ਗੁਰਾਇਆ/22 ਫਰਵਰੀ/ਦਸਬ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਇਸੇ ਦੌਰਾਨ ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਜੱਥਾ ਜੋ ਟਰੈਕਟਰ-ਟਰਾਲੀ ’ਤੇ ਦਿੱਲੀ ਤੋਂ ਐਤਵਾਰ ਸ਼ਾਮ 6 ਵਜੇ ਦੋਆਬਾ ਦੇ ਪਿੰਡ ਤਲਵੰਡੀ ਸੰਗੇੜਾ ਨੇੜੇ ਸ਼ਾਹਕੋਟ ਲਈ ਚੱਲਿਆ ਹੋਇਆ ਸੀ। ਸੋਮਵਾਰ ਨੂੰ ਗੁਰਾਇਆ ’ਚੋਂ ਹੁੰਦਾ ਹੋਇਆ, ਜਦੋਂ ਰੁੜਕਾ ਕਲਾਂ ਕੋਲ ਉਨ੍ਹਾਂ ਦੀ ਟਰੈਕਟਰ-ਟਰਾਲੀ ਪਹੁੰਚੀ ਤਾਂ ਟਰੈਕਟਰ ਦੇ ਅੱਗੇ ਬੈਠਾ 28 ਸਾਲਾ ਸੰਦੀਪ ਕੁਮਾਰ ਪੁੱਤਰ ਕੁਲਦੀਪ ਕੁਮਾਰ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਅਤੇ ਉਨ੍ਹਾਂ ਦੀ ਹੀ ਟਰੈਕਟਰ-ਟਰਾਲੀ ਉਸ ਦੇ ਉਪਰੋਂ ਲੰਘ ਗਈ, ਜਿਸ ਨਾਲ ਸੰਦੀਪ ਦੀ ਮੌਤ ਹੋ ਗਈ।
ਸੰਦੀਪ ਦੇ ਚਾਚੇ ਬਚਿੱਤਰ ਸਿੰਘ, ਪਿਤਾ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲਗਾਤਾਰ ਇਸ ਅੰਦੋਲਨ ’ਚ ਆਪਣੀ ਹਾਜ਼ਰੀ ਲਗਵਾ ਰਿਹਾ ਸੀ ਅਤੇ 19 ਫਰਵਰੀ ਨੂੰ ਪੰਜਾਬ ਤੋਂ ਟਰੈਕਟਰ ਟਰਾਲੀ ਲੈਣ ਲਈ ਸਿੰਘੂ ਬਾਰਡਰ ’ਤੇ ਗਿਆ ਸੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਹੈ, ਇਨ੍ਹਾਂ ਕੋਲ 6 ਕਨਾਲ ਜ਼ਮੀਨ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਲਈ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕੀਤੀ ਹੈ।