Saturday, March 06, 2021 ePaper Magazine

ਸੰਪਾਦਕੀ

ਸੱਚਾਈ ਜਾਨਣ ਲਈ ਸਰਕਾਰ ਉੱਚਪੱਧਰੀ ਜਾਂਚ ਅਰੰਭੇ

January 21, 2021 10:38 AM

ਰਿਪਬਲਿਕ ਟੀ.ਵੀ. ਦੇ ਮਾਲਕ ਅਤੇ ਸੰਪਾਦਕ ਅਰਨਬ ਗੋਸਵਾਮੀ ਅਤੇ ਟੈਲੀਵਿਜ਼ਨ ’ਤੇ ਆਉਂਦੇ ਪ੍ਰੋਗਰਾਮਾਂ ਦੀ ਲੋਕਪ੍ਰਿਯਤਾ ਨਿਸ਼ਚਿਤ ਕਰਨ ਵਾਲੀ ਸੰਸਥਾ ਬ੍ਰਾਡਕਾਸਟ ਔਡਿਅੰਸ ਰਿਸਰਚ ਕੌਂਸਲ (ਬਾਰਕ) ਦੇ ਸਾਬਕਾ ਸੀੲਓ ਪਾਰਥੋ ਦਾਸ ਗੁਪਤਾ ਦਰਮਿਆਨ ਵਟਸਅਪ ’ਤੇ ਹੋਈ ਗੱਲਬਾਤ ਲੀਕ ਹੋ ਜਾਣ ਬਾਅਦ 16 ਜਨਵਰੀ ਤੋਂ ਹੀ ਸੋਸ਼ਲ ਮੀਡੀਆ ਅਤੇ ਦੇਸ਼ ਦੇ ਮੁੱਖ ਅਖ਼ਬਾਰਾਂ ’ਚ ਚਰਚੇ ਚਲੇ ਹੋਏ ਹਨ। ਮੁੰਬਈ ਪੁਲਿਸ ਨੇ ਇਸ ਸੰਬੰਧੀ ਹਾਲੇ ਇਹ ਕਿਹਾ ਹੈ ਕਿ ਗੱਲਬਾਤ ‘‘ਲੀਕ ਹੋਈ ਹੈ ਪਰ ਇਹ ਠੀਕ ਹੈ।’’ ਅਸਲ ’ਚ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਦੀ ਅੱਠ ਤਾਰੀਕ ਨੂੰ ਮੁੰਬਈ ਪੁਲਿਸ ਨੇ ਕੁਝ ਟੀ.ਵੀ. ਚੈਨਲਾਂ ਦੁਆਰਾ ਆਪਣੀ ਲੋਕਪ੍ਰਿਯਤਾ ਵਧਾ ਚੜਾ ਕੇ ਵਿਖਾਉਣ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ ਜੋ ਟੀਆਰਪੀ ਦੇ ਘੁਟਾਲੇ ਵਜੋਂ ਜਾਣਿਆ ਗਿਆ ਸੀ। ਟੀਆਰਪੀ ਅਰਥਾਤ ਟੈਲੀਵਿਜ਼ਨ ਰੇਟਿੰਗ ਪੁਆਇੰਟਸ, ਟੈਲੀਵਿਜ਼ਨ ਚੈਨਲਾਂ ’ਤੇ ਆਉਂਦੇ ਪ੍ਰੋਗਰਾਮਾਂ ਦੇ ਦਰਸ਼ਕਾਂ ਦੀ ਗਿਣਤੀ ਜਾਣਨ ਦੀ ਇਕ ਵਿਧੀ ਹੈ ਜਿਸ ਤੋਂ ਇਕ ਚੈਨਲ ਜਾਂ ਕਿਸੇ ਪ੍ਰੋਗਰਾਮ ਦੀ ਲੋਕਾਂ ’ਚ ਮਕਬੂਲੀਅਤ ਦਾ ਪਤਾ ਲੱਗਦਾ ਹੈ। ਇਕ ਚੈਨਲ ਜਾਂ ਇਕ ਪ੍ਰੋਗਰਾਮ ਦੀ ਲੋਕਾਂ ’ਚ ਮਕਬੂਲੀਅਤ ਦੇ ਹਿਸਾਬ ਹੀ ਇਸ਼ਤਿਹਾਰ ਆਉਂਦੇ ਹਨ ਜਿਨ੍ਹਾਂ ਤੋਂ ਚੈਨਲ ਨੂੰ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ। ਮੁੰਬਈ ਪੁਲਿਸ ਨੇ ਪਾਇਆ ਕਿ ਅਰਨਬ ਗੋਸਵਾਮੀ ਦਾ ਰਿਪਬਲਿਕ ਟੀਵੀ ਚੈਨਲ, ਫੈਕਟ ਮਰਾਠੀ ਅਤੇ ਬਾਕਸ ਸਿਨੇਮਾ ਚੈਨਲਾਂ ਨੇ ਰਿਸ਼ਵਤਾਂ ਦੇ ਕੇ ਆਪਣੀ ਟੀਆਰਪੀ ਜਾਅਲੀ ਢੰਗ ਨਾਲ ਵਧਾਈ ਹੈ। ਚੈਨਲਾਂ ਦੀ ਮਕਬੂਲੀਅਤ ਜਾਂਚਣ ਲਈ ਬਾਰਕ ਨੇ ਕੁੱਛ ਘਰਾਂ ’ਚ, ਸਮੁੱਚੇ ਦੇਸ਼ ’ਚ ਕੋਈ 45 ਹਜ਼ਾਰ, ਅਜਿਹੇ ਤਕਨੀਕੀ ਬਾਕਸ ਰੱਖੇ ਹੋਏ ਹਨ, ਜਿਨ੍ਹਾਂ ਤੋਂ ਦਰਜ ਕੀਤਾ ਜਾਂਦਾ ਹੈ ਕਿ ਇਨ੍ਹਾਂ ਘਰਾਂ ’ਚ ਕਿਹੜਾ ਚੈਨਲ ਅਤੇ ਕਿਹੜਾ ਪ੍ਰੋਗਰਾਮ ਵਧੇਰੇ ਵੇਖਿਆ ਜਾਂਦਾ ਹੈ। ਰਿਪਬਲਿਕ ਟੀ.ਵੀ. ਅਤੇ ਜਾਂਚ ਹੇਠਲੇ ਦੂਸਰੇ ਟੀਵੀ ਚੈਨਲਾਂ ਨੇ ਪੈਸਾ ਦੇ ਕੇ ਕੁਝ ਘਰਾਂ ’ਚ ਆਪਣਾ ਚੈਨਲ ਚਲਵਾਈ ਰੱਖਿਆ ਭਾਵੇਂ ਕਿ ਲੋਕ ਘਰ ਨਹੀਂ ਵੀ ਹੁੰਦੇ ਸਨ। ਇਸ ਨਾਲ ਹੋਰਨਾਂ ਟੀਵੀ ਚੈਨਲਾਂ ਦਾ ਭਾਰੀ ਵਿੱਤੀ ਨੁਕਸਾਨ ਹੋਇਆ।
ਇਸ ਸਾਰੇ ਕਾਂਡ ਦੀ ਜਾਂਚ ਕਰਦਿਆਂ ਮੁੰਬਈ ਪੁਲਿਸ ਨੂੰ ਅਰਨਬ ਗੋਸਵਾਮੀ ਅਤੇ ਪਾਰਥੋ-ਦਾਸ ਗੁਪਤਾ, ਜਿਸ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਸੀ ਅਤੇ ਹੁਣ ਸ਼ੂਗਰ ਵਧਣ ਕਾਰਨ ਹਸਪਤਾਲ ’ਚ ਦਾਖ਼ਲ ਹੈ, ਦੀ ਵਟਸਅਪ ’ਤੋਂ ਹੋਈ ਗੱਲਬਾਤ ਅਤੇ ਸਾਂਝੇ ਕੀਤੇ ਸੈਕੜੇ ਸੁਨੇਹੇ ਹੱਥ ਲੱਗੇ, ਜਿਨ੍ਹਾਂ ’ਚ ਕੇਂਦਰੀ ਮੰਤਰੀਆਂ ਦੇ ਸਕੱਤਰਾਂ ਦੀਆਂ ਨਿਯੁਕਤੀਆਂ, ਮੰਤਰੀਆਂ ਦੇ ਮੰਤਰਾਲਿਆਂ ਤੋਂ ਤਬਾਦਲਿਆਂ, ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਕੰਮਕਾਜ ਸੰਬੰਧੀ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ’ਚ ਪਹੁੰਚ ਰੱਖਣ ਦੇ ਬਹੁਤ ਸਾਰੇ ਹਵਾਲੇ 9-12 ਹਨ। ਅਰਨਬ ਗੋਸਵਾਮੀ ਦੀਆਂ ਹੋਰਨਾਂ ਐਂਕਰਾਂ ਅਤੇ ਅਦਾਕਾਰਾ ਕੰਗਣਾ ਰਣੌਤ ਬਾਰੇ ਟਿੱਪਣੀਆਂ ਵੀ ਹਨ ਜਿਵੇਂ ਕਿ ਉਹ ਅਦਾਕਾਰ ਕੰਗਣਾ ਰਣੌਤ ਨੂੰ ਅਜਿਹੀ ਔਰਤ ਦੱਸਦਾ ਹੈ ਕਿ ਜਿਸਨੂੰ ਹੋਰਨਾ ਬਾਰੇ ਵਹਿਮ ਰਹਿੰਦਾ ਹੈ ਕਿ ਉਹ ਉਸਨੂੰ ਪਿਆਰ ਕਰਦੇ ਹਨ ਪਰ ਇਸ ’ਚ ਸਭ ਤੋਂ ਮਹੱਤਵਪੂਰਨ ਬਾਲਾਕੋਟ ਅਤੇ ਪੁਲਵਾਮਾ ਬਾਰੇ ਅਰਨਬ ਗੋਸਵਾਮੀ ਦੇ ਕਥਨ ਹਨ।
ਭਾਰਤੀ ਹਵਾਈ ਫੌਜ ਦੁਆਰਾ 26 ਫਰਵਰੀ 2019 ਨੂੰ, ਪਿਛਲੀਆਂ ਆਮ ਚੋਣਾਂ ਤੋਂ ਥੋੜਾ ਪਹਿਲਾਂ, ਪਾਕਿਸਤਾਨ ਦੇ ਬਾਲਾਕੋਟ ਵਿਚ ਅਚਾਨਕ ਹਵਾਈ ਹਮਲਾ ਕੀਤਾ ਗਿਆ ਸੀ ਜਿਸਨੂੰ ‘ਸਰਜੀਕਲ ਸਟਰਾਇਕ’ ਵਜੋਂ ਪ੍ਰਚਾਰਿਆ ਗਿਆ ਸੀ। ਇਸ ’ਚ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਮੰਤਰੀਆਂ ਤੇ ਮੁੱਖ-ਮੰਤਰੀਆਂ ਵਲੋਂ ਇਕ ਸੌ ਤੋਂ ਲੈ ਕੇ 7 ਸੌ ਤੱਕ ਦੱਸੀ ਗਈ ਸੀ। ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਬਾਲਾਕੋਟ ਹਮਲੇ ਨਾਲ ਆਤੰਕਵਾਦੀ ਖੌਫ਼ ਵਿਚ ਹਨ, ‘‘ਘਰ ਮੇਂ ਘੁਸ ਕਰ ਮਾਰਾ ਹੈ’’ ਫੌਜੀ ਹਿਸਾਬ ਤੋਂ ਸਰਜੀਕਲ ਸਟਰਾਇਕ ਦੀ ਸਾਰੀ ਤਾਕਤ ਇਸ ਦੀ ਅਚਾਨਕਤਾ ਵਿਚ ਹੈ। ਪਰ ਇਸ ਭਾਰਤੀ ਹਵਾਈ ਹਮਲੇ ਤੋਂ ਤਿੰਨ ਦਿਨ ਪਹਿਲਾਂ 26 ਫਰਵਰੀ 2019 ਨੂੰ ਅਰਨਬ ਗੋਸਵਾਮੀ ਦਾਸ ਗੁਪਤਾ ਨੂੰ ਦੱਸਦਾ ਹੈ ਕਿ ਕੁੱਛ ਵੱਡਾ ਹੋਣ ਵਾਲਾ ਹੈ। ਦਾਸ ਗੁਪਤਾ ਦੇ ਸਵਾਲ ਦੇ ਜਵਾਬ ’ਚ ਉਹ ਆਖਦਾ ਹੈ ਕਿ ‘‘ਸਟਰਾਇਕ ਨਾਲ ਕੁੱਝ ਵੱਡਾ ਹੋਵੇਗਾ।’’ ਇਹ ਗੱਲਬਾਤ ਲੀਕ ਹੋ ਚੁੱਕੀ ਹੈ, ਅਤੇ ਸਭ ਇਹੋ ਜਾਨਣਾ ਚਾਹੁੰਦੇ ਹਨ ਕਿ ਅਰਨਬ ਗੋਸਵਾਮੀ ਤੱਕ ਇਹ ਖੁਫੀਆ ਜਾਣਕਾਰੀ ਪਹਿਲਾਂ ਕਿਵੇਂ ਪਹੁੰਚੀ। ਅਜਿਹੀ ਜਾਣਕਾਰੀ ਤਾਂ ਹਮਲੇ ਲਈ ਜਾਣ ਵਾਲੇ ਪਾਇਲਟ ਤੱਕ ਨੂੰ ਵੀ ਆਖ਼ਰੀ ਸਮੇਂ ਮਿਲਦੀ ਹੈ। ਅਜਿਹੀ ਜਾਣਕਾਰੀ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਗ੍ਰਹਿ ਮੰਤਰੀ, ਕੌਮੀ ਸੁਰੱਖਿਆ ਸਲਾਹਕਾਰ ਅਤੇ ਹਵਾਈ ਸੈਨਾ ਮੁਖੀ ਕੋਲ ਹੀ ਰਹੀ ਹੋਵੇਗੀ। ਅਜਿਹੀ ਸਰਕਾਰੀ ਜਾਣਕਾਰੀ ਦੇਣਾ ਵੀ ਆਪਣੇ ਆਪ ’ਚ ਜ਼ੁਰਮ ਹੈ। ਅਰਨਬ ਗੋਸਵਾਮੀ ਬਾਲਾਕੋਟ ’ਤੇ ਹਮਲੇ ਸੰਬੰਧੀ ਜਾਣਕਾਰੀ ਤਿੰਨ ਦਿਨ ਪਹਿਲਾਂ ਸਾਂਝੀ ਕਰ ਰਿਹਾ ਹੈ। ਕਿਸ ਕਿਸ ਨਾਲ ਇਹ ਸਾਂਝੀ ਕੀਤੀ, ਸਿਰਫ ਉਹ ਹੀ ਜਾਣਦਾ ਹੈ। ਇਸ ਕਾਰਨ ਭਾਰਤੀ ਹਵਾਈ ਫੌਜ ਦਾ ਭਾਰੀ ਨੁਕਸਾਨ ਹੋ ਸਕਦਾ ਸੀ।
ਦੇਸ਼ ਲਈ ਅੰਤਾਂ ਦੇ ਅਹਿਮ ਉੱਚਤਮ ਪੱਧਰ ’ਤੇ ਲਏ ਗੁਪਤ ਫੈਸਲਿਆਂ ਬਾਰੇ ਜਾਣਕਾਰੀਆਂ ਇਸ ਤਰ੍ਹਾਂ ਦੂਰ ਦੂਰ ਤੱਕ ਪਹੁੰਚਣਾ, ਇਕ ਵੱਡਾ ਕਾਂਡ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਟਹਿਰੇ ’ਚ ਖੜਾ ਕਰਨਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਵਟਸਅੱਪ ’ਤੇ ਹੋਈ ਇਸ ਗੱਲਬਾਤ ਅਤੇ ਸੈਕੜੇ ਸੁਨੇਹਿਆਂ ਬਾਰੇ ਪਿਛਲੇ ਚਾਰ ਦਿਨਾਂ ਤੋਂ ਦੇਸ਼ ’ਚ ਚੱਲ ਰਹੇ ਚਰਚਿਆਂ ਦੇ ਬਾਵਜੂਦ ਸਰਕਾਰ ਵੱਲੋਂ ਇਨ੍ਹਾਂ ਦਾ ਖੰਡਨ ਤੱਕ ਨਹੀਂ ਕੀਤਾ ਗਿਆ। ਇਹੋ ਮੋਦੀ ਸਰਕਾਰ ਹੈ ਜਿਸ ਨੇ ਵਟਸਅਪ ਦੀ ਚੈਟ ਦੇ ਆਧਾਰ ’ਤੇ ਹੀ ਕੁੱਛ ਸਮਾਂ ਪਹਿਲਾਂ ਰੀਆ ਚੱਕਰਵਰਤੀ ਖ਼ਿਲਾਫ਼ ਤਮਾਮ ਕੇਂਦਰੀ ਜਾਂਚ ਏਜੰਸੀਆਂ-ਮੁੰਬਈ ਭੇਜੀਆਂ ਸਨ। ਪਰ ਅਰਬਨ ਦੇ ਮਾਮਲੇ ’ਚ ਸਰਕਾਰ ਨੇ ਨੇ ਚੁੱਪੀ ਧਾਰ ਰੱਖੀ ਹੈ। ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ), ਕੇਂਦਰੀ ਜਾਂਚ ਬਿਊੁਰੋ (ਸੀਬੀਆਈ), ਐਨਸੀਬੀ (ਨਾਰਕੋਟਿਕ ਕਨਟਰੋਲ ਬਿਉਰੋ), ਸਰਕਾਰ ਚੈਟ ਦੀ ਨਾ ਪੁਸ਼ਟੀ ਕਰ ਰਹੀ ਹੈ ਨਾ ਇਸ ਨੂੰ ਜਾਅਲੀ ਦਸ ਰਹੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ