Sunday, February 28, 2021 ePaper Magazine
BREAKING NEWS
4500 ਨਸ਼ੀਲੀ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂਤਰਨਤਾਰਨ-ਕਰਜ਼ ਹੇਠ ਦਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਬਠਿੰਡਾ ਪੁਲਸ ਨੇ ਰੈੱਡ ਮਰਕਰੀ ਦੀ ਸੇਲ ਦਾ ਕੀਤਾ ਪਰਦਾਫਾਸ਼ਪੰਜਾਬ ‘ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5825, ਅੱਜ 595 ਨਵੇਂ ਕੇਸ ‘ਤੇ 11 ਮੌਤਾਂ ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ ਜ਼ੀਰਕਪੁਰ ਦੇ ਦੋ ਨਸ਼ਾ ਤਸੱਕਰ ਅਫੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ ਗਿਰਫ਼ਤਾਰ , ਇਕ ਕਾਰਗਿਲ ਜੰਗ ਦਾ ਫੌਜੀ ਹੈ ਨਵਾਂਸ਼ਹਿਰ ‘ਚ ਸਿਹਤ ਬੀਮਾ ਈ-ਕਾਰਡ ਬਣਾਉਣ ਲਈ ਐਤਵਾਰ ਨੂੰ ਖੁੱਲੇ ਰਹਿਣਗੇ ਸੇਵਾ ਕੇਂਦਰਸ਼੍ਰੋਮਣੀ ਕਮੇਟੀ ਵੱਲੋਂ ਨੇ ਮਨਾਇਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾਬੀਬੀ ਜਗੀਰ ਕੌਰ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਧਰਮ ਪ੍ਰਚਾਰ ਕਮੇਟੀ ਦੇ ਕਲਰਕ ਰਵੇਲ ਸਿੰਘ ਨੂੰ ਸੇਵਾਮੁਕਤ ਹੋਣ ’ਤੇ ਕੀਤਾ ਸਨਮਾਨਿਤ

ਸੰਪਾਦਕੀ

ਜਿੱਤ ਨੂੰ ਲੋਕ ਸੇਵਾ ਵਧਾਉਣ ਦਾ ਮੌਕਾ ਸਮਝੇ ਕਾਂਗਰਸ

February 19, 2021 11:01 AM

ਪੰਜਾਬ ਵਿਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਨਿਸ਼ਚੇ ਹੀ ਨਤੀਜੇ ਦੂਰ ਦੇ ਨਤੀਜੇ ਕੱਢਣ ਵਾਲੇ ਹਨ। ਮੋਹਾਲੀ ਨਗਰ ਨਿਗਮ ਲਈ ਕੁਝ ਥਾਂਈ ਮੁੜ ਵੋਟਾਂ ਪੈਣ ਕਾਰਨ ਨਤੀਜੇ ਅਗਲੇ ਦਿਨ, 18 ਫਰਵਰੀ ਨੂੰ ਆਏ ਹਨ। ਇਥੇ ਵੀ ਕਾਂਗਰਸ ਦੀ ਵੱਡੀ ਜਿੱਤ ਹੋਈ ਹੈ। ਪੰਜਾਬ ਭਰ ਵਿਚ ਕਾਂਗਰਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਕਾਂਗਰਸ ਦੇ ਪ੍ਰਮੁੱਖ ਨੇਤਾ ਇਸ ਜਿੱਤ ਨੂੰ ਅਗਲੇ ਸਾਲ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਲਈ ਰਾਹ ਤਿਆਰ ਕਰਨ ਵਾਲੀ ਦੱਸ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖ ਚੁੱਕੇ ਹਨ ਕਿ ਸੂਬਾਈ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਜਿੱਤ ਪੰਜਾਬ ਸਰਕਾਰ ਦੀਆਂ ਵਿਕਾਸ ਮੁੱਖੀ ਨੀਤੀਆਂ ਦੇ ਹੱਕ ਵਿਚ ਅਤੇ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਤੇ ਆਪ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਫ਼ਤਵਾ ਹੈ ਅਤੇ ਇਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਝਲਕ ਹਨ। ਕਾਂਗਰਸ ਦੀ ਵੱਡੀ ਜਿੱਤ ਦੇ ਕਈ ਕਾਰਨ ਹਨ।
ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚ ਸਥਾਪਤ ਮੋਦੀ ਸਰਕਾਰ ਦੁਆਰਾ ਲਿਆਂਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਕਿਸਾਨਾਂ ਦੁਆਰਾ ਵਿਰੋਧ ਇਕ ਵੱਡਾ ਕਾਰਨ ਹੈ। ਪੰਜਾਬ ’ਚ ਪਿਛਲੇ ਸਾਲ ਜੂਨ ਮਹੀਨੇ ਵਿਚ ਇਨ੍ਹਾਂ ਕਾਨੂੰਨਾਂ ਲਈ ਆਏ ਆਰਡੀਨੈਂਸਾਂ ਨਾਲ ਹੀ ਇਨ੍ਹਾਂ ਦਾ ਜਬਰਦਸਤ ਵਿਰੋਧ ਸ਼ੁਰੂ ਹੋ ਗਿਆ ਸੀ। ਇਨ੍ਹਾਂ ਕਿਸਾਨ ਮਾਰੂ ਆਰਡੀਨੈਂਸਾਂ ਬਾਰੇ ਅਕਾਲੀ ਦਲ ਦੁਆਰਾ ਮੁੱਢਲੇ ਦੌਰ ਵਿਚ ਅਪਣਾਈ ਪਹੁੰਚ ਅਤੇ ਪੂਰੇ ਪੱਖ ਕਾਰਨ ਪੰਜਾਬ ਦੇ ਲੋਕਾਂ ਵਿਚ ਅਕਾਲੀ ਦਲ ਦੇ ਆਧਾਰ ਨੂੰ ਭਾਰੀ ਖੋਰਾ ਲੱਗਿਆ ਹੈ। ਖੁਸ ਰਿਹਾ ਕਿਸਾਨੀ ਆਧਾਰ ਖੁਦ ਅਕਾਲੀ ਦਲ ਦੇ ਆਗੂਆਂ ਨੇ ਮਹਿਸੂਸ ਕਰ ਲਿਆ ਸੀ ਪਰ ਜਦੋਂ ਤੱਕ ਇਸ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲੋਂ ਨਾਤਾ ਤੋੜਿਆ ਅਤੇ ਕੌਮੀ ਜਮਹੂਰੀ ਗਠਜੋੜ (ਐਨਡੀਏ) ਵਿਚੋਂ ਬਾਹਰ ਆਇਆ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਨੁਕਸਾਨ ਹੋ ਚੁੱਕਾ ਸੀ। ਇਸ ਦਾ ਝਲਕਾਰਾ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਦਿਖਿਆ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ 22 ਸਾਲ ਬਾਅਦ ਵੱਖ-ਵੱਖ ਤੌਰ ’ਤੇ ਚੋਣ ਲੜੇ ਹਨ। ਇੱਕਲਿਆਂ ਚੋਣ ਲੜਦਿਆਂ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰ ਤਾਂ ਵੱਡੀ ਗਿਣਤੀ ਵਿਚ ਚੋਣ-ਮੈਦਾਨ ਵਿਚ ਉਤਾਰੇ ਪਰ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿਚ ਵੀ ਬੁਰੀ ਤਰ੍ਹਾਂ ਹਾਰ ਜਾਣ ਨਾਲ ਇਸ ਨੂੰ ਨਵਾਂ ਖਤਰਾ ਖੜਾ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਹਿਰੀ ਖੇਤਰਾਂ ਵਿਚ ਵੀ ਲੋਕਾਂ ਦੇ ਰੋਹ ਦਾ ਨਿਸ਼ਾਨਾ ਬਣਨਾ ਪਿਆ। ਮਾੜੀ ਗੱਲ ਇਹ ਹੋਈ ਕਿ ਕਈ ਥਾਵਾਂ ’ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨਾਲ ਲੋਕ ਹੱਥੋਪਾਈ ਵੀ ਹੁੰਦੇ ਨਜ਼ਰ ਹੁੰਦੇ ਆਏ। ਪੰਜਾਬ ਸਰਕਾਰ ਨੂੰ ਲੋਕਾਂ ਦੇ ਰੋਹ ਨੂੰ ਵੇਖਦਿਆਂ ਇਨ੍ਹਾਂ ਉਮੀਦਵਾਰਾਂ ਨੂੰ ਸ਼ੁਰੂ ਤੋਂ ਹੀ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਸੀ। ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਆਖਰੀ ਸਾਲਾਂ ਵਿਚ ਵੀ ਵਿਰੋਧੀ ਪਾਰਟੀਆਂ ਸਰਕਾਰ ਦੀ ਮਾੜੀ ਕਾਰਗੁਜ਼ਾਰੀ, ਭ੍ਰਿਸ਼ਟਾਚਾਰ ਜਾਂ ਵਿਕਾਸ ਨਾ ਹੋਣ ਬਾਰੇ ਬਹੁਤਾ ਪ੍ਰਚਾਰ ਨਹੀਂ ਕਰ ਸਕੀਆਂ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜੀ ਨਜ਼ਰ ਆਈ।
ਬਹਰਹਾਲ, ਕਾਂਗਰਸ ਸਥਾਨਕ ਸਰਕਾਰ ਦੇ ਕੁੱਲ 2165 ਵਾਰਡਾਂ ਵਿਚੋਂ 1399 ਵਾਰਡਾਂ ਵਿਚ ਜੇਤੂ ਰਹੀ ਹੈ। ਅਬੋਹਰ ਵਿਚ 50 ਸੀਟਾਂ ਵਿਚੋਂ 49 ਇਸ ਦੇ ਖਾਤੇ ਗਈਆਂ ਹਨ। ਕਪੂਰਥਲਾ ਵਿਚੋਂ ਕਾਂਗਰਸ ਨੂੰ 50 ਸੀਟਾਂ ਵਿਚੋਂ 47, ਬਠਿੰਡਾ ਵਿਚ 50 ਸੀਟਾਂ ਵਿਚੋਂ 43 ਅਤੇ ਹੋਸ਼ਿਆਰਪੁਰ ਵਿਚ 50 ਸੀਟਾਂ ਵਿਚੋਂ 41 ਸੀਟਾਂ ’ਤੇ ਜਿੱਤ ਮਿਲੀ ਹੈ। ਬਠਿੰਡਾ ਵਿਚ ਕਾਂਗਰਸ ਦਾ 43 ਸਾਲ ਬਾਅਦ ਮੇਅਰ ਬਣਨ ਜਾ ਰਿਹਾ ਹੈ। ਜ਼ੀਰਕਪੁਰ ਵਿਚ 21 ਸਾਲ ਬਾਅਦ ਕਾਂਗਰਸ ਅੱਗੇ ਹੋਈ ਹੈ। ਗੁਰਦਾਸਪੁਰ ਵਿਚ ਸਾਰੀਆਂ 29 ਸੀਟਾਂ ਸੀਟਾਂ ’ਤੇ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਮੁੂੰਹ ਵੇਖਣਾ ਪਿਆ ਹੈ। ਨਗਰ ਨਿਗਮਾਂ ਦੀਆਂ ਕੁੱਲ 400 ਸੀਟਾਂ ਵਿਚੋਂ ਕਾਂਗਰਸ ਨੂੰ 318 ’ਤੇ ਜਿੱਤ ਮਿਲੀ ਹੈ ਜਦੋਂ ਕਿ ਅਕਾਲੀ ਦਲ ਨੂੰ 33 ਅਤੇ ਭਾਰਤੀ ਜਨਤਾ ਪਾਰਟੀ ਨੂੰ 20, ਆਪ ਨੂੰ 9 ’ਤੇ ਜਿੱਤ ਮਿਲੀ ਹੈ। 20 ਆਜ਼ਾਦ ਜਿੱਤੇ ਹਨ। 109 ਮਿਉਸਿਂਪਲ ਕੌਂਸਲਾਂ ਦੇ 1751 ਵਾਰਡਾਂ ਵਿਚ ਕਾਂਗਰਸ 1164 ’ਤੇ ਜਿੱਤੀ ਹੈ। ਅਕਾਲੀ ਦਲ ਨੂੰ 279 , ਭਾਰਤੀ ਜਨਤਾ ਪਾਰਟੀ ਨੂੂੰ 36, ਆਪ ਨੂੰ 52, ਬਹੁਜਨ ਸਮਾਜ ਪਾਰਟੀ ਨੂੰ 13 ਅਤੇ ਭਾਰਤੀ ਕਮਿਊਨਿਸਟ ਪਾਰਟੀ ਨੂੰ 12 ਸੀਟਾਂ ਮਿਲੀਆਂ ਹਨ। 191 ਆਜ਼ਾਦ ਉਮੀਦਵਾਰ ਜਿੱਤੇ ਹਨ। ਮੋਹਾਲੀ ਨਗਰ ਨਿਗਮ ਦੀਆਂ 50 ਸੀਟਾਂ ਵਿਚੋਂ 37 ਕਾਂਗਰਸ ਲੈ ਗਈ ਹੈ ਜਦੋਂ ਕਿ ਬਾਕੀ ਦੀਆਂ 13 ’ਤੇ ਆਜ਼ਾਦ ਜਿੱਤੇ ਹਨ।
ਆਪਣੀ ਜਿੱਤ ਬਾਅਦ ਕਾਂਗਰਸ ਜਿਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਅਤੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਲੈਣ ਦਾ ਦਾਅਵਾ ਕਰ ਰਹੀ ਹੈ, ਇਕ ਤਰ੍ਹਾਂ ਨਾਲ ਇਹ ਜਲਦਬਾਜ਼ੀ ਹੈ। ਪੰਜਾਬ ਵਿਚ ਜਿਸ ਦੀ ਸਰਕਾਰ ਹੈ, ਉਸ ਦੁਆਰਾ ਇਹ ਚੋਣਾਂ ਜਿੱਤਣ ਦਾ ਸਿਲਸਿਲਾ ਚਲਿਆ ਆ ਰਿਹਾ ਹੈ ਪਰ ਪਿਛਲੀ ਵਾਰ ਅਕਾਲੀ ਤੇ ਭਾਰਤੀ ਜਨਤਾ ਪਾਰਟੀ ਨਿਗਮਾਂ ਦੀਆਂ ਚੋਣਾਂ ਵਿਚ ਜੇਤੂ ਰਹੇ ਸਨ ਪਰ ਸਾਲ ਬਾਅਦ ਹੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੂਸਰੇ ਨੰਬਰ ਦੀ ਪਾਰਟੀ ਵੀ ਨਹੀਂ ਰਿਹਾ।
ਸੋ ਕਾਂਗਰਸ ਨੂੰ ਇਸ ਜਿੱਤ ਨੂੰ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ, ਜਿਨ੍ਹਾਂ ਨੂੰ ਸਾਲ ਦਾ ਸਮਾਂ ਨਹੀਂ ਰਿਹਾ, ਦੀ ਜਿੱਤ ਤੱਕ ਨਹੀਂ ਖਿਚਣਾ ਚਾਹੀਦਾ। ਕਾਂਗਰਸ ਕੋਲ ਸਮਾਂ ਹੈ ਕਿ ਉਹ ਆਪਣੇ ਕਰਮਚਾਰੀਆਂ ਅਤੇ ਦੂਸਰੇ ਤਬਕਿਆਂ ਦੀਆਂ ਮੰਗਾਂ ਪ੍ਰਵਾਨ ਕਰਕੇ ਰਾਜ ਵਿਚ ਵਿਕਾਸ ਤੇ ਭਾਈਚਾਰੇ ਦਾ ਮਾਹੌਲ ਤਿਆਰ ਕਰੇ। ਇਸ ਨਾਲ ਹੀ ਉਸ ਨੂੰ ਸਿਆਸੀ ਲਾਭ ਮਿਲੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ