ਨਵੀਂ ਦਿੱਲੀ, 22 ਜਨਵਰੀ (ਏਜੰਸੀ) : ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਵਿੱਚ ਹੋਏ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਨ।
ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਧਮਾਕੇ ਦੀ ਘਟਨਾ ਬਹੁਤ ਦੁਖਦਾਈ ਹੈ। ਮੈਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਦੁਖ ਪ੍ਰਗਟ ਕਰਦਾ ਹਾਂ। ਅਜਿਹੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਧਿਆਨ ਯੋਗ ਹੈ ਕਿ ਵੀਰਵਾਰ ਦੀ ਰਾਤ ਨੂੰ ਟਰੱਕ ਵਿਚ ਰੱਖੇ ਗਏ ਵਿਸਫੋਟਕ ਵਿੱਚ ਧਮਾਕਾ ਹੋਇਆ ਸੀ। ਆਸਪਾਸ ਦੇ ਖੇਤਰ ਵਿੱਚ ਵੀ ਧਮਾਕੇ ਦੀ ਗੂੰਜ ਅਤੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾਂਦਾ ਹੈ ਕਿ ਵਿਸਫੋਟਕ ਮਾਈਨਿੰਗ ਦੇ ਮਕਸਦ ਨਾਲ ਲਿਜਾਇਆ ਜਾ ਰਿਹਾ ਸੀ। ਇਹ ਧਮਾਕਾ ਰਾਤ ਕਰੀਬ ਸਾਡੇ 10 ਵਜੇ ਪੱਥਰ ਤੋੜਨ ਵਾਲੀ ਜਗ੍ਹਾ ‘ਤੇ ਹੋਇਆ, ਜਿਸ ਨਾਲ ਨਾ ਸਿਰਫ ਸ਼ਿਵਮੋਗਾ, ਬਲਕਿ ਨੇੜਲੇ ਚਿਕਕਮਗਲੂਰ ਅਤੇ ਦਵਾਂਗੇਰੇ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।