Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਲੇਖ

ਗ਼ਰੀਬੀ ਦੀ ਦਲਦਲ ’ਚੋਂ ਕਮਲ ਦੇ ਫੁੱਲ ਵਾਂਗ ਖਿੜੀ - ਸੋਨਮ ਸ਼ਰਮਾ

January 23, 2021 11:16 AM

ਬਲਵਿੰਦਰ ਸਿੰਘ ਭੁੱਲਰ

ਗੁਰੂ ਘਰ ਦੇ ਸਪੀਕਰ ਤੇ ਮੰਦਰ ਦੇ ਟੱਲ ਦੀ ਆਵਾਜ਼ ਨਾਲ ਉੱਠ ਕੇ ਜਿਹੜੇ ਹੱਥ ਫੌੜਾ ਫੜ ਕੇ ਗੋਹਾ ਇਕੱਠਾ ਕਰਦੇ ਹੋਣ, ਉਹ ਕਦੇ ਲੋਕਾਂ ਨੂੰ ਇਨਸਾਫ ਦੇਣ ਵਾਲੀ ਕਲਮ ਵੀ ਫੜ ਸਕਦੇ ਹਨ, ਸ਼ਾਇਦ ਇਸ ਗੱਲ ਤੇ ਯਕੀਨ ਨਹੀਂ ਬੱਝਦਾ। ਕਹਿੰਦੇ ਨੇ ਹਰ ਹਕੀਕਤ ਪਹਿਲਾਂ ਸੁਪਨਾ ਹੀ ਹੁੰਦੀ ਹੈ ਤੇ ਮਿਹਨਤ ਇੱਕ ਅਜਿਹੀ ਚਾਬੀ ਹੈ ਜੋ ਕਿਸਮਤ ਦਾ ਦਰਵਾਜਾ ਖੋਹਲਦੀ ਹੈ ਤੇ ਸੁਪਨੇ ਨੂੰ ਹਕੀਕਤ ਵਿੱਚ ਤਬਦੀਲ ਕਰ ਦਿੰਦੀ ਹੈ। ਅਜਿਹੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਕੇ ਸੱਚ ਕਰ ਵਿਖਾਇਆ ਤੇ ਉਪਰੋਕਤ ਤੱਥ ਤੇ ਮੋਹਰ ਲਾਈ ਹੈ ਰਾਜਸਥਾਨ ਦੀ ਸੋਨਮ ਸ਼ਰਮਾ ਨੇ।
ਰਾਜਸਥਾਨ ਦੇ ਝੀਲਾਂ ਦੇ ਸ਼ਹਿਰ ਉਦੈਪੁਰ ਦੇ ਪ੍ਰਤਾਪ ਨਗਰ ਵਿੱਚ ਜਨਮ ਲੈਣ ਵਾਲੀ ਸੋਨਮ ਦਾ ਪਿਤਾ ਪਸ਼ੂ ਪਾਲਣ ਦਾ ਧੰਦਾ ਕਰਦਾ ਹੈ। ਪਰਿਵਾਰ ਅਤੀ ਗਰੀਬੀ ਦੀ ਹਾਲਤ ਵਿੱਚ ਹੈ। ਸੋਨਮ ਤੇ ਉਸਦੀਆਂ ਦੋ ਹੋਰ ਭੈਣਾਂ ਤੇ ਇੱਕ ਭਰਾ ਦੀ ਪੜ੍ਹਾਈ ਦਾ ਖ਼ਰਚ ਝੱਲਣਾ ਵੀ ਪਰਿਵਾਰ ਲਈ ਮੁਸਸ਼ਕਿਲ ਜਾਪਦਾ ਹੈ। ਪ੍ਰਾਇਮਰੀ ਵਿੱਚ ਪੜ੍ਹਦੀ ਸੋਨਮ ਨੇ ਜਦ ਮਾਂ ਬਾਪ ਨੂੰ ਅੱਤ ਦੀ ਮਿਹਨਤ ਕਰਦਿਆਂ ਦੇਖਿਆ ਤਾਂ ਉਸਨੇ ਘਰੇਲੂ ਕੰਮ ਵਿੱਚ ਹੱਥ ਵਟਾਉਣ ਦਾ ਫੈਸਲਾ ਕਰ ਲਿਆ। ਮਾਂ ਬਾਪ ਰੋਜ਼ਾਨਾ ਸੁਭਾ ਸਦੇਹਾਂ ਉਠਦੇ ਤਾਂ ਸੋਨਮ ਵੀ ਨਾਲ ਹੀ ਉਠਦੀ ਤੇ ਗੋਹਾ ਇਕੱਠਾ ਕਰਨ ਲੱਗ ਜਾਂਦੀ। ਗੋਹੇ ਦੇ ਬੱਠਲ ਭਰ ਭਰ ਕੇ ਰੂੜੀ ਤੇ ਸੁਟਦੀ। ਫੇਰ ਆਪਣੇ ਪਿਤਾ ਨਾਲ ਸਾਈਕਲ ਤੇ ਘਰ ਘਰ ਦੁੱਧ ਪਾਉਣ ਜਾਂਦੀ। ਇਹ ਕੰਮ ਨਿਪਟਾ ਕੇ ਉਹ ਝੋਲਾ ਚੱਕ ਸਕੂਲ ਨੂੰ ਤੁਰ ਜਾਂਦੀ। ਗੋਹੇ ਨਾਲ ਉਸਦਾ ਇਸ ਕਦਰ ਮੋਹ ਬਣ ਗਿਆ ਕਿ ਬਹੁਤ ਵਾਰ ਉਹ ਗੋਹੇ ਦੀਆਂ ਲਿਬੜੀਆਂ ਚੱਪਲਾਂ ਨਾਲ ਹੀ ਸਕੂਲ ਪਹੁੰਚ ਜਾਂਦੀ, ਜਿੱਥੇ ਉਸਦੀ ਇਸ ਹਾਲਤ ਤੇ ਉਸਦੇ ਸਹਿਪਾਠੀ ਹਸਦੇ ਤੇ ਮਖੌਲ ਕਰਦੇ, ਪਰ ਉਹ ਸਬਰ ਸੰਤੋਖ ਨਾਲ ਸੁਣ ਕੇ ਅਣਗੌਲਿਆਂ ਕਰ ਦਿੰਦੀ। ਪਰਿਵਾਰ ਦੀ ਹਾਲਤ ਇਸ ਕਦਰ ਪਤਲੀ ਸੀ ਕਿ ਉਸਦਾ ਪਿਤਾ ਖਿਆਲੀ ਲਾਲ ਸ਼ਰਮਾ ਦੁੱਧ ਤੋਂ ਇਲਾਵਾ ਮਹਾਰਾਣਾ ਪ੍ਰਤਾਪ ਖੇਤੀ ਯੂਨੀਵਰਸਿਟੀ ਦੇ ਸੋਲਰ ਐਨਰਜੀ ਸੈਂਟਰ ਵਿੱਚ ਵਰਤਣ ਲਈ ਗੋਹਾ ਵੀ ਵੇਚਣ ਜਾਂਦਾ ਅਤੇ ਸੋਨਮ ਦੀ ਮਾਤਾ ਪਾਥੀਆਂ ਵੇਚਦੀ।
ਇੱਕ ਦਿਨ ਉਹ ਆਪਣੇ ਪਿਤਾ ਨਾਲ ਘਰੋ ਘਰੀਂ ਦੁੱਧ ਪਾ ਕੇ ਮੁੜੀ ਤਾਂ ਉਸਨੇ ਆਪਣੀ ਮਾਂ ਨੂੰ ਕਿਹਾ, ‘‘ਮੈਂ ਹੁਣ ਪਾਪਾ ਨਾਲ ਦੁੱਧ ਪਾਉਣ ਨਹੀਂ ਜਾਇਆ ਕਰਨਾ, ਮੈਨੂੰ ਸ਼ਰਮ ਆਉਂਦੀ ਐ।’’ ਮਾਂ ਵੱਲੋ ਪੁੱਛਣ ਤੇ ਸ਼ਰਮ ਕਿਉਂ ਆਉਂਦੀ ਹੈ ਉਸਨੇ ਸਪਸ਼ਟ ਕੀਤਾ, ‘‘ਕੰਮ ਕਰਨ ਤੋਂ ਸ਼ਰਮ ਨਹੀਂ ਆਉਂਦੀ, ਪਰ ਲੋਕ ਪਾਪਾ ਨੂੰ ਬਿਨਾ ਕਸੂਰ ਤੋਂ ਝਿੜਕਦੇ ਰਹਿੰਦੇ ਹਨ ਜੋ ਸਾਡੀ ਗਰੀਬੀ ਦਾ ਮਜ਼ਾਕ ਹੈ ਮੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ।’’ ਇਹਨਾਂ ਹਾਲਤਾਂ ਨੇ ਸੋਨਮ ਦੇ ਸੂਖਮ ਮਨ ਤੇ ਅਜਿਹਾ ਅਸਰ ਕੀਤਾ ਕਿ ਉਸਨੇ ਮਨ ’ਚ ਧਾਰ ਲਈ ਕਿ ਉਹ ਜਿੰਦਗੀ ’ਚ ਕੁਛ ਅਜਿਹਾ ਕਰਕੇ ਵਿਖਾਏਗੀ, ਜਿਸ ਨਾਲ ਲੋਕ ਉਸਨੂੰ ਤੇ ਉਸਦੇ ਪਰਿਵਾਰ ਨੂੰ ਮਾਣ ਸਤਿਕਾਰ ਦੇਣ।
ਸੋਨਮ ਨੇ ਮੁੱਢਲੀ ਪੜ੍ਹਾਈ ਉਦੈਪੁਰ ਇੱਕ ਸਕੂਲ ਤੋਂ ਕਰ ਕੇ ਦਸਵੀਂ ਤੇ ਬਾਹਰਵੀਂ ਜਮਾਤ ਚੋਂ ਸਿਖ਼ਰਲੀ ਪੁਜੀਸ਼ਨ ਹਾਸਲ ਕੀਤੀ। ਇਸ ਉਪਰੰਤ ਉਹ ਕਾਨੂੰਨੀ ਪੜ੍ਹਾਈ ਲਈ ਮੋਹਨ ਲਾਲ ਸੁਖੜੀਆ ਯੂਨੀਵਰਸਿਟੀ ਵਿੱਚ ਜਾ ਦਾਖ਼ਲ ਹੋਈ। ਇਹ ਪੜ੍ਹਾਈ ਕਰਦੀ ਹੋਈ ਵੀ ਉਹ ਸੁਭਾ ਗੋਹਾ ਇਕੱਠਾ ਕਰਦੀ, ਰੂੜੀ ਤੇ ਸੁਟਦੀ, ਧਾਰਾਂ ਚੋਂਦੀ ਅਤੇ ਫਿਰ ਯੂਨੀਵਰਸਿਟੀ ਜਾਂਦੀ। ਬੁਲੰਦ ਹੌਂਸਲੇ, ਨੇਕ ਖਿਆਲ ਤੇ ਮਿਹਨਤ ਸਦਕਾ ਉਸਨੇ ਪੰਜ ਸਾਲ ਦੀ ਇਸ ਪੜ੍ਹਾਈ ’ਚ ਗੋਲਡ ਮੈਡਲ ਹਾਸਲ ਕੀਤਾ ਅਤੇ ਯੂਨੀਵਰਸਿਟੀ ਨੇ ਉਸਨੂੰ ਚਾਂਸਲਰ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਪੜ੍ਹਾਈ ਪੂਰੀ ਕਰਨ ਉਪਰੰਤ ਉਸਨੇ ਸਾਲ 2017 ’ਚ ਆਰ ਜੇ ਐੱਸ ਭਾਵ ਰਾਜਸਥਾਨ ਜੁਡੀਸ਼ੀਅਲ ਸਰਵਿਸ ਲਈ ਟੈਸਟ ਦਿੱਤਾ, ਪਰ ਉਹ ਸਿਰਫ਼ ਤਿੰਨ ਨੰਬਰਾਂ ਤੇ ਪਛੜ ਗਈ। ਉਸਨੇ ਹਿੰਮਤ ਨਹੀਂ ਹਾਰੀ ਅਤੇ ਮੁੜ ਸਾਲ 2018 ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਭਾਗ ਲਿਆ, ਇਸ ਇਮਤਿਹਾਨ ਵਿੱਚ ਉਹ ਇੱਕ ਨੰਬਰ ਤੇ ਰਹਿ ਗਈ, ਪਰ ਉਸਦਾ ਨਾਂ ਉਡੀਕ ਸੂਚੀ ਵਿੱਚ ਦਰਜ ਹੋ ਗਿਆ। ਦਸੰਬਰ 2020 ਦੇ ਆਖ਼ਰੀ ਹਫ਼ਤੇ ਉਹ ਉਡੀਕ ਸੂਚੀ ਵਿੱਚੋਂ ਚੁਣੀ ਜਾ ਚੁੱਕੀ ਹੈ। ਇੱਕ ਸਾਲ ਦੀ ਟ੍ਰੇਨਿੰਗ ਹਾਸਲ ਕਰਨ ਉਪਰੰਤ ਉਹ ਰਾਜਸਥਾਨ ਵਿੱਚ ਜੱਜ ਦਾ ਅਹੁਦਾ ਸੰਭਾਲ ਲਵੇਗੀ। ਗਰੀਬੀ ਤੇ ਗੋਹੇ ਦੀ ਦਲਦਲ ਚੋਂ ਕਮਲ ਦੇ ਫੁੱਲ ਵਾਂਗ ਨਿਕਲ ਕੇ ਬਾਹਰ ਆਈ ਸੋਨਮ ਦੇ ਗੋਹਾ ਇਕੱਠਾ ਕਰਨ ਵਾਲੇ ਹੱਥ ਹੁਣ ਕਲਮ ਫੜ ਕੇ ਲੋਕਾਂ ਨੂੰ ਇਨਸਾਫ ਦੇਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ