- ਪੁਲਿਸ ਪਹਿਰੇ ’ਚ ਖਿਸਕਿਆ ਮਨੋਰੰਜਨ ਕਾਲੀਆ
ਬਠਿੰਡਾ,23 ਜਨਵਰੀ (ਏਜੰਸੀ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਬਠਿੰਡਾ ਫੇਰੀ ਦਾ ਵਿਰੋਧ ਕਰਨ ਆਏ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ। ਇੱਕ ਵਾਰ ਤਾਂ ਮਹੌਲ ਐਨਾ ਗਰਮਾ ਗਿਆ ਕਿ ਇੱਕ ਪੁਲਿਸ ਅਧਿਕਾਰੀ ਅਤੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਆਹਮੋ ਸਾਹਮਣੇ ਹੋ ਗਏ ਪਰ ਪੁਲਿਸ ਵੱਲੋਂ ਸੰਜਮ ਤੋਂ ਕੰਮ ਲੈਣ ਕਾਰਨ ਟਕਰਾਅ ਟਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਕਾਰਨ ਭਾਜਪਾ ਆਗੂ ਮਨੋਰੰਜਨ ਕਾਲੀਆ ਵੱਲੋਂ ਮਿੱਤਲ ਸਿਟੀ ਮਾਲ ਲਾਗੇ ਹੋਟਲ ਮੈਲੋਡੀ ’ਚ ਸਥਾਨਕ ਆਗੂਆਂ ਨਾਲ ਮੀਟਿੰਗ ਰੱਖੀ ਗਈ ਸੀ। ਇਸ ਪ੍ਰੋਗਰਾਮ ਨੂੰ ਦੇਖਦਿਆਂ ਹੋਟਲ ਨੂੰ ਜਾਣ ਵਾਲੇ ਰਸਤਿਆਂ ਤੇ ਬੈਰੀਕੇਡਿੰਗ ਕਰਕੇ ਇਲਾਕੇ ਨੂੰ ਪੂਰੀ ਤਰਾਂ ਸੀਲ ਕੀਤਾ ਹੋਇਆ ਸੀ।
ਪਿਛਲੇ ਕੁੱਝ ਦਿਨਾਂ ਦੌਰਾਨ ਹੋ ਰਹੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਨੂੰ ਦੇਖਦਿਆਂ ਅੱਜ ਪੁਲਿਸ ਪ੍ਰਸ਼ਾਸ਼ਨ ਨੇ ਆਮ ਨਾਲੋਂ ਦੁੱਗਣੀ ਪੁਲਿਸ ਨਫਰੀ ਤਾਇਨਾਤ ਕੀਤੀ ਹੋਈ ਸੀ। ਇੱਥੋਂ ਤੱਕ ਕਿ ਕਿਸੇ ਹੰਗਾਮੀ ਹਾਲਤ ’ਚ ਗ੍ਰਿਫਤਾਰੀਆਂ ਕਰਨ ਲਈ ਪੁਲਿਸ ਦੀਆਂ ਬੱਸਾਂ ਵੀ ਮੰਗਵਾਈਆਂ ਹੋਈਆਂ ਸਨ। ਹਾਲਾਂਕਿ ਬੀਜੇਪੀ ਲੀਡਰਸ਼ਿੱਪ ਨੇ ਇਸ ਫੇਰੀ ਨੂੰ ਪੂਰੀ ਤਰਾਂ ਗੁਪਤ ਰੱਖਿਆ ਸੀ ਪਰ ਕਿਸਾਨਾਂ ਨੂੰ ਇਸ ਦੀ ਭਿਣਕ ਪੈ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਮੋਠੂ ਸਿੰਘ ਕੋਟੜਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਕਿਸਾਨ ਔਰਤਾਂ ਦਾ ਵੱਡਾ ਕਾਫਲਾ ਮੌਕੇ ਤੇ ਪੁੱਜ ਗਿਆ।
ਇਸ ਮੌਕੇ ਕਿਸਾਨਾਂ ਨੇ ਭਾਜਪਾ ਅਤੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕਰਦਿਆਂ ਅੱਗੇ ਵਧਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ। ਕਾਫੀ ਸਮਾਂ ਦੀ ਧੱਕਾ ਮੁੱਕੀ ਤੋਂ ਬਾਅਦ ਕਿਸਾਨਾਂ ਅਤੇ ਔਰਤਾਂ ਨੇ ਬੈਰੀਕੇਡ ਪੱਟ ਦਿੱਤੇ ਅਤੇ ਨਾਅਰੇ ਮਾਰਦਿਆਂ ਹੋਟਲ ਵੱਲ ਕੂਚ ਕਰ ਗਏ ਅਤੇ ਬੈਰੀਕੇਡਾਂ ਲਾਗੇ ਧਰਨਾ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪੁਲਿਸ ਨੇ ਕਿਸਾਨਾਂ ਵੱਲੋਂ ਲਿਆਂਦੀ ਸਾਊਂਡ ਵਾਲੀ ਗੱਡੀ ਨੂੰ ਬਾਹਰਲੇ ਬੈਰੀਕੇਡਾਂ ਕੋਲੋਂ ਵਾਪਿਸ ਮੋੜ ਦਿੱਤਾ ਜਿਸ ਤਾਂ ਕਿਸਾਨ ਭੜਕ ਗਏ।
ਸ਼ਹੀਦੀਆਂ ਦੌਰਾਨ ਬੀਜੇਪੀ ਨੂੰ ਚੋਣਾਂ ਸੱਝਦੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪਾਲ ਸਿੰਘ ਦਾ ਕਹਣਾ ਸੀ ਕਿ ਭਾਰਤੀ ਜੰਤਾ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ’ਚ ਤਾਂ ਵੜਨ ਨਹੀਂ ਦਿੱਤਾ ਜਾ ਰਿਹਾ ਪਰ ਜੇ ਇਹ ਲੋਕ ਸ਼ਹਿਰਾਂ ’ਚ ਆਕੇ ਕਿਸਾਨੀ ਨੂੰ ਚਿੜਾਉਣੋ ਨਾਂ ਹਟੇ ਤਾਂ ਇਹਨਾਂ ਨੂੰ ਇੱਥੇ ਆਉਣ ਤੋਂ ਰੋਕਣ ਲਈ ਵਿਉਂਤਬੰਦੀ ਕੀਤੀ ਜਾਏਗੀ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਾਰਨ ਸੌ ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਹਨ ਜਿਸ ਕਾਰਨ ਇਹਨਾਂ ਘਰਾਂ ’ਚ ਸੋਗ ਪਿਆ ਹੋਇਆ ਹੈ ਜਦੋਂਕਿ ਬੀਜੇਪੀ ਵਾਲਿਆਂ ਨੂੰ ਚੋਣਾਂ ਸੁੱਝ ਰਹੀਆਂ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੱਕ ਭਾਜਪਾ ਦਾ ਵਿਰੋਧ ਜਾਰੀ ਰੱਖਿਆ ਜਾਏਗਾ ਅਤੇ ਪੰਜਾਬ ਦੇ ਲੋਕ ਕਿਸੇ ਵੀ ਥਾਂ ਸਮਾਗਮ ਨਹੀਂ ਕਰਨ ਦੇਣਗੇ।