Saturday, March 06, 2021 ePaper Magazine

ਹਰਿਆਣਾ

ਸਿਰਸਾ ’ਚ ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਕੀ ਅਧਿਕਾਰੀਆਂ ’ਚ ਕੁੰਡੀ ਫਸੀ

January 23, 2021 01:13 PM

- ਪਿਛਲੇ ਚਾਰ ਮਹੀਨਿਆਂ ਤੋ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਸਿਰਸਾ ’ਚ ਚੱਲ ਰਹੇ ਨੇ ਕਿਸਾਨਾਂ ਦੇ ਖੁਲ੍ਹੇ ਲੰਗਰ

ਸੁਰਿੰਦਰ ਪਾਲ ਸਿੰਘ
ਸਿਰਸਾ, 22 ਜਨਵਰੀ : ਸਿਰਸਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਸਬੰਧੀ ਹੁਣ ਕਿਸਾਨ ਸੰਗਠਨਾਂ ਅਤੇ ਪ੍ਰਸਾਸ਼ਕੀ ਅਧਿਕਾਰੀਆਂ ਵਿਚ ਕੁੰਡੀ ਫਸ ਗਈ ਹੈ। ਕਿਸਾਨ ਅੰਦੋਲਨ ਦੇ ਚਲਦੇ ਪਿਛਲੇ ਚਾਰ ਮਹੀਨਿਆਂ ਤੋ ਸਟੇਡੀਅਮ ‘ਚ ਧਰਨੇ ਤੇ ਬੈਠੇ ਕਿਸਾਨਾਂ ਨੇ ਇਥੇ ਲੰਗਰ ਘਰ ਲਈ ਟੈਂਟ ਲਾ ਰੱਖਿਆ ਹੈ ਜਿਸਨੂੰ ਹਟਵਾਉਣ ਲਈ ਸਿਰਸਾ ਦੇ ਪ੍ਰਬੰਧਕੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਪਰ ਕਿਸਾਨਾਂ ਨੇ ਲੰਗਰ ਘਰ ਨੂੰ ਹਟਾਉਣ ਤੋ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਦੀ ਦਲੀਲ਼ ਹੈ ਕਿ ਇਹ ਲੰਗਰ ਘਰ ਪਿਛਲੇ 106 ਦਿਨਾਂ ਵਲੋਂ ਚੱਲ ਰਿਹਾ ਹੈ ਅਤੇ ਅਜਿਹੇ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਜਿਲ੍ਹੇ ਭਰ ਦੇ ਟਰੈਕਟਰਾਂ ਨੇ ਵੀ ਇਸੇ ਸਟੇਡੀਅਮ ਵਿੱਚ ਇਕੱਠੇ ਹੋਣਾ ਹੈ। ਇਸ ਸਟੇਡੀਅਮ ਦੇ ਮੁੱਖ ਗੇਟ ਤੇ ਕਿਸਾਨਾਂ ਵਲੋਂ ਬਣਾਏ ਗਏ ਲੰਗਰ ਘਰ ਨੂੰ ਹਟਵਾਉਣ ਲਈ ਐਸਡੀਐਮ ਡਾ:ਜੈਵੀਰ ਯਾਦਵ ਨੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਜੋ ਬੇ ਸਿੱਟਾ ਰਹੀ। ਮੌਕੇ ਕਿਸਾਨਾਂ ਨੇ ਆਪਣੇ ਸਾਰੇ ਸਾਥੀਆਂ ਨਾਲ ਚੱਲ ਰਹੇ ਪੱਕਾ ਮੋਰਚੇ ਸਬੰਧੀ ਗੱਲਬਾਤ ਕੀਤੀ ਅਤੇ ਫੈਸਲਾ ਕੀਤਾ ਕਿ ਉਹ ਲੰਗਰ ਘਰ ਨੂੰ ਕਿਸੇ ਵੀ ਹਾਲਤ ਵਿਚ ਇਥੋ ਨਹੀਂ ਹਟਾਉਣਗੇ।
ਇਸੇ ਦੌਰਾਨ ਸਕਿਯੋਰਟੀ ਇੰਨਚਾਰਜ ਸਤਿਅਵਾਨ ਨੇ ਵੀ ਕਿਸਾਨਾਂ ਨੂੰ ਲੰਗਰ ਘਰ ਹਟਾਉਣ ਲਈ ਮੁਲਾਕਾਤ ਕੀਤੀ ਪਰ ਕਿਸਾਨਾਂ ਨੇ ਸਾਫ਼ ਤੌਰ ਉੱਤੇ ਮਨਾਂ ਕਰ ਦਿੱਤਾ। ਧਿਆਨ ਰਹੇ ਕਿ ਸਿਰਸਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਦੇ ਖੇਡ ਭਵਨ ਦੇ ਮੁੱਖ ਗੇਟ ਉੱਤੇ ਕਿਸਾਨਾਂ ਨੇ ਲੰਗਰ ਘਰ ਬਣਾਇਆ ਹੋਇਆ ਹੈ ਅਤੇ ਇਸ ਜਗ੍ਹਾ ਵਿੱਚ ਟੈਂਟ ਲਗਿਆ ਹੋਇਆ ਹੈ।
ਕਿਸਾਨਾਂ ਦੇ ਪੱਕਾ ਮੋਰਚੇ ਧਰਨਾ ਸਥਲ ਦੇ ਕਿਸਾਨ ਆਗੂ ਅਤੇ ਬੁਧੀਜੀਵੀ ਕਾ: ਸਵਰਨ ਸਿੰਘ ਵਿਰਕ, ਕਿਸਾਨ ਨੇਤਾ ਲਖਵਿੰਦਰ ਸਿੰਘ ਔਲਖ, ਬਾਬਾ ਗੁਰਦੀਪ ਸਿੰਘ, ਨਾਇਬ ਸਿੰਘ ਮੱਲੜੀ,ਲੱਖਾ ਸਿੰਘ ਅਲੀਕਾ, ਗੁਰਮੰਗਤ ਸਿੰਘ, ਡਾ:ਸੁਖਦੇਵ ਜੰਮੂ, ਪ੍ਰਗਟ ਸਿੰਘ ਅਤੇ ਲਾਲ ਸਿੰਘ ਆਦੀ ਨੇ ਦੱਸਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਜਨਵਰੀ ਨੂੰ ਕਿਸਾਨ ਟਰੈਕਟਰ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਸ਼ਾਮਲ ਹੋਣ ਲਈ ਜਿਲ੍ਹੇ ਦੇ ਕਿਸਾਨ ਟਰੈਕਟਰਾਂ ਅਤੇ ਹੋਰ ਵਾਹਨਾਂ ਸਮੇਤ ਪੱਕੇ ਧਰਨੇ ਵਾਲੀ ਥਾਂ ਉੱਤੇ ਪਹੁੰਚਣਗੇ ਤੇ ਅਜਿਹੇ ਵਿੱਚ ਜੇ ਕੋਈ ਸ਼ਰਾਰਤੀ ਤੱਤ ਸਰਕਾਰੀ ਪ੍ਰੋਗਰਾਮ ਵਿੱਚ ਅੜਚਨ ਪਾਉਂਦਾ ਹੈ ਤਾਂ ਉਸਦੀ ਜੁਮੇਵਾਰੀ ਕਿਸਾਨਾਂ ਦੀ ਨਹੀਂ ਬਲਕਿ ਜਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ। ਇਨ੍ਹਾਂ ਸਾਰੇ ਕਿਸਾਨ ਆਗੂਆਂ ਨੇ ਪ੍ਰਬੰਧਕੀ ਅਧਿਕਾਰੀਆਂ ਨੂੰ ਪਰੋਗਰਾਮ ਦੂਜੀ ਜਗ੍ਹਾ ਉੱਤੇ ਕਰਨ ਦੀ ਵੀ ਪੁਰਜ਼ੋਰ ਅਪੀਲ ਕੀਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ