ਯਾਦਵਿੰਦਰ ਸਿੰਘ ਤਪਾ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਡੇਰੇ ਲਾਈ ਬੈਠੇ ਹਨ ’ਤੇ ਉਹਨਾਂ ਦਾ ਧਰਨਾ 73 ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਹ ਹੀ ਨਹੀਂ ਕੇਂਦਰੀ ਸਰਕਾਰ 26 ਜਨਵਰੀ ਨੂੰ ਸਾਜਸ਼ ਰਚਕੇ ਉਸਤੋਂ ਬਾਅਦ ਕਿਸਾਨ ਅੰਦੋਲਨ ਨੂੰ ਕੁਚਲਨ ਦੇ ਹੱਥਕੰਡੇ ਵਰਤ ਰਹੀ ਹੈ। ਬਾਰਡਰ ’ਤੇ ਇੰਟਰਨੈਟ ਸੇਵਾ ਬੰਦ ਕੀਤੀ ਗਈ ਹੈ ਅਤੇ ਰਸਦ ਪਾਣੀ ਵੀ ਬੰਦ ਕਰਨ ਦੀ ਧਮਕੀ ਦਿੱਤੀ ਗਈ ਪਰ ਟਕੈਤ ਨੇ ਹੌਸਲਾ ਨਹੀਂ ਛੱਡਿਆ। ਗਾਜ਼ੀਪੁਰ ਬਾਰਡਰ ’ਤੇ ਜਿਵੇਂ ਕਿਸਾਨ ਆਗੂ ਰਕੇਸ਼ ਟਕੈਤ ਨੂੰ ਗਾਜੀਪੁਰ ਬਾਰਡਰ ਖਾਲੀ ਕਰਨ ਲਈ ਕਿਹਾ ਗਿਆ ’ਤੇ ਟਕੈਤ ਵੱਲੋਂ ਜਿਵੇਂ ਦਲੇਰੀ ਨਾਲ ਗ੍ਰਿਫ਼ਤਾਰੀ ਦੇਣ ਤੋਂ ਜਾਂ ਗਾਜ਼ੀਪੁਰ ਬਾਰਡਰ ਨੂੰ ਖ਼ਾਲੀ ਕਰਨ ਤੋਂ ਨਾਂ ਕਰ ਦਿੱਤੀ । ਉਸਨੇ ਭਾਵੁਕ ਹੁੰਦਿਆਂ ਹੰਝੂ ਬਹਾਕੇ ਜਿਵੇਂ ਆਪਣੇ ਪਿੰਡ ਵਾਲਿਆਂ ਨੂੰ ਬਾਰਡਰਾਂ ’ਤੇ ਆਉਣ ਦੀ ਅਪੀਲ ਕੀਤੀ ਉਸ ’ਤੇ ਫੁੱਲ ਚੜ੍ਹਾਉਂਦਿਆਂ ਲੋਕ ਹੁੰਮਹੁਮਾ ਕੇ ਉਸਦੇ ਬੋਲ ’ਤੇ ਬਾਰਡਰਾਂ ’ਤੇ ਰਾਤੋ-ਰਾਤ ਪਹੁੰਚ ਗਏ ਸਨ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਅੰਦੋਲਨ ਢਹਿੰਦੀਆਂ ਕਲਾਂ ’ਚ ਜਾਂਦਾ ਦਿਸ ਰਿਹਾ ਸੀ ਉਸ ’ਚ ਟਕੈਤ ਦੀ ਭਾਵੁਕ ਅਪੀਲ ਨੇ ਸਿਫਤੀ ਤਬਦੀਲੀ ਲਿਆਂਦੀ ਹੈ। ਹੁਣ ਨਾਂ ਕੇਵਲ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਨੇ ਰੌਣਕਾਂ ਲਾ ਦਿੱਤੀਆਂ ਹਨ ਸਗੋਂ ਪੰਜਾਬ ਤੇ ਹਰਿਆਣਾ ਵੱਲੋਂ ਪਿੰਡਾਂ ’ਚ ਮਤੇ ਪਾਕੇ ਬਾਰਡਰਾਂ ’ਤੇ ਕਿਸਾਨਾਂ ਦਾ ਪੁੱਜਣਾ ਯਕੀਨੀ ਬਣਾ ਰਹੇ ਹਨ। ਕਿਸਾਨਾਂ ਦਾ ਦਿਲ ਵਧਾਊ ਕੰਮ ਹੈ। ਮੋਦੀ ਸਰਕਾਰ ਕਿਸਾਨਾਂ ਨੂੰ ਉਖੇੜਨ ’ਚ ਜਿਵੇਂ ਸਫਲਤਾ ਦੇ ਐਨ ਨੇੜੇ ਪਹੁੰਚ ਗਈ ਸੀ ਹੁਣ ਫੇਰ ਬਹੁਤ ਦੂਰੀ ’ਤੇ ਹੋ ਗਈ ਹੈ। ਜੀਂਦ ’ਚ ਖਾਪ-ਪੰਚਾਇਤਾਂ ਨੇ ਇਕੱਠੀਆਂ ਹੋਕੇ ਕਿਸਾਨ ਨੇਤਾ ਰਕੇਸ਼ ਟਕੈਤ, ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚਡੂਨੀ ਦਾ ਸੁਆਗਤ ਕੀਤਾ ਅਤੇ 5 ਮਤੇ ਪਾਸ ਕਰਕੇ ਕਿਸਾਨਾਂ ਦੇ ਹੱਕ ’ਚ ਨਿੱਤਰ ਗਏ ਹਨ ਇਸ ਤੋਂ ਲਗਦਾ ਹੈ ਕਿ ਕਿਸਾਨ ਅੰਦੋਲਨ ਮੁੜ ਤੋਂ ਬੁਲੰਦੀਆਂ ’ਤੇ ਪਹੁੰਚ ਗਿਆ ਹੈ। ਮੋਦੀ ਦੀ ਕਿਸਾਨ ਅੰੋਦੋਲਨ ਨੂੰ ਫੌਜ਼ੀ ਬੂਟਾਂ ਹੇਠ ਕੁਚਲਨ ਦੀ ਵਿਉਂਤ ਧਰੀ ਧਰਾਈ ਰਹਿ ਗਈ ਹੈ। ਹੁਣ ਸਰਕਾਰ ਜਾਂ ਮੋਦੀ ਮੀਡੀਆ ਇਹ ਨਹੀਂ ਕਹਿ ਸਕਦਾ ਕਿ ਇਸ ਅੰਦੋਲਨ ’ਚ ਕੇਵਲ ਪੰਜਾਬ ਦੇ ਕਿਸਾਨ ਹੀ ਹਨ। ਜੀਂਦ ਖਾਪ-ਪੰਚਾਇਤਾਂ ਨੇ 5 ਮਤੇ ਪਾਸ ਕਰ ਦਿੱਤੇ ਹਨ। ਪਹਿਲਾ ਤਿੰਨ ਖੇਤੀ ਕਾਨੂੰਨ ਰੱਦ ਕਰਨ, ਦੂਜਾ ਸਾਰੀਆਂ ਫਸਲਾਂ ’ਤੇ ਐਮਐਸਪੀ ਨੂੰ ਕਾਨੂੰਨੀ ਦਰਜਾ ਦੇਣਾ, ਤੀਜਾ ਫਸਲਾਂ ਦੇ ਭਾਅ ਸੁਵਾਮੀਨਾਥਨ ਦੀ ਰਿਪੋਰਟ ਅਨੁਸਾਰ ਨਿਸ਼ਚਤ ਕਰਨਾ, ਚੌਥਾ ਕਿਸਾਨ ਅੰਦੋਲਨ ‘ਚ ਫੜੇ ਕਿਸਾਨਾਂ ਨੂੰ ਰਿਹਾ ਕਰਨਾ, ਪੰਜਵਾਂ ਕਿਸਾਨਾਂ ’ਤੇ ਬਣਾਏ ਮੁਕੱਦਮੇ ਵਾਪਸ ਕਰਨ ਦੇ ਮਤੇ ਪਾਸ ਕੀਤੇ ਗਏ ਹਨ। ਹੁਣ ਦੇਸ਼ ਭਰ ’ਚ ਕਿਸਾਨਾਂ ਦੀ ਲਾਮਬੰਦੀ ਮੋਦੀ ਸਰਕਾਰ ਲਈ ਵੱਡਾ ਝੱਟਕਾ ਹੈ। ਜੇ ਇਹ ਤਿੰਨ ਕਾਲੇ ਕਾਨੂੰਨ ਰੱਦ ਨਾਂ ਕੀਤੇ ਤਾਂ ਕਿਸਾਨ ਅੰਦੋਲਨ ਰੁਕਣ ਵਾਲਾ ਨਹੀ। ਹੁਣ ਹਾਲਾਤ ਇਹ ਬਣ ਗਏ ਹਨ ਕਿ ਭਾਜਪਾ ਦੇ ਅੰਦਰੋਂ ਵੀ ਵਿਰੋਧ ਦੀ ਜਵਾਲਾ ਫੁੱਟ ਸਕਦੀ ਹੈ। ਤਿੰਨ ਖੇਤੀਬਾੜੀ ਕਾਲੇ ਕਾਨੂੰਨ ਲਿਆਕੇ ਕਿਸਾਨਾਂ ਦੀ ਨਿਰਾਜ਼ਗੀ ਚਰਮਸੀਮਾਂ ’ਤੇ ਲਿਆ ਦਿੱਤੀ ਹੈ ਅਤੇ ਕਿਸਾਨਾਂ ਦੀ ਮੰਗਾਂ ’ਤੇ ਕੋਨਾਂ ਮਾਨੂੰ ਦੀ ਰੱਟ ਲਾਕੇ ਕਿਸਾਨਾਂ ਨੂੰ ਚੰਗੀ ਤਰ੍ਹਾਂ ਨਰਾਜ ਕਰ ਲਿਆ ਗਿਆ ਹੈ। ਮੋਦੀ ਸਾਰੇ ਦੇਸ਼ ‘ਚ ਅਲੱਗ-ਥਲੱਗ ਪੈ ਗਿਆ ਹੈ। ਹੁਣ ਮੋਦੀ ਦੇ ਹੱਥ ’ਚ ਦੋ ਹੱਥਕੰਡੇ ਹੀ ਬਾਕੀ ਹਨ। ਇਕ ਤਾਂ ਢੰਢੋਰਚੀ ਗੋਦੀ ਮੀਡੀਆ ਦਾ ਹੱਥਕੰਡਾ। ਉਂਜ ਮੋਦੀ ਮੀਡੀਏ ਤੋਂ ਲੋਕਾਂ ਦਾ ਯਕੀਨ ਉਠ ਰਿਹਾ ਹੈ। ਦੂਜਾ ਕੱਟੜ ਹਿੰਦੂਵਾਦ ਦਾ ਮੁੱਦਾ। ਮੋਦੀ ਜਿਸ ਸਟੇਟ ’ਚ ਚੋਣ ਲੜਦਾ ਹੈ ਉੱਥੇ ਕੱਟੜਹਿੰਦੂ ਮੁੱਦੇ ਨੂੰ ਊਭਾਰਿਆ ਜਾਂਦਾ ਹੈੇ। ਉਤਰਪ੍ਰਦੇਸ਼ ’ਚ ਤਾਂ ਰਾਮਮੰਦਰ ਮੁੱਦੇ ਦੇ ਨਾਲ ਹਿੰਦੂ ਪੱਤੇ ਨੂੰ ਖੂਬ ਹਵਾ ਦਿੱਤੀ ਜਾਂਦੀ ਹੈ। ਪੱਛਮੀ ਬੰਗਾਲ ’ਚ ਚੋਣਾਂ ਨੇੜੇ ਹੋਣ ਕਾਰਨ ਹਿੰਦੂ ਭਾਵਨਾਵਾਂ ਨੂੰ ਕਿਸੇ ਨਾਂ ਕਿਸੇ ਤਰ੍ਹਾਂ ਵਰਤਕੇ ਪੱਛਮੀ ਬੰਗਾਲ ’ਚ ਚੋਣ ਦੰਗਲ ਭਖਾਇਆ ਜਾ ਰਿਹਾ ਹੈ। ਮੋਦੀ ਜੀ ਕੋਲ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ। ਅੱਛੇ ਦਿਨ ਲਿਆਉਣ ਦੇ ਮੋਦੀ ਦੇ ਨਾਅਰੇ ਦੀ ਚੰਗੀ ਤਰ੍ਹਾਂ ਫੂਕ ਨਿਕਲ ਗਈ ਹੈ। ਲੱਛੇਦਾਰ ਭਾਸ਼ਣਾਂ ਤੋਂ ਬਿਨਾ ਵਿਕਾਸ ਨਾਂ ਦਾ ਕੋਈ ਮੁੱਦਾ ਹੀ ਨਹੀਂ ਹੈ। ਦੇਸ਼ ਦੀ ਬਹੁਗਿਣਤੀ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭਟਕਾਉਣ ਦਾ ਕੋਈ ਰਾਹ ਛੱਡਣ ਨੂੰ ਮੋਦੀ ਜੀ ਤਿਆਰ ਨਹੀਂ ਹਨ। ਹੁਣ ਮੋਦੀ ਜੀ ਦਾ ਜੇਤੂ ਮੁੱਦਾ ਕੇਵਲ ਹਿੰਦੂ ਮੁੱਦਾ ਹੀ ਹੈ।
ਕਿਸਾਨ ਅੰਦੋਲਨ ਜਿਵੇਂ ਜਿਵੇਂ ਭਖਦਾ ਜਾਵੇਗਾ ਤਿਊਂ-ਤਿਊਂ ਮੋਦੀ ਜੀ ਦੇ ਦਿਨ ਪੁਗਦੇ ਜਾਣਗੇ । ਪਰ ਦੂਜੇ ਪਾਸੇ ਮੋਦੀ ਜੀ ਹਿੰਦੂ-ਕੱਟੜ ਮੁੋੱਦੇ ਨੂੰ ਹਰ ਤਰ੍ਹਾਂ ਨਾਲ ਤੂਲ ਦੇਣਗੇ। ਇਸ ਲਈ ਮੋਦੀ ਜੀ ਨੂੰ ਮਾਤ ਦੇਣ ਲਈ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਾ ਇਕੋ ਇਕ ਰਾਹ ਹੈ ਜਿਹੜਾ ਕਿ ਬਹੁਤ ਜਰੂਰੀ ਹੈ। ਪਰ ਜਿਵੇਂ ਆਪਸੀ ਮੱਤਭੇਦ ਭੁਲਾਕੇ ਅਤੇ ਧਰਮਜਾਤੀ ਤੋਂ ਉਪਰ ਉਠਕੇ ਕਿਸਾਨਾਂ ਨੇ ਅੰਦੋਲਨ ਭਖਾਇਆ ਹੈ ਇਹ ਲੋਕਾਂ ਦੀ ਜਿੱਤ ’ਤੇ ਮੋਦੀਕਾਲ ਦੇ ਅੰਤ ਦੇ ਸੰਕੇਤ ਕਿਹਾ ਜਾ ਸਕਦਾ ਹੈ।