ਅਮਰੀਕਾ ’ਚ ਸਮਾਜਿਕ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਫੌਰੀ ਕੀਤੇ ਜਾਣ ਵਾਲੇ ਬੇਹੱਦ ਜ਼ਰੂਰੀ ਕੰਮ ਕੀ ਹਨ, ਇਸ ਦਾ ਪਤਾ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਜੋਸਿਫ ਆਰ ਬਾਇਡਨ, ਜੋ ਕਿ ਆਮ ਕਰਕੇ ਜੋ ਬਾਇਡਨ ਵਜੋਂ ਜਾਣੇ ਜਾਂਦੇ ਹਨ, ਦੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਸਮੇਂ ਦਿੱਤੀ ਤਕਰੀਰ ਤੋਂ ਸਹਿਜੇ ਹੀ ਲੱਗ ਜਾਂਦਾ ਹੈ। 46ਵਾਂ ਰਾਸ਼ਟਰਪਤੀ ਚੁਨਣ ਲਈ ਹੋਈਆਂ ਚੋਣਾਂ ’ਚ ਅਮਰੀਕਾ ਨੂੰ ਅਜਿਹੇ ਵਿਵਾਦਾਂ ਅਤੇ ਟਕਰਾਓ ਦਾ ਤਲਖ ਤਜ਼ਰਬਾ ਹਾਸਲ ਹੋਇਆ ਹੈ ਜਿਸ ਦੀ ਨੇੜਲੇ ਅਤੀਤ ਵਿਚ ਕੋਈ ਮਿਸਾਲ ਨਹੀਂ ਮਿਲਦੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ ਕੈਪੀਟੋਲ ਇਮਾਰਤ ’ਤੇ ਕੀਤੇ ਹਮਲੇ ਅਤੇ ਜੋ ਬਾਇਡਨ ਦੇ ਰਾਸ਼ਟਰਪਤੀ ਬਣਨ ਤੱਕ ਇਸ ਦੇ ਮੁੜ ਵਾਪਰਨ ਦੇ ਬਣੇ ਰਹੇ ਖ਼ਤਰੇ ਕਾਰਨ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਸਮੇਂ ਸੁਰੱਖਿਆ ਕਰਮੀਆਂ ਦੀ ਵੱਡੀ ਗਿਣਤੀ ਵਿਚ ਮੌਜੂਦਗੀ ਰਹੀ ਜੋ ਵੱਖਰੀ ਹੀ ਮਿਸਾਲ ਬਣ ਗਈ ਹੈ। ਇਸ ਸਮਾਰੋਹ ’ਤੇ ਕੋਵਿਡ-19 ਮਹਾਮਾਰੀ ਕਰਕੇ ਗਈਆਂ ਅਮਰੀਕੀ ਜਾਨਾਂ ਦੇ ਅਫਸੋਸ ਦਾ ਵੀ ਪਰਛਾਵਾਂ ਰਿਹਾ।
ਜਿਥੇ ਜੋ ਬਾਇਡਨ ਦੀ ਤਕਰੀਰ ਵਿਚ ਬਹੁਤਾ ਜ਼ੋਰ ਅਮਰੀਕਾ ਦੇ ਲੋਕਾਂ ਵਿਚ ਏਕਤਾ ਬਣਾਉਣ, ਪਏ ਪਾੜੇ ਨੂੰ ਮੇਟਣ ਅਤੇ ਲੱਗੇ ਜ਼ਖ਼ਮਾਂ ਨੂੰ ਭਰਨ ’ਤੇ ਹੀ ਦਿੱਤਾ ਗਿਆ ਅਤੇ ਬਿਮਾਰੀ, ਬੇਰੋਜ਼ਗਾਰੀ, ਨਾਉਮੀਦੀ, ਨਫ਼ਰਤ, ਲਾਕਾਨੂੰਨੀ ਤੇ ਹਿੰਸਾ ਦਾ ਗੈਰਮਾਮੂਲੀ ਢੰਗ ਨਾਲ ਜ਼ਿਕਰ ਹੋਇਆ, ਉਥੇ ਰਾਸ਼ਟਰਪਤੀ ਜੋ ਬਾਇਡਨ ਵਲੋਂ ਪਹਿਲੇ ਹੀ ਦਿਨ ਲਏ ਗਏ ਫੈਸਲਿਆਂ ਤੋਂ ਪਤਾ ਚੱਲਿਆ ਕਿ ਸੁਧਾਰਨ ਵਾਲਾ ਡੋਨਾਲਡ ਟਰੰਪ ਕੀ ਕੁੱਛ ਛੱਡ ਗਏ ਹਨ। ਪਹਿਲੇ ਹੀ ਦਿਨ ਜੋ ਬਾਇਡਨ ਨੇ ਆਪਣੇ 17 ਹੁਕਮਾਂ ਅਤੇ ਨਿਰਦੇਸ਼ਾਂ ਰਾਹੀਂ ਪਿਛਲੇ ਰਾਸ਼ਟਰਪਤੀ ਦੇ ਫੈਸਲਿਆਂ ਨੂੰ ਉਲਟਾ ਦਿੱਤਾ ਹੈ। ਇਹ ਵੀ ਆਧੁਨਿਕ ਅਮਰੀਕਾ ਦੇ ਇਤਹਾਸ ਵਿਚ ਪਹਿਲੀ ਵਾਰ ਹੀ ਵਾਪਰਿਆ ਹੈ। ਡੋਨਾਲਡ ਟਰੰਪ ਵਾਤਾਵਰਣ ਸਬੰਧੀ ਪੈਰਿਸ ਦੀ ਸੰਧੀ ਵਿਚੋਂ ਅਮਰੀਕਾ ਨੂੰ ਬਾਹਰ ਲੈ ਗਿਆ ਸੀ । ਕੋਵਿਡ-19 ਮਹਾਮਾਰੀ ਦੇ ਸ਼ੁਰੂ ਹੋਣ ਬਾਅਦ ਵਿਸ਼ਵ ਸਿਹਤ ਸੰਗਠਨ ਦੀ ਆਰਥਿਕ ਮਦਦ ਟਰੰਪ ਨੇ ਬੰਦ ਕਰ ਦਿੱਤੀ ਸੀ ਜਦੋਂ ਕਿ ਅਮਰੀਕਾ ਵਿਚ ਇਸ ਮਹਾਮਾਰੀ ਦੀ ਰੋਕਥਾਮ ਅਤੇ ਖਾਤਮੇ ਲਈ ਉਸ ਨੇ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਸਨ। ਟਰੰਪ ਮੈਕਸੀਕੋ ਵਾਲੇ ਪਾਸੇ ਕੰਧ ਉਸਾਰ ਰਿਹਾ ਸੀ ਅਤੇ ਉਸ ਨੇ ਕੁੱਛ ਮੁਸਲਿਮ ਦੇਸ਼ਾਂ ਦੀ ਯਾਤਰਾ ਕਰਨ ’ਤੇ ਵੀ ਪਾਬੰਦੀ ਲਾਈ ਹੋਈ ਸੀ। ਜੋ ਬਾਇਡਨ ਦੇ ਪਹਿਲੇ ਦਿਨ ਦੇ ਹੁਕਮਾਂ ਨੇ ਇਹ ਸਾਰੇ ਫੈਸਲੇ ਉਲਟਾ ਦਿੱਤੇ ਹਨ। ਜੋ ਬਾਇਡਨ ਦੇ ਨਿਰਦੇਸ਼ਾਂ ਨਾਲ ਗੈਰ-ਨਾਗਰਿਕਾਂ ਨੂੰ ਵੀ ਖਾਸ ਰਾਹਤ ਮਿਲੀ ਹੈ। ਦੋ ਫੈਸਲੇ ਅਜਿਹੇ ਹਨ ਜੋ ਸਿੱਧੇ ਤੌਰ ’ਤੇ ਭਾਰਤੀ ਆਈ ਟੀ ਪੇਸ਼ਾਵਰਾਂ ਅਤੇ ਅਮਰੀਕਾ ਵਿਚ ਬਿਨਾ ਦਸਤਾਵੇਜ਼ਾਂ ਰਹਿ ਰਹੇ ਭਾਰਤੀਆਂ ਨਾਲ ਸੰਬਧਿਤ ਹਨ। ਰਾਸ਼ਟਰਪਤੀ ਜੋ ਬਾਇਡਨ ਨੇ ਰੋਜ਼ਗਾਰ ਅਧਾਰਿਤ ਗਰੀਨ ਕਾਰਡ ਲਈ ਸਾਰੇ ਦੇਸ਼ਾਂ ਵਾਸਤੇ ਨਿਸ਼ਚਿਤ ਕੀਤੀ ਹੱਦ ਖਤਮ ਕਰ ਦਿੱਤੀ ਹੈ ਜਿਸ ਨਾਲ ਭਾਰਤ ਦੇ ਆਈਟੀ ਪੇਸ਼ਾਵਰਾਂ ਨੂੰ ਲਾਭ ਹੋਵੇਗਾ । ਦੂਸਰੇ ਫੈਸਲੇ ਨਾਲ ਹੁਣ ਅਜਿਹੇ ਭਾਰਤੀ ਪ੍ਰਵਾਸੀਆਂ ਨੂੰ ਨਾਗਰਿਕਤਾ ਮਿਲ ਸਕੇਗੀ ਜਿਨ੍ਹਾਂ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਹਨ। ਅਮਰੀਕਾ ਵਿਚ ਅਜਿਹੇ ਪੰਜ ਲੱਖ ਭਾਰਤੀ ਹਨ। ਕੋਵਿਡ-19 ਮਹਾਮਾਰੀ ਪ੍ਰਤੀ ਪਹੁੰਚ ’ਚ ਵੀ ਸਿਫਤੀ ਤਬਦੀਲੀ ਆਈ ਹੈ। ਅਮਰੀਕੀਆਂ ਨੂੰ ਸੌ ਦਿਨ ਲਈ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ। ਇਸ ਦੇ ਨਾਲ ਹੀ ਸੌ ਦਿਨ ਵਿਚ 10 ਕਰੋੜ ਅਮਰੀਕੀਆਂ ਦੇ ਮਹਾਮਾਰੀ ਤੋਂ ਬਚਾਅ ਲਈ ਟੀਕਾ ਵੀ ਲਾਇਆ ਜਾਵੇਗਾ।
ਪਰ ਅਮਰੀਕੀ ਸਮਾਜ ਵਿਚ ਇਕਸੁਰਤਾ ਸਾਬਕਾ ਰਾਸ਼ਟਰਪਤੀ ਦੇ ਫੈਸਲੇ ਪਲਟਣ ਨਾਲ ਹੀ ਬਰਕਰਾਰ ਨਹੀਂ ਰਹੇਗੀ। 46ਵੇਂ ਰਾਸ਼ਟਰਪਤੀ ਦੀ ਚੋਣ ਲਈ ਅਮਰੀਕਾ ’ਚ ਪਈਆਂ 15 ਕਰੋੜ 80 ਲੱਖ ਵੋਟਾਂ ਵਿਚੋਂ 7 ਕਰੋੜ 40 ਲੱਖ ਵੋਟਾਂ ਹਾਰੇ ਹੋਏ ਡੋਨਾਲਡ ਟਰੰਪ ਨੂੰ ਵੀ ਪਈਆਂ ਹਨ। ਜੇਕਰ ਅਮਰੀਕਾ ਦੀ ਆਬਾਦੀ ਆਰਥਿਕ ਪੱਖੋਂ ਰਾਹਤ ਅਤੇ ਸਮਾਜਿਕ ਪੱਖੋਂ ਚੈਨ ਦਾ ਜੀਵਨ ਨਹੀਂ ਪਾਵੇਗੀ ਤਾਂ ਟਰੰਪਵਾਦ ਮੁੜ ਸਿਰ ਚੁੱਕ ਸਕਦਾ ਹੈ। ਅੱਜ ਜੋ ਬਾਇਡਨ ਦੀ ਪਾਰਟੀ ਦੋਨੋਂ ਸਦਨਾਂ ਵਿਚ ਹਾਵੀ ਹੈ ਅਤੇ ਹੋਰ ਵੀ ਵੱਡੀ ਗੱਲ ਇਹ ਕਿ ਅਮਰੀਕਾ ਦੇ ਲੋਕ ਸਿਆਣੇ ਸਾਬਤ ਹੋਏ ਹਨ। ਉਨ੍ਹਾਂ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਹਨ ਅਤੇ ਜੋ ਬਾਇਡਨ ਨੂੰ 51 ਪ੍ਰਤੀਸ਼ਤ ਤੋਂ ਵਧ ਵੋਟਾਂ ਨਾਲ ਜਤਾਇਆ ਹੈ। ਹੁਣ ਡੈਮੋਕਰੇਟਿਕ ਪਾਰਟੀ ਤੇ ਇਸ ਦੀ ਸਰਕਾਰ ਨੂੰ ਟਰੰਪਵਾਦ ਦਾ ਮੁਕੰਮਲ ਸਫਾਇਆ ਕਰਨ ਵੱਲ ਤੇਜ਼ੀ ਨਾਲ ਕਦਮ ਪੁੱਟਣੇ ਚਾਹੀਦੇ ਹਨ।