ਚੰਡੀਗੜ੍ਹ, 22 ਜਨਵਰੀ (ਦਸਨਸ): ਡੋਰ ਟੂ ਡੋਰ ਗਾਰਬੇਜ ਯੂਨੀਅਨ ਵਲੋਂ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ ਐਮ.ਸੀ. ਦੇ ਦਫਤਰ ਸੈਕਟਰ-17 ਚੰਡੀਗੜ੍ਹ ਵਿੱਚ ਚਲ ਰਿਹਾ ਧਰਨਾ ਅੱਜ 24ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਓਮ ਪ੍ਰਕਾਸ ਕਨਵੀਨਰ ਟੀਨ ਕਾਲੋਨੀ ਸੈਕਟਰ-52 ਤੇ 56 ਚੰਡੀਗੜ੍ਹ ਨੇ ਚੰਡੀਗੜ੍ਹ ਪ੍ਰਸਾਸ਼ਨ ਦੇ ਨਾਲ-2, ਭਾਜਪਾ-ਕਾਂਗਰਸ-ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵਲੋਂ 3000 ਦਲਿਤ ਪਰਿਵਾਰਾਂ ਦਾ ਰੁਜ਼ਗਾਰ ਖੋਹਣ ਦੀ ਸਾਜਿਸ ਵਿੱਚ ਸ਼ਾਮਿਲ ਹੋ ਕੇ ਉਹਨਾਂ ਦਾ ਸ਼ੋਸਣ ਕਰਨ ਦੀ ਨਿਖੇਧੀ ਕਰਦਿਆਂ ਚੰਡੀਗੜ੍ਹ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਵਿਗੜ ਸਕਦੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਨ ਦੇ ਨਾਲ-2 ਕਿਸਾਨ ਵਿਰੋਧੀ 3 ਬਿਲਾਂ ਨੂੰ ਰੱਦ ਕਰਨ, ਬਿਜਲੀ ਐਕਟ-2020 ਰੱਦ ਕਰਨ ਤੇ ਐਮ.ਐਸ.ਪੀ. ਤੇ ਖਰੀਦ ਕਾਨੂੰਨੀ ਕਰਨ ਦੇ ਨਾਲ -2, ਕੇਂਦਰ ਸਰਕਾਰ ਵਲੋਂ ਯੂ.ਟੀ. ਚੰਡੀਗੜ੍ਹ ਬਿਜਲੀ ਬੋਰਡ ਦਾ ਨਿੱਜੀਕਰਣ ਦਾ ਫੈਸਲਾ ਵਾਪਿਸ ਕਰਨ ਦੀ ਮੰਗ ਵੀ ਕੀਤੀ।