ਨਵੀਂ ਦਿੱਲੀ,23 ਜਨਵਰੀ (ਏਜੰਸੀ) : ਆਸਟਰੇਲਿਆ ਖ਼ਿਲਾਫ਼ ਚਾਰ ਮੈਚਾਂ ਦੀ ਬਾਰਡਰ - ਗਾਵਸਕਰ ਟੈਸਟ ਸੀਰੀਜ਼ ਜਿੱਤਣ ਵਾਲੀ ਭਾਰਤ ਦੀ ਟੀਮ ਦੀ ਚਾਰੇ ਪਾਸਿਓਂ ਤਾਰੀਫ ਹੋ ਰਹੀ ਹੈ। ਖੇਡ ਜਗਤ ਹੀ ਨਹੀਂ ਹੋਰ ਖੇਤਰਾਂ ਦੇ ਲੋਕਾਂ ਨੇ ਵੀ ਭਾਰਤੀ ਟੀਮ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਹਨ। ਸੀਰੀਜ਼ ਜਿੱਤ 'ਤੇ ਭਾਰਤੀ ਟੀਮ ਨੂੰ ਬੀਸੀਸੀਆਈ ਨੇ ਵੀ ਇਨਾਮ ਦੇਣ ਦਾ ਐਲਾਨ ਕੀਤੀ ਹੈ। ਹੁਣ ਭਾਰਤੀ ਉਦਯੋਗਪਤੀ ਆਨੰਦ ਮਹਿੰਦਰਾ ਨੇ ਵੀ ਇਸ ਟੀਮ ਦੇ ਛੇ ਖਿਡਾਰੀਆਂ ਨੂੰ ਮਹਿੰਦਰਾ ਥਾਰ ਐੱਸਯੂਵੀ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਖਿਡਾਰੀਆਂ ਨੂੰ ਮਹਿੰਦਰਾ ਥਾਰ ਐੱਸਯੂਵੀ ਇਨਾਮ ਵਿੱਚ ਮਿਲੇਗੀ ਉਨ੍ਹਾਂ ਵਿੱਚ ਸ਼ੁਭਮਨ ਗਿੱਲ, ਮੁਹੰਮਦ ਸਿਰਾਜ, ਟੀ ਨਟਰਾਜਨ, ਵਾਸ਼ੀਂਗਟਨ ਸੁੰਦਰ, ਨਵਦੀਪ ਸੈਨੀ ਅਤੇ ਸ਼ਾਰਦੁਲ ਠਾਕੁਰ ਸ਼ਾਮਿਲ ਹਨ। ਇਨ੍ਹਾਂ ਖਿਡਾਰੀਆਂ ਨੇ ਆਸਟਰੇਲਿਆਈ ਦੌਰੇ ਉੱਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤੀ ਟੀਮ ਨੇ ਆਸਟੇਰੇਲਿਆ ਦੇ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ 2 - 1 ਨਾਲ ਆਪਣੇ ਨਾਮ ਕੀਤੀ ਹੈ। ਭਾਰਤੀ ਟੀਮ ਪਹਿਲਾ ਟੈਸਟ ਮੈਚ ਹਾਰਨ ਦੇ ਬਾਅਦ ਇਹ ਸੀਰੀਜ਼ ਜਿੱਤਣ ਵਿੱਚ ਸਫਲ ਹੋਈ ਹੈ।