Wednesday, August 05, 2020 ePaper Magazine

ਸੰਪਾਦਕੀ

ਰਾਜਸਭਾ ਦੇ ਸਾਂਸਦ, ਅਪਰਾਧ ਦੇ ਮਾਮਲੇ ਤੇ ਕਰੋੜਪਤੀ

July 24, 2020 08:49 PM

ਸਮਾਜ ਵਿੱਚ ਇਹ ਪ੍ਰਭਾਵ ਸਿਰਜਿਆ ਗਿਆ ਹੈ ਕਿ ਇਹ ਦੇਸ਼ ਦੇ ਆਮ ਲੋਕ ਹੀ ਹਨ ਜੋ ਭਰਿਸ਼ਟ ਹਨ ਅਤੇ ਮੁਜ਼ਰਿਮਾਨਾਂ ਕਾਰਵਾਈਆਂ ਵਿੱਚ ਲਿਪਤ ਰਹਿੰਦੇ ਹਨ; ਨਹੀਂ ਤਾਂ ਦੇਸ਼ ਭਰਿਸ਼ਟਾਚਾਰ ਤੋਂ ਮੁਕਤ ਹੋਣਾ ਸੀ ਅਤੇ ਇਥੇ ਕੋਈ ਜ਼ੁਰਮ ਵੀ ਨਹੀਂ ਹੋਣਾ ਸੀ। ਪਰ ਅਸਲ ਵਿੱਚ ਇਹ ਪ੍ਰਭਾਵ ਬਹੁਤ ਕੁਝ ਛੁਪਾਉਣ ਲਈ ਹੀ ਸਿਰਜਿਆ ਗਿਆ ਹੈ। ਹਕੀਕਤ ਠੀਕ ਇਸ ਦੇ ਉਲਟ ਹੈ। ਭਰਿਸ਼ਟਾਚਾਰ ਹੇਠਾਂ ਤੋਂ, ਆਮ ਲੋਕਾਂ ਤੋਂ ਨਹੀਂ, ਉਪਰ ਤੋਂ, ਹੁਕਮਰਾਨਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਅਸਲ ਭਰਿਸ਼ਟਾਚਾਰ ਹੁੰਦਾ ਹੀ ਉਸ ਪੱਧਰ 'ਤੇ ਹੈ। ਇਸ ਤਰ੍ਹਾਂ ਹੀ ਬਹੁਤ ਸਾਰੇ ਜ਼ੁਰਮ ਵੀ ਹੁਕਮਰਾਨਾਂ ਦੀ ਸ਼ਹਿ 'ਤੇ ਹੁੰਦੇ ਹਨ। ਮੋਟੇ ਤੌਰ 'ਤੇ ਇਹ ਉਸ ਵਿਵਸਥਾ ਦੀ ਦੇਣ ਹੈ  ਜੋ ਸਾਡੇ ਹੁਕਮਰਾਨ ਚਲਾਉਂਦੇ ਹਨ। ਇਹੋ ਵਜ੍ਹਾ ਹੈ ਕਿ ਜਦੋਂ ਵੀ ਚੋਣਾਂ ਹੁੰਦੀਆਂ ਹਨ ਅਤੇ ਉਮੀਦਵਾਰਾਂ ਦੁਆਰਾ ਆਪਣੇ ਹਲਫਨਾਮੇ ਸੌਂਪੇ ਜਾਂਦੇ ਹਨ ਤਾਂ ਉਨ੍ਹਾਂ ਹਲਫਨਾਮਿਆਂ ਦਾ ਵਿਸ਼ਲੇਸ਼ਣ ਇਹ ਸੱਚਾਈ ਉਭਾਰਦਾ ਹੁੰਦਾ ਹੈ ਕਿ ਜ਼ਰੂਰੀ ਨਹੀਂ ਕਿ ਸਮਾਜ ਵਿੱਚ ਖ਼ੁਦ ਨੂੰ ਭਦਰਪੁਰਸ਼ ਅਖਵਾਉਣ ਵਾਲੇ ਤਾਕਤਵਰ ਲੋਕ ਭਰਿਸ਼ਟਾਚਾਰ ਜਾਂ ਅਪਰਾਧ ਤੋਂ ਮੁਕਤ ਹੀ ਹੋਣ।
ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਸੰਸਦ ਵਿੱਚ ਬੈਠਣ ਵਾਲੇ ਸਿਆਸੀ ਨੇਤਾ ਅਪਰਾਧ ਅਤੇ ਭਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚੇ ਨਹੀਂ ਹਨ। ਰਾਜ ਸਭਾ ਦੇ ਮੈਂਬਰਾਂ ਬਾਰੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ (ਏਡੀਆਰ) ਦੀ ਪਿਛਲੇ ਬੁੱਧਵਾਰ ਜਾਰੀ ਕੀਤੀ ਰਿਪੋਰਟ ਇਸੇ ਤੱਥ ਦੀ ਪੁਸ਼ਟੀ ਕਰਦੀ ਹੈ। ਏਡੀਆਰ ਦੀ ਰਿਪੋਰਟ ਸੰਸਦ ਮੈਂਬਰਾਂ ਵੱਲੋਂ ਖ਼ੁਦ ਹੀ ਦਿੱਤੇ ਹਲਫਨਾਮਿਆਂ 'ਤੇ ਅਧਾਰਿਤ ਹੈ। ਇਨ੍ਹਾਂ ਹਲਫਨਾਮਿਆਂ ਤੋਂ ਪਤਾ ਚਲਦਾ ਹੈ ਕਿ ਰਾਜ ਸਭਾ ਦੇ ਇਕ ਚੌਥਾਈ ਮੈਂਬਰਾਂ ਨੇ ਪ੍ਰਵਾਨ ਕੀਤਾ ਹੈ ਕਿ ਉਨ੍ਹਾਂ ਵਿਰੁੱਧ ਅਪਰਾਧ ਦਾ ਕੋਈ ਨਾ ਕੋਈ ਮਾਮਲਾ ਦਰਜ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੀ ਰਿਪੋਰਟ ਮੁਤਾਬਿਕ ਰਾਜ ਸਭਾ ਦੇ ਮੌਜ਼ੂਦਾ 233 ਮੈਂਬਰਾਂ ਵਿੱਚੋਂ ਰਾਜ ਸਭਾ ਦੇ 229 ਮੈਂਬਰਾਂ  (ਕਿਉਂਕਿ 3 ਸੀਟਾਂ ਖਾਲੀ ਹਨ ਅਤੇ ਇਕ ਸਾਂਸਦ ਦਾ ਹਲਫਨਾਮਾ ਮਿਲ ਨਹੀਂ ਰਿਹਾ) ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਰਾਜ ਸਭਾ ਦੇ 54 ਸਾਂਸਦਾਂ 'ਤੇ ਅਪਰਾਧ ਦਾ ਮੁਕਦਮਾ ਚਲ ਰਿਹਾ ਹੈ। ਇਹ ਕੁੱਲ ਸਾਂਸਦਾਂ ਵਿੱਚੋਂ 24 ਪ੍ਰਤੀਸ਼ਤ ਸਾਂਸਦ ਬਣਦੇ ਹਨ। ਇਨ੍ਹਾਂ ਵਿੱਚ 28 ਜਾਂ 12 ਪ੍ਰਤੀਸ਼ਤ ਅਜਿਹੇ ਸਾਂਸਦ ਹਨ ਜਿਨ੍ਹਾਂ ਵਿਰੁੱਧ ਸੰਗੀਨ ਅਪਰਾਧ ਦੇ ਕੇਸ ਦਰਜ ਹਨ। ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਦੇ 77 ਸਾਂਸਦਾਂ ਵਿੱਚੋਂ 14 ਸਾਂਸਦਾਂ ਅਤੇ ਕਾਂਗਰਸ ਦੇ ਰਾਜ ਸਭਾ ਦੇ 40 ਸਾਂਸਦਾਂ ਵਿਚੋਂ 8 ਸਾਂਸਦਾਂ ਵਿਰੁੱਧ ਅਪਰਾਧ ਦੇ ਮਾਮਲੇ ਚਲ ਰਹੇ ਹਨ।
ਸਾਡੇ ਸਾਂਸਦ ਕਿੰਨਾ ਕੁ ਆਮ ਲੋਕਾਂ ਵਿਚੋਂ ਹਨ, ਇਸ ਦਾ ਪਤਾ ਵੀ ਹਲਫਨਾਮਿਆਂ ਤੋਂ ਲੱਗਦਾ ਹੈ। ਅਸਲ ਵਿੱਚ ਸਾਡੇ ਸਾਂਸਦ ਅਮੀਰ ਵਰਗ ਵਿਚੋਂ ਆ ਰਹੇ ਹਨ। ਏਡੀਆਰ ਦੇ ਵਿਸ਼ਲੇਸ਼ਣ ਅਨੁਸਾਰ ਰਾਜ ਸਭਾ ਦੇ 229 ਸਾਂਸਦਾਂ ਵਿਚੋਂ 203 ਸਾਂਸਦ ਕਰੋੜਪਤੀ ਹਨ। ਰਾਜ ਸਭਾ ਦੇ ਭਾਰਤੀ ਜਨਤਾ ਪਾਰਟੀ ਦੇ 90 ਪ੍ਰਤੀਸ਼ਤ, ਅਤੇ ਕਾਂਗਰਸ ਦੇ 93 ਪ੍ਰਤੀਸ਼ਤ ਸਾਂਸਦ ਕਰੋੜਪਤੀ ਹਨ ।  ਏਆਈਏਡੀਐਮਕੇ ਦੇ ਰਾਜ ਸਭਾ ਦੇ ਸਾਰੇ ਦੇ ਸਾਰੇ ਯਾਨੀ 100 ਪ੍ਰਤੀਸ਼ਤ ਅਤੇ ਤ੍ਰਿਣਮੂਲ ਕਾਂਗਰਸ ਦੇ 69 ਪ੍ਰਤੀਸ਼ਤ ਸਾਂਸਦ ਕਰੋੜਪਤੀ ਹਨ। ਜਨਤਾ ਦਲ (ਯੁਨਾਇਟਿਡ) ਦਾ ਬਿਹਾਰ ਦੇ ਸਾਂਸਦ ਮਹਿੰਦਰ ਪ੍ਰਸਾਦ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਹੈ। ਸਮਾਜਵਾਦੀ ਪਾਰਟੀ ਦੀ ਉਤਰਪ੍ਰਦੇਸ਼ ਤੋਂ ਸਾਂਸਦ ਅਦਾਕਾਰ ਅਮਿਤਾਭ ਬੱਚਨ ਦੀ ਪਤਨੀ ਸਾਬਕਾ ਅਦਾਕਾਰ ਜਯਾ ਬੱਚਨ ਨੇ ਹਲਫਨਾਮੇ 'ਚ ਆਪਣੀ ਜਾਇਦਾਦ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਦੱਸੀ ਹੈ। ਬਹਰਹਾਲ, 5.48 ਲੱਖ (ਭਾਜਪਾ ਦਾ ਐਮਐਸ ਲੀਸ਼ੇਂਬਾ), 6.6 ਲੱਖ (ਆਮ ਆਦਮੀ ਪਾਰਟੀ) ਦਾ ਸੰਜੇ ਸਿੰਘ) ਦੀ ਜਾਇਦਾਦ ਵਾਲੇ ਵੀ ਹਨ ਪਰ ਕਰੋੜਪਤੀਆਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਉਹ ਹੀ ਹਾਵੀ ਹਨ। ਦੇਸ਼ ਦੀ ਜਮਹੂਰੀ ਵਿਵਸਥਾ ਲਈ ਇਹ ਰੁਝਾਨ ਨਰੋਆ ਨਹੀਂ ਹੈ । ਸਿਆਸਤ ਵਿੱਚ ਪੈਸੇ ਦਾ ਦਖਲ ਬਹੁਤ ਵੱਧ ਗਿਆ ਹੈ ਅਤੇ ਇਸ ਖੇਤਰ ਵਿੱਚ ਆਮ ਆਦਮੀ ਦੀ ਭੂਮਿਕਾ ਮਾਤਰ ਵੋਟ ਪਾਉਣ ਤੱਕ ਸੀਮਤ ਹੋ ਗਈ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਲੋਕਾਂ ਦੀ ਤਾਕਤ ਸੁਧਾਰ ਕਰਨ ਦੇ ਯੋਗ ਨਹੀਂ ਰਹੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ