ਹਿਸਾਰ, 22 ਜਨਵਰੀ (ਏਜੰਸੀਆਂ) : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਗਣਤੰਤਰ ਦਿਵਸ ’ਤੇ ਸ਼ਾਂਤੀ ਅਤੇ ਅਨੁਸ਼ਾਸਨ ਨੂੰ ਕਿਸੇ ਕੀਮਤ ’ਤੇ ਭੰਗ ਨਾ ਹੋਣ ਦੇਣ ਨਹੀਂ ਤਾਂ ਇਹ ਅੰਦੋਲਨ ਕਮਜੋਰ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੂੰ ਡਰਾਉਣ ਦੀ ਬਜਾਏ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਾਸ਼ਟਰੀ ਤਿਉਹਾਰ ਗਣਤੰਤਰ ਦਿਵਸ ’ਤੇ ਕਿਸੇ ਵੀ ਕੀਮਤ ’ਤੇ ਸ਼ਾਂਤੀ ਅਤੇ ਅਨੁਸ਼ਾਸਨ ਭੰਗ ਨਾ ਹੋਣ ਦੇਣ, ਨਹੀਂ ਤਾਂ ਇਹ ਅੰਦੋਲਨ ਕਮਜੋਰ ਪੈ ਜਾਵੇਗਾ। ਅਨੁਸ਼ਾਸਨ ਅਤੇ ਅਹਿੰਸਾ ਕਿਸਾਨ ਅੰਦੋਲਨ ਦੇ 2 ਸਭ ਤੋਂ ਵੱਡੇ ਹਥਿਆਰ ਹਨ। ਇਸ ’ਤੇ ਟਿਕੇ ਰਹਿਣਾ ਸਭ ਤੋਂ ਵੱਡੀ ਤਾਕਤ ਹੈ। ਇਸ ਰਾਹ ’ਤੇ ਸਾਨੂੰ ਅੜੇ ਰਹਿਣਾ ਪਵੇਗਾ। ਹੁੱਡਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਟਕਰਾਉਣ ਦੀ ਨੀਤੀ ਬਣਾਉਣ ਦੀ ਬਜਾਏ ਹੱਲ ਲੱਭੇ ਅਤੇ ਜਲਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ। ਮੈਂ ਵੀ ਇਕ ਕਿਸਾਨ ਦਾ ਪੁੱਤ ਹਾਂ ਅਤੇ ਕਿਸਾਨਾਂ ਦੇ ਦੁਖ ਨੂੰ ਸਮਝਦਾ ਹਾਂ। ਉਹ ਸ਼ੁੱਕਰਵਾਰ ਨੂੰ ਜ਼ਿਲ੍ਹਾ ’ਚ ਹਿਸਾਰ-ਦਿੱਲੀ ਨੈਸ਼ਨਲ ਹਾਈਵੇਅ-9 ’ਤੇ ਸਥਿਤ ਰਾਮਾਇਣ ਟੋਲ ਪਲਾਜਾ ’ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ’ਤੇ ਪਹੁੰਚੇ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ।
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ 58 ਦਿਨਾਂ ਤੋਂ ਦੇਸ਼ ਦਾ ਅੰਨਦਾਤਾ ਆਪਣੀਆਂ ਮੰਗਾਂ ਨੂੰ ਲੈ ਕੇ ਸਰਦੀ ਦੇ ਮੌਸਮ ’ਚ ਕੜਾਕੇ ਦੀ ਠੰਡ ’ਚ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੋ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਨ ਦਾ ਕੰਮ ਰਕਦਾ ਹੈ, ਜਿਸ ਨੂੰ ਅਸੀਂ ਅੰਨਦਾਤਾ ਦਾ ਰੂਪ ਮੰਨਦੇ ਹਾਂ। ਉਹੀ ਅੱਜ ਸੜਕਾਂ ’ਤੇ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਨੂੰ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ। ਕਿਸਾਨ ਖੁਦ ਨੂੰ ਅਸਹਾਏ ਨਾ ਸਮਝਣ, ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਿਸਾਨਾਂ ਦੀ ਦੇਸ਼ਭਗਤੀ ’ਤੇ ਸਵਾਲ ਨਹੀਂ ਚੁੱਕਣਾ ਚਾਹੀਦਾ ਸਗੋਂ ਅੰਨਦਾਤਾਵਾਂ ਦੇ ਜਜਬੇ ਨੂੰ ਸਲਾਮ ਕਰਨਾ ਚਾਹੀਦਾ। ਹੁੱਡਾ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਦੇਸ਼ਵਿਆਪੀ ਕਿਸਾਨ ਅੰਦੋਲਨ ’ਚ 100 ਦੇ ਕਰੀਬ ਅੰਨਦਾਤਾ ਸ਼ਹੀਦ ਹੋ ਚੁਕੇ ਹਨ ਪਰ ਸਰਕਾਰ ਦਾ ਦਿਲ ਹਾਲੇ ਵੀ ਨਹੀਂ ਪਸੀਜ ਰਿਹਾ। ਸਰਕਾਰ ਸੱਤਾ ਦੇ ਘਮੰਡ ’ਚ ਪੂਰੀ ਤਰ੍ਹਾਂ ਨਾਲ ਚੂਰ ਹੈ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਸੱਤਾ ’ਤੇ ਬੈਠਾਉਣਾ ਜਾਣਦਾ ਹੈ, ਉਹ ਉਸ ਨੂੰ ਹਟਾਉਣਾ ਵੀ ਜਾਣਦਾ ਹੈ।