ਚੰਡੀਗੜ੍ਹ,21 ਜਨਵਰੀ (ਏਜੰਸੀ) : ਸੂਬੇ ਭਰ ਵਿਚ ਕੋਰੋਨਾ ਟੀਕਾਕਰਣ ਮੁੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਟੀਕਾ ਲਗਾਉਣ ਵਾਲੀਆਂ ਥਾਂਵਾਂ ਅਤੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਲਈ ਹੰਭਲਾ ਮਾਰਨ। ਪੰਜਾਬ ਭਵਨ ਵਿਖੇ ਸਿਵਲ ਸਰਜਨਜ਼ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਟੀਕਾਕਰਣ ਵਾਲੀਆਂ ਥਾਵਾਂ ਦੀ ਗਿਣਤੀ ਪਹਿਲਾਂ ਹੀ 59 ਤੋਂ ਵਧਾ ਕੇ 127 ਕਰ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਸਰਕਾਰੀ ਅਤੇ ਨਿੱਜੀ ਸਿਹਤ ਸੰਭਾਲ ਕੇਂਦਰਾਂ ਅਤੇ ਲਾਭਪਾਤਰੀਆਂ ਨੂੰ ਯਕੀਨੀ ਤੌਰ ਤੇ ਕਵਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੱਲ ਰਹੇ ਮੌਜੂਦਾ ਸੈਸ਼ਨ ਦੌਰਾਨ ਵੈਕਸੀਨੇਟਰ ਮਾਡਿਊਲ ਵਿੱਚ ‘ਅਲਾਟ ਲਾਭਪਾਤਰੀ ਦੀ ਅਤੇ ਲਾਈਵ ਦੀ ਵਿਸ਼ੇਸ਼ਤਾ ਨੂੰ ਸ਼ਾਮਲ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸੈਸ਼ਨ ਸਾਈਟਾਂ ਤੇ ਤਾਇਨਾਤ ਸਟਾਫ ਦੀ ਵੱਧ ਤੋਂ ਵੱਧ ਵਰਤੋਂ ਦੀ ਸਹੂਲਤ ਲਈ ਇਹ ਵਿਸ਼ੇਸ਼ਤਾ ਸ਼ਾਮਲ ਕੀਤੀ ਗਈ ਹੈ ਤਾਂ ਜੋ ਉਹ ਹਰ ਸੈਸ਼ਨ ਵਿੱਚ ਵੱਧ ਤੋਂ ਵੱਧ ਲਾਭਪਾਤਰੀਆਂ (ਸਿਹਤ ਸੰਭਾਲ ਕਰਮਚਾਰੀ) ਦਾ ਟੀਕਾਕਰਣ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪਹਿਲਾਂ ਕੇਵਲ ਡਾਟਾਬੇਸ ‘ਤੇ ਭੇਜੇ ਗਏ ਲਾਭਪਾਤਰੀਆਂ ਦਾ ਹੀ ਟੀਕਾਕਰਣ ਕਰਨ ਦੀ ਤਜਵੀਜ਼ ਸੀ ਪਰ ਹੁਣ ਨਵੇਂ ਲਾਭਪਾਤਰੀਆਂ ਨੂੰ ਚੱਲ ਰਹੇ ਸੈਸ਼ਨਾਂ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ 12 ਜਨਵਰੀ ,2021 ਨੂੰ 2.04 ਲੱਖ ਅਤੇ 19 ਜਨਵਰੀ,2021 1.96 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਗਈਆਂ ਜਦਕਿ ਹੁਣ ਤੱਕ 12,467 ਸਿਹਤ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਚੱਲ ਰਹੇ ਰੁਟੀਨ ਟੀਕਾਕਰਣ ਪ੍ਰੋਗਰਾਮ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਹਸਪਤਾਲਾਂ ਵਿੱਚ ਹਰੇਕ ਪੱਧਰ ‘ਤੇ ਵੈਕਸੀਨ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਘੱਟ ਤੋਂ ਘੱਟ ਵੈਕਸੀਨ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।