- ਲੜਕੀ ਸਿਮਰਨਜੀਤ ਦੇ ਕਾਤਲ ਸਹੁਰੇ ਪਰਿਵਾਰ ਦੀ ਗ੍ਰਿਫ਼ਤਾਰੀ ਮੰਗੀ
ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 19 ਜਨਵਰੀ : ਮੰਡੀ ਕਾਲਾਂਵਾਲੀ ਦੇ ਪੁਲਸ ਸਟੇਸ਼ਨ ਦੇ ਅੱਗੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਨਰਿੰਦਰਪੁਰਾ (ਮਾਨਸਾ) ਦੇ ਆਗੂਆਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਸਿਮਰਨਜੀਤ ਕੌਰ ਉਰਫ ਜਸਵਿੰਦਰ ਕੌਰ ਦੇ ਕਾਤਲ ਕਾਲਾਵਾਲੀ ਨਿਵਾਸੀ ਸੌਹਰੇ ਪਰਿਵਾਰ ਮੈਬਰਾਂ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਸਿਮਰਨਜੀਤ ਕੌਰ ਦੇ ਭਰਾ ਜਰਨੈਲ ਸਿੰਘ ਅਤੇ ਮਾਤਾ ਰਾਜ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦੀ ਸਹੁਰੇ ਪਰਿਵਾਰ ਤੇ ਐਫ ਆਈ ਆਰ ’ਚ ਦਰਜ਼ ਪਰਿਵਾਰ ਮੈਬਰਾਂ ਵੱਲੋਂ ਬੇ ਰਹਿਮ ਹੱਤਿਆ ਕੀਤੀ ਗਈ ਹੈ ਅਤੇ ਹੱਤਿਆਂ ਦਾ ਵੇਰਵਾ ਲੜਕੀ ਦੀ ਪੋਸਟਮਾਰਟ ਵਿਚ ਦਰਜ਼ ਹੈ,ਜਿਸ ਵਿਚ ਚਾਰ ਮੁੱਖ ਸੱਟਾਂ ਦੇ ਨਿਸ਼ਾਨ ਵੀ ਦਰਜ਼ ਹਨ। ਮਿ੍ਰਤਕ ਲੜਕੀ ਦੀ ਮਾਤਾ ਰਾਜ ਕੌਰ ਨੇ ਸਾਡੇ ਪੱਤਰਕਾਰ ਨੂੰ ਦਸਿਆ ਕਿ ਮਿਤੀ 13-11-20 ਨੂੰ ਲੜਕੀ ਦੇ ਪਤੀ ਗੁਰਦਿੱਤ ਸਿੰਘ ਮੱਲੀ ਨਿਵਾਸੀ ਕਾਲਾਵਾਲੀ ਅਤੇ ਚਾਰ ਹੋਰਾਂ ਖਿਲਾਫ ਥਾਣਾ ਕਾਲਾਂਵਾਲੀ ਵਿਚ ਐਫ ਆਈ ਆਰ ਨੰ: 295 ਤਹਿਤ ਮੁਕਦਮਾਂ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਲਾਂਵਾਲੀ ਥਾਣੇ ਦੇ (ਆਈ ਓ) ਇਨਕੁਆਰੀ ਅਫ਼ਸਰ ਰਾਜ ਕੁਮਾਰ ਅਤੇ ਠਾਣੇ ਦੇ ਮੁਖ ਅਫਸਰ ਓਮ ਪ੍ਰਕਾਸ਼ ਨੇ ਉਨ੍ਹਾਂ ਦੇ ਬਿਆਨ ਪੁਲਸੀਆਂ ਦਬਾਉ ਬਣਾਕੇ 306 ਅਧੀਨ ਦਰਜ਼ ਕੀਤੇ ਤਾਂ ਕਿ ਕੇਸ ਨੂੰ ਹਲਕਾ ਕੀਤਾ ਜਾ ਸਕੇ। ਕਾਲਾਵਾਲੀ ਥਾਣੇ ਅੱਗੇ ਧਰਨਾ ਦੇ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਜਸਵਿੰਦਰ ਕੌਰ ਉਰਫ ਸਿਮਰਜੀਤ ਕੌਰ ਦੇ ਕਾਤਲਾਂ ਤੇ 302 ਦਾ ਪਰਚਾ ਤੁਰੰਤ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਥਾਣਾ ਕਾਲਾਂਵਾਲੀ ਦੇ ਪੁਲਸ ਅਫਸਰਾਂ ਤੋਂ ਇਨਸਾਫ ਦੀ ਮੰਗ ਕਰਨ ਵਾਲਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਮਾਨਸ਼ਾਹੀਆ ਅਤੇ ਮਾਨਸਾ ਕਿਸਾਨ ਯੂਨੀਅਨ ਦੇ ਆਗੂ ਨਰਿੰਦਰ ਸਿੰਘ,ਮਿ੍ਰਤਕਾ ਦੀ ਮਾਤਾ ਰਾਜ ਕੌਰ,ਅਮਰਜੀਤ ਕੌਰ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਸਾਡੀ ਲੜਕੀ ਦਾ ਉਨ੍ਹਾਂ ਦੇ ਜਵਾਈ ਅਤੇ ਸਹੁਰੇ ਪਰਿਵਾਰ ਵਲੋ ਰਲਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਉਰਫ ਜਸਵਿੰਦਰ ਕੌਰ ਜਿਸਦੇ ਦੋ ਬੱਚੇ ਹਨ ਦੇ ਕਾਤਲ ਹੋਏ ਨੂੰ ਦੋ ਮਹੀਨੇ ਤੋਂ ਉਪਰ ਹੋ ਚੁੱਕੇ ਹਨ ਪਰ ਕਾਤਲਾਂ ਨੂੰ ਹਾਲੇ ਤੱਕ ਗਿ੍ਰਫਤਾਰ ਨਹੀਂ ਕੀਤਾ ਗਿਆ। ਇਸ ਮੌਕੇ ਪਿੰਡ ਨਰਿੰਦਰਪੁਰਾ ਦੇ ਸਾਬਕਾ ਸਰਪੰਚ ਰਣਜੀਤ ਸਿੰਘ,ਕਿਸਾਨ ਜਥੇਬੰਦੀ ਦੇ ਆਗੂ ਮੇਜਰ ਸਿੰਘ, ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ, ਤਰਕਸ਼ੀਲ ਸੁਸਾਇਟੀ ਕਾਲਾਂਵਾਲੀ ਦੇ ਸਾਬਕਾ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਚੋਰਮਾਰ ਅਤੇ ਸੋਸਾਇਟੀ ਦੇ ਮੀਡੀਆਂ ਮੁਖੀ ਮਾ: ਅਜਾਇਬ ਸਿੰਘ ਜਲਾਲਆਣਾ ਦਾ ਕਹਿਣਾ ਸੀ ਕਿ ਕਾਲਾਂਵਾਲੀ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹਾਲੇ ਤੱਕ ਕਾਤਲਾਂ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਅਤੇ ਲੜਕੀ ਦੇ ਪਰਿਵਾਰ ਨੂੰ ਥਾਣਾ ਕਾਲਾਂਵਾਲੀ ਦੇ ਪੁਲਿਸ ਅਧਿਕਾਰੀਆ ਤੋ ਇਨਸਾਫ ਦੀ ਉਕਾ ਹੀ ਉਮਦ ਨਹੀ,ਜਿਸ ਕਾਰਨ ਮਿ੍ਰਤਕਾਂ ਦੇ ਵਾਰਸ ਇਸ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।