ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਦੀ ਵਿਧਾਨ ਸਭਾ ਲਈ ਆਗਾਮੀ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਆਪਣੇ ਖਾਸ ਢੰਗ ਅਨੁਸਾਰ ਭਾਰਤੀ ਜਨਤਾ ਪਾਰਟੀ ਹੁਕਮਰਾਨ ਤ੍ਰਿਣਮੂਲ ਕਾਂਗਰਸ ਦੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਆਪਣੇ ਵਿਚ ਰਲਾਉਣ ਦੀ ਨੀਤੀ ’ਤੇ ਵੀ ਸਰਗਰਮੀ ਨਾਲ ਚਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਤ੍ਰਿਣਮੂਲ ਅਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕਾਂ, ਸਾਂਸਦਾਂ ਅਤੇ ਆਗੂਆਂ ਨੂੰ ਦਲ ਬਦਲਣ ਲਈ ਹਰ ਤਰ੍ਹਾਂ ਨਾਲ ਮਜਬੂਰ ਵੀ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਕੇਂਦਰ ਦੀ ਸਰਕਾਰ ਚਲਾ ਰਹੇ ਆਗੂ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਦਲ ਬਦਲੀ ਕਰਵਾ ਕੇ ਲਿਆਉਣ ਲਈ ਆਪਣੀ ਖਾਸ ਪ੍ਰਾਪਤੀ ਵਜੋਂ ਦਰਸਾਉਂਦੇ ਹਨ ਅਤੇ ਦਲ ਬਦਲੀ ਨੂੰ ਆਪਣੀ ਆ ਰਹੀ ਜਿੱਤ ਵਜੋਂ ਪ੍ਰਚਾਰਦੇ ਹਨ। ਪੱਛਮੀ ਬੰਗਾਲ ਵਿਚ ਵੀ ਇਹੋ ਹੋ ਰਿਹਾ ਹੈ।
ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ’ਚ ਸਰਕਾਰ ਸਥਾਪਤ ਹੋਈ ਹੈ ਤਦ ਤੋਂ ਹੀ ਦਲ ਬਦਲੀ ਨੂੰ ਸੱਤਾ ਹਾਸਲ ਕਰਨ ਦੇ ਇਕ ਖਾਸ ਹਥਿਆਰ ਵਜੋਂ ਇਹ ਪਾਰਟੀ ਅਤੇ ਇਸ ਦੇ ਕੇਂਦਰੀ ਮੰਤਰੀ ਬੇਸ਼ਰਮੀ ਨਾਲ ਵਰਤ ਰਹੇ ਹਨ। ਜਿਸ ਸਿਆਸੀ ਪਾਰਟੀ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਚਲਾ ਰਹੀ ਹੁੰਦੀ ਹੈ, ਉਸ ਦੇ ਵਿਧਾਇਕਾਂ ਨੂੰ ਕਿਸੇ ਦੂਸਰੇ ਰਾਜ ’ਚ ਇਹ ਆਪਣੇ ਨਾਲ ਰਲਾ ਲੈਂਦੀ ਹੈ। ਜਨਤਾ ਦਲ (ਯੁਨਾਇਟਿਡ) ਨਾਲ ਪਿਛਲੇ ਸਾਲ ਦੇ ਨਵੰਬਰ ਮਹੀਨੇ ’ਚ ਇਹ ਵਾਪਰਿਆ ਹੈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਇਸ ਦੇ ਛੇ ਵਿਧਾਇਕਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਦਲ ਬਦਲੀ ਕਰਵਾ ਕੇ ਆਪਣੇ ਨਾਲ ਰਲਾ ਲਿਆ ਸੀ।
ਦਰਅਸਲ, ਭਾਰਤੀ ਜਨਤਾ ਪਾਰਟੀ ਦੀ ਕੇਂਦਰ ’ਚ ਸਰਕਾਰ ਸਥਾਪਤ ਹੋਣ ਨਾਲ ਹੀ ਦਲ ਬਦਲੀ ਆਮ ਹੋ ਗਈ ਹੈ। ਸੱਤਾ ਹਾਸਲ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਦਲ ਬਦਲੀ ਨੂੰ ਬੁਰਾ ਨਹੀਂ ਸਮਝਦੇ ਸਗੋਂ ਉਨ੍ਹਾਂ ਦੇ ਬਿਆਨਾਂ ਅਤੇ ਵਤੀਰੇ ਨੇ ਦਲ ਬਦਲੀ ਨੂੰ ਭਾਰਤ ਦੀ ਸਿਆਸਤ ਦਾ ਪ੍ਰਵਾਣਿਤ ਵਰਤਾਰਾ ਬਣਾ ਦਿੱਤਾ ਹੈ। ਕਿਸੇ ਵੀ ਚੋਣ ਤੋਂ ਪਹਿਲਾਂ ਦਲ ਬਦਲੀ ਵੱਡੇ ਪੈਮਾਨੇ ’ਤੇ ਸ਼ੁਰੂ ਹੋ ਜਾਂਦੀ ਹੈ। ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਚੋਣਾਂ ਤੋਂ ਪਹਿਲਾ ਦਲ ਬਦਲੀ ਦਾ ਪੂਰਾ ਜ਼ੋਰ ਹੈ। ਦਲ ਬਦਲੀ ਦਾ ਦੂਸਰਾ ਅਰਥ ਆਪਣੀ ਸਿਆਸੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣਾ ਬਣ ਚੁੱਕਾ ਹੈ। ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਦੇ 10 ਵਿਧਾਇਕ ਅਤੇ ਦੋ ਸਾਂਸਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਦਲ ਬਦਲੀ ਕਰਵਾਉਣ ਨੂੰ ਆਪਣਾ ਗੁਣ ਸਮਝਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵਿਜੇਵਰਗੀਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਤ੍ਰਿਣਾਮੂਲ ਕਾਂਗਰਸ ਦੇ 42 ਵਿਧਾਇਕਾਂ ਦੀ ਸੂਚੀ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਵਿਚ ਆਉਣਾ ਚਾਹੁੰਦੇ ਹਨ।
ਇਕ ਅਧਿਅਨ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ 168 ਸਾਂਸਦਾਂ ਅਤੇ ਵਿਧਾਇਕਾਂ ਨੇ ਦਲ ਬਦਲੀ ਕੀਤੀ ਹੈ। ਇਨ੍ਹਾਂ ਵਿਚੋਂ 138 ਲੋਕ ਆਪਣੀ ਸਿਆਸੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਗਏ ਹਨ। ਇਹ ਪਿਛਲੇ ਚਾਰ ਸਾਲਾਂ ਵਿਚ ਹੋਈ ਦਲ ਬਦਲੀ ਕਰਨ ਵਾਲੇ ਕੁਲ ਆਗੂਆਂ ਵਿਚੋਂ 82 ਪ੍ਰਤੀਸ਼ਤ ਬਣਦੇ ਹਨ। ਬੰਗਾਲ, ਅਰੁਣਾਚਲ ਪ੍ਰਦੇਸ਼, ਮਧ ਪ੍ਰਦੇਸ਼, ਸਿੱਕਮ ਤੇ ਮਣੀਪੁਰ ’ਚ ਵੱਡੇ ਪੱਧਰ ’ਤੇ ਭਾਰਤੀ ਜਨਤਾ ਪਾਰਟੀ ਨੇ ਦਲ ਬਦਲੀ ਕਰਵਾਈ ਹੈ। ਕਾਂਗਰਸ ਤੋਂ ਆਪਣੇ ਆਪ ਨੂੰ ਵੱਖਰੀ ਸਿਆਸੀ ਪਾਰਟੀ ਦੱਸਣ ਵਾਲੀ ਭਾਰਤੀ ਜਨਤਾ ਪਾਰਟੀ ਵਿਚ ਇਸੇ ਸਮੇਂ ਦੌਰਾਨ 79 ਛੋਟੇ ਵੱਡੇ ਕਾਂਗਰਸੀ ਆਗੂ ਸ਼ਾਮਿਲ ਹੋਏ ਹਨ। ਇਹ ਦਲ ਬਦਲੀ ਕਰਨ ਵਾਲਿਆਂ ਵਿਚੋਂ 57 ਪ੍ਰਤੀਸ਼ਤ ਬਣਦੇ ਹਨ। ਬੇਅਸੂਲੀ ਵਿਚਾਰਧਾਰਕ ਦਿਸ਼ਾਹੀਣਤਾ ਅਤੇ ਸੱਤਾ ਦੇ ਲਾਲਚ ਕਾਰਨ ਦਲ ਬਦਲੀ ਦਾ ਵਰਤਾਰਾ ਬਹੁਤ ਵਧ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਨੂੰ ਖੂਬ ਥਾਪੜਾ ਦਿੱਤਾ ਜਾ ਰਿਹਾ ਹੈ। ਦਲ ਬਦਲੀ ਵਿਰੁੱਧ ਬਣੇ ਕਾਨੂੰਨ ਖ਼ੁਦ ਹੀ ਹੁਕਮਰਾਨ ਨੇ ਬੇਅਸਰ ਕਰ ਦਿੱਤੇ ਹਨ। ਦਲ ਬਦਲੀ ਦਾ ਵਰਤਾਰਾ ਦਰਸਾਉਂਦਾ ਹੈ ਕਿ ਦੇਸ਼ ਦੀ ਸਿਆਸਤ ਪਤਨਗ੍ਰਸਤ ਹੈ। ਹੁਕਮਰਾਨ ਸਿਆਸਤਦਾਨ ਹੀ ਇਸ ਲਈ ਜ਼ਿੰਮੇਵਾਰ ਤੇ ਜਵਾਬਦੇਹ ਹਨ।