂੰਜੀ ਦਾ ਸੰਕਟ ਖੜਾ ਹੋ ਸਕਦਾ ਹੈ।
ਰਿਪਬਲਿਕਨ ਪਾਰਟੀ ਦੇ ਟਰੰਪ ਦੇ ਤਾਕਤਵਰ ਸਹਿਯੋਗੀ, ਹੁਣ ਟਰੰਪ ਤੋਂ ਦੂਰ ਹੋ ਚੁੱਕੇ ਹਨ। 21 ਜਨਵਰੀ ਤੋਂ ਹੀ ਟਰੰਪ ਨੂੰ ਫੈਡਰਲ ਤੇ ਰਾਜਾਂ, ਦੋਨਾਂ ਪੱਧਰਾਂ ਤੋਂ ਹੀ, ਫੌਜਦਾਰੀ ਤੇ ਦੀਵਾਨੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਤੀ ਧੋਖਾਧੜੀ, ਅਪਰਾਧ ਕਰਨ ਜਿਹੇ ਦਰਜਨ ਮੁਕਦਮੇ ਟਰੰਪ ਵਿਰੁਧ ਸ਼ੁਰੂ ਹੋ ਸਕਦੇ ਹਨ। ਆਮਦਨ ਕਰ ਚੋਰੀ ਦਾ ਵੀ ਟਰੰਪ ’ਤੇ ਜ਼ਰੂਰ ਮੁਕੱਦਮਾ ਚੱਲੇਗਾ ਅਤੇ ਜੇਕਰ ਸਾਬਤ ਹੋ ਗਿਆ ਤਾਂ ਉਸ ਨੂੰ ਲੰਬੇ ਸਮੇਂ ਲਈ ਜੇਲ੍ਹ ਕੱਟਣੀ ਪੈ ਸਕਦੀ ਹੈ। ਟਰੰਪ ਇਨ੍ਹਾਂ ਸੰਭਾਵਨਾਵਾਂ ਤੋਂ ਇੰਨਾਂ ਡਰਿਆ ਹੋਇਆ ਹੈ ਕਿ ਖੁਦ ਨੂੰ ਅਤੇ ਆਪਣੇ ਟਬਰ ਨੂੰ ਮਾਫ ਕਰਨ ਦਾ ਰਾਸ਼ਟਰਪਤੀ ਦਾ ਅਧਿਕਾਰ ਵਰਤਣ ਦੀ ਸੋਚ ਰਿਹਾ ਹੈ। ਹਾਲੇ ਕੁਛ ਦਿਨ ਪਹਿਲਾਂ ਟਰੰਪ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਹੋਣ ਦਾ ਵਤੀਰਾ ਰੱਖਦਾ ਸੀ, ਹੁਣ ਉਸ ਨੂੰ ਲੁਕਣ ਲਈ ਥਾਂ ਨਹੀਂ ਮਿਲਣੀ। ਆਪਣੇ ਆਪ ਨੂੰ ਰੱਬ ਸਮਝਣ ਦਾ ਭਰਮ ਪਾਲ ਰਹੇ ਦੁਨੀਆ ਦੇ ਕਈ ਹੁਕਮਰਾਨ, ਜੇ ਚਾਹੁਣ ਤਾਂ, ਇਸ ਤੋਂ ਕਾਫੀ ਕੁਛ ਸਿੱਖ ਸਕਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ