ਮੁਹਾਲੀ,23 ਜਨਵਰੀ (ਏਜੰਸੀ) : ਏਵੀਅਨ ਇਨਫਲੂਐਨਜ਼ਾ ਦੇ ਫੈਲਾਅ ਤੋਂ ਬਚਾਅ ਲਈ ਡੇਰਾਬਾਸੀ ਦੇ ਪਿੰਡ ਭੇਰਾ ਦੇ ਅਲਫ਼ਾ ਪੋਲਟਰੀ ਫਾਰਮ ਵਿਖੇ ਸ਼ਨੀਵਾਰ ਨੂੰ 18,000 ਪੰਛੀਆਂ ਦੀ ਛਾਂਟੀ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 11,200 ਪੰਛੀਆਂ ਦੀ ਛਾਂਟੀ ਕੀਤੀ ਗਈ। ਇਸ ਖੇਤਰ ਵਿਚ ਕਲਿੰਗ ਆਪ੍ਰੇਸ਼ਨ ਦਾ ਇਹ ਦੂਸਰਾ ਦਿਨ ਹੈ। ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪਸ਼ੂ ਪਾਲਣ ਅਧਿਕਾਰੀਆਂ ਨੂੰ ਮਰੇ ਪੰਛੀਆਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਕਾਰਜ ਲਈ 125 ਵਿਅਕਤੀ ਅਤੇ 15 ਮਜ਼ਦੂਰ ਲੱਗੇ ਹੋਏ ਸਨ, ਜਿਸ ਵਿਚ 2 ਜੇ.ਸੀ.ਬੀ. ਮਸ਼ੀਨਾਂ ਨੂੰ ਕੰਮ ਤੇ ਲਗਾਇਆ ਗਿਆ ਜਦਕਿ 3 ਫਾਇਰ ਗਨ, 10 ਫੋਗਰਜ਼ ਅਤੇ 10 ਜੇਟ ਸੱਕਸ਼ਨ ਮਸ਼ੀਨਾਂ ਸਮੇਤ 10,000 ਕਿਲੋ ਚੂਨਾ ਸੈਨੀਟਾਈਜੇਸ਼ਨ ਨੂੰ ਯਕੀਨੀ ਬਣਾਉਣ ਲਈ ਉਪਲੱਬਧ ਕਰਾਇਆ ਗਿਆ। ਇਹ ਪ੍ਰਕਿਰਿਆ ਐਤਵਾਰ ਨੂੰ ਇਸੇ ਪੋਲਟਰੀ ਫਾਰਮ ਵਿੱਚ ਜਾਰੀ ਰਹੇਗੀ।