Wednesday, August 05, 2020 ePaper Magazine
BREAKING NEWS
ਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤਭਾਰਤ 'ਚ ਤਿੰਨ ਟੀਕਿਆਂ 'ਤੇ ਚੱਲ ਰਿਹਾ ਹੈ ਕੰਮ, ਟ੍ਰਾਇਲ ਦੂਜੇ ਪੜਾਅ 'ਚ ਹਰਿਆਣਾ ਦਾ ਲੋਕਲ ਬਾਡੀ ਵਿਭਾਗ ਮੁਕੰਮਲ ਤੌਰ 'ਤੇ ਔਨਲਾਈਨ ਹੋਇਆ

ਲੇਖ

ਰੱਜੀ ਰੂਹ ਵਾਲਾ ਬਾਬਾ

July 24, 2020 08:52 PM

ਬਲਵਿੰਦਰ ਸਿੰਘ ਭੁੱਲਰ

ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਦ ਹਰ ਪਾਸੇ ਲੁੱਟ ਮੱਚੀ ਹੋਈ ਹੈ, ਅਜਿਹੇ ਸਮੇਂ ਰੱਜੀ ਰੂਹ ਵਾਲੇ ਇੱਕ ਬਾਬੇ ਨਾਲ ਹੋਈ ਗੱਲਬਾਤ ਜਿੱਥੇ ਹੈਰਾਨੀ ਪ੍ਰਗਟ ਕਰਦੀ ਹੈ, ਉੱਥੇ ਤਸੱਲੀ ਵੀ ਦਿੰਦੀ ਹੈ। ਤਸੱਲੀ ਇਸ ਗੱਲੋਂ ਹੈ ਕਿ ਦੇਸ਼ ਸਮਾਜ ਦਾ ਸਮੁੱਚਾ ਤਾਣਾ ਬਾਣਾ ਉਲਝਣ ਦੇ ਬਾਵਜੂਦ ਵੀ ਸਬਰ ਸੰਤੋਖ ਵਾਲੇ ਤੇ ਰੱਜੀ ਰੂਹ ਵਾਲੇ ਇਨਸਾਨ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਜਿਉਂਦੇ ਹਨ।    
ਚਿੱਟਾ ਦਾਹੜਾ, ਨੀਲੀ ਪੱਗ, ਚਿੱਟਾ ਘਸਮੈਲਾ ਜਿਹਾ ਕੁੜਤਾ ਪਜਾਮਾ, ਹੱਥ 'ਚ ਖੂੰਢਾ ਫੜੀ ਇਹ ਬਾਬਾ ਹਰ ਮੱਸਿਆ ਪੁੰਨਿਆਂ, ਪਵਿੱਤਰ ਦਿਹਾੜੇ ਤੇ ਛੇਹਰਟਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਮੂਹਰੇ ਇੱਕ ਛੋਟੀ ਜਿਹੀ ਭਾਰ ਤੋਲਣ ਵਾਲੀ ਮਸ਼ੀਨ ਲੈ ਕੇ ਪਹੁੰਚ ਜਾਂਦਾ ਹੈ, ਸੜਕ ਦੇ ਕਿਨਾਰੇ ਮਸ਼ੀਨ ਰਖਦਿਆਂ ਗਾਹਕਾਂ ਦੀ ਉਡੀਕ ਕਰਦਾ ਹੈ। ਇਸ ਤਰ੍ਹਾਂ ਉਹ ਦਿਨ ਭਰ 'ਚ ਕਰੀਬ ਡੇਢ ਸੌ ਰੁਪਏ ਕਮਾ ਲੈਂਦਾ ਹੈ। ਉਸ ਅਨੁਸਾਰ ਹਰ ਹਫ਼ਤੇ ਇੱਕ ਦਿਨ ਅਜਿਹਾ ਆਉਂਦਾ ਹੈ, ਜਦੋਂ ਉਸਨੂੰ ਦਵਾਈ ਬੂਟੀ ਆਦਿ ਲਈ ਏਨੀ ਕੁ ਰਕਮ ਇਕੱਠੀ ਹੋ ਹੀ ਜਾਂਦੀ ਹੈ। ਉਸ ਅਨੁਸਾਰ ਇੱਕ ਮੰਦਰ ਵੱਲੋਂ ਉਸ ਨੂੰ ਹਰ ਮਹੀਨੇ ਕੁੱਝ ਰਾਸ਼ਨ ਦਿੱਤਾ ਜਾਂਦਾ ਹੈ, ਹੋਰ ਵੀ ਕੋਈ ਸੱਜਣ ਅਜਿਹੀ ਮੱਦਦ ਕਰ ਦਿੰਦਾ ਹੈ। ਉਹ ਬੜੇ ਬੇਫਿਕਰੇ ਜਿਹੇ ਬੋਲਾਂ ਨਾਲ ਕਹਿੰਦੈ, ''ਦੋ ਦੋ ਫੁਲਕੇ ਖਾ ਕੇ ਰੱਬ ਰੱਬ ਕਰ ਛੱਡੀਦੈ, ਬੱਸ ਐਂ ਹੀ ਜ਼ਿੰਦਗੀ ਦੇ ਰਹਿੰਦੇ ਦਿਹਾੜੇ ਲੰਘ ਜਾਣਗੇ।''  
ਇਲਾਕੇ ਦੇ ਇੱਕ ਨੌਜਵਾਨ ਨੇ ਇਸ ਬਾਬੇ ਦੀ ਫੋਟੋ ਖਿੱਚ ਕੇ ਸੰਖੇਪ ਜਿਹੇ ਵੇਰਵੇ ਸਮੇਤ ਫੇਸਬੁੱਕ ਤੇ ਪਾ ਦਿੱਤੀ। ਜਿਸਨੂੰ ਪੜ੍ਹਦਿਆਂ ਵਿਦੇਸ਼ੀਂ ਵਸਦੇ ਕੁੱਝ ਪੰਜਾਬੀਆਂ ਨੇ ਬਾਬੇ ਦੀ ਮੱਦਦ ਕਰਨ ਦਾ ਫੈਸਲਾ ਕਰਦਿਆਂ ਧੰਨ ਮਾਤਾ ਗੁਜਰੀ ਟਰਸਟ ਜਗਰਾਵਾਂ ਦੇ ਵਰਕਰਾਂ ਨੂੰ ਬਾਬੇ ਨਾਲ ਸੰਪਰਕ ਕਰਕੇ ਦਸ ਹਜ਼ਾਰ ਰੁਪਏ ਦੀ ਸਹਾਇਤਾ ਕਰਨ ਤੇ ਹੋਰ ਮੱਦਦ ਲਈ ਪੁੱਛਣ ਵਾਸਤੇ ਭੇਜਿਆ। ਜਥੇਬੰਦੀ ਦੇ ਵਰਕਰ ਜਦ ਬਾਬੇ ਦੇ ਘਰ ਗਏ ਤਾਂ ਨਾਜੁਕ ਹਾਲਤ ਦੇਖਦਿਆਂ ਉਹਨਾਂ ਦਾ ਦਿਲ ਵੀ ਪਸੀਜਿਆ ਗਿਆ।
ਇੱਕ ਕਮਰੇ ਦੇ ਹੀ ਇਸ ਮਕਾਨ ਦੇ ਦੋ ਬਾਲੇ ਟੁੱਟੇ ਹੋਏ ਸਨ, ਜਿਹਨਾਂ ਹੇਠ ਸਪੋਟਾਂ ਲਾ ਕੇ ਛੱਤ ਡਿੱਗਣ ਤੋਂ ਬਚਾਈ ਹੋਈ ਹੈ। ਘਰ ਦਾ ਸਮਾਨ ਲੀੜੇ ਕੱਪੜੇ ਖਿੰਡੇ ਪਏ ਹਨ, ਦੋਵੇ ਪਤੀ ਪਤਨੀ ਬਜੁਰਗ ਹੋਣ ਕਾਰਨ ਸਾਫ਼ ਸਫਾਈ ਕਰਨ ਤੋਂ ਵੀ ਅਸਮਰੱਥ ਹਨ ਜਿਸ ਕਰਕੇ ਸਮਾਨ ਤੇ ਰੇਤਾ ਚੜ੍ਹਿਆ ਪਿਆ ਹੈ। ਬਾਬਾ ਮੰਜੇ 'ਤੇ ਬੈਠਾ ਹੈ ਤੇ ਅੰਬੋ ਕੋਲ ਫੱਟੀ ਤੇ ਬੈਠੀ ਹੈ, ਔਲਾਦ ਹੈ ਕੋਈ ਨਹੀਂ। ਉਹਨਾਂ ਦਾ ਸੰਸਾਰ ਬੱਸ ਇਹੋ ਕਮਰਾ ਹੈ।
ਨੌਜਵਾਨ ਵਰਕਰਾਂ ਨੇ ਕਮਰੇ ਵਿੱਚ ਵੜ੍ਹਦਿਆਂ ਫਤਹਿ ਬੁਲਾਈ ਤਾਂ ਬਾਬੇ ਨੇ ਬੜੇ ਹੌਂਸਲੇ ਨਾਲ ਜੁਆਬ ਦਿੱਤਾ। ਫਿਰ ਨੌਜਵਾਨਾਂ ਨੇ ਆਪਣੀ ਪਛਾਣ  ਕਰਾਉਂਦਿਆਂ ਤੇ ਵਿਦੇਸ਼ੀ ਸੱਜਣਾਂ ਦਾ ਸੁਨੇਹਾ ਦਿੰਦਿਆਂ ਕਿਹਾ, ''ਬਾਬਾ ਜੀ ਤੁਹਾਡੇ ਘਰ ਦੀ ਹਾਲਤ ਬਹੁਤ ਖਸਤਾ ਹੈ, ਡਿੱਗਣ ਵਾਲਾ ਹੈ, ਅਸੀਂ ਤੁਹਾਡੇ ਲਈ ਨਵਾਂ ਘਰ ਬਣਾ ਦੇਈਏ।'' ਇਹ ਸੁਣਦਿਆਂ ਬਾਬੇ ਦਾ ਜਵਾਬ ਸੀ, ''ਨਾ ਭਾਈ ਜੁਆਨੋਂ ਮੈਂ ਘਰ ਨਹੀ ਬਣਵਾਉਣਾ, ਪਤਾ ਨਹੀਂ ਦੋ ਮਹੀਨੇ ਹੋਰ ਹਨ ਜਾਂ ਚਾਰ, ਮੈਂ ਇਸੇ ਕੁੱਲੀ ਵਿੱਚ ਹੀ ਆਪਣਾ ਜੀਵਨ ਪੂਰਾ ਕਰਨੈ।'' ਇਸ ਉਪਰੰਤ ਨੌਜਵਾਨਾਂ ਨੇ ਉਸਨੂੰ ਇੱਕ ਲਫ਼ਾਫਾ ਫੜਾਇਆ, ਜੋ ਉਸਨੇ ਮੰਜੇ ਤੇ ਰੱਖ ਲਿਆ। ਨੌਜਵਾਨਾਂ ਦੱਸਿਆ ਕਿ ਬਾਬਾ ਜੀ ਇਸ ਲਫ਼ਾਫੇ ਵਿੱਚ ਦਸ ਹਜ਼ਾਰ ਰੁਪਏ ਹਨ, ਇਹ ਤੁਹਾਡੀ ਮੱਦਦ ਹੈ। ਇੱਕ ਵਾਰ ਇਹ ਰੱਖੋ ਫੇਰ ਸਾਡੇ ਸਾਥੀ ਗੇੜਾ ਮਾਰਦੇ ਰਹਿਣਗੇ, ਜਿਸ ਚੀਜ਼ ਦੀ ਲੋੜ ਹੋਵੇਗੀ ਪਹੁੰਚਾ ਦਿਆ ਕਰਨਗੇ।
ਇਹ ਸੁਣ ਕੇ ਬਾਬੇ ਨੇ ਹੱਥ ਜੋੜਦਿਆਂ ਕਿਹਾ, ''ਭਾਈ ਐਨੀ ਰਕਮ ਮੈਂ ਕੀ ਕਰਨੀ ਐ, ਦੋ ਚਾਰ ਸੌ ਦਵਾਈ ਬੂਟੀ ਲਈ ਬਥੇਰਾ ਹੁੰਦੈ, ਇਹ ਤੁਸੀਂ ਵਾਪਸ ਲੈ ਜਾਓ।'' ਨੌਜਵਾਨਾਂ ਨੇ ਇਹ ਲਫ਼ਾਫਾ ਵਾਪਸ ਨਾ ਲਿਆ। ਜਦ ਉਹ ਤੁਰਨ ਲੱਗੇ ਤਾਂ ਬਾਬੇ ਨੇ ਫਿਰ ਕਿਹਾ, ''ਭਾਈ ਇਹ ਪੈਸੇ ਲੈ ਜਾਓ, ਮੈਥੋਂ ਐਨਾ ਭਾਰ ਝੱਲਿਆ ਨੀਂ ਜਾਣਾ।'' ਏਹਨਾਂ ਹਾਲਾਤਾਂ ਵਿੱਚ ਵੀ ਬਾਬੇ ਦੀ ਆਵਾਜ਼ ਵਿੱਚ ਗੜਕਾ ਸੀ, ਹੌਂਸਲਾ ਸੀ, ਤਸੱਲੀ ਸੀ, ਸਬਰ ਸੀ।
ਨੌਜਵਾਨ, ਬਾਬੇ ਦੇ ਹੱਥ ਘੁਟਦਿਆਂ ਤੇ ਅਰਾਮ ਕਰਨ ਦੀ ਸਲਾਹ ਦਿੰਦਿਆਂ ਕਮਰੇ ਚੋਂ ਬਾਹਰ ਆ ਰਹੇ ਸਨ ਤਾਂ ਉਹਨਾਂ ਦੀਆਂ ਅੱਖਾਂ ਨਮ ਹੋ ਚੁੱਕੀਆਂ ਸਨ। ਐਨਾ ਸਬਰ ਸੰਤੋਖ ਤੇ ਐਨੀ ਰੱਜੀ ਰੂਹ ਵਾਲਾ ਬਾਬਾ, ਅੱਜ ਦੇ ਜ਼ਮਾਨੇ ਵਿੱਚ, ਸ਼ਾਇਦ ਐਹੋ ਜਿਹੇ ਸੰਤੋਖੀ ਸੱਜਣਾਂ ਦੇ ਸਹਾਰੇ ਹੀ ਦੁਨੀਆਂ ਚੱਲੀ ਜਾਂਦੀ ਹੈ।… ਬਾਬੇ ਦੇ ਸਬਰ ਅੱਗੇ ਸਿਰ ਝੁਕ ਜਾਂਦੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ