ਵਾਸ਼ਿੰਗਟਨ, 23 ਫਰਵਰੀ (ਏਜੰਸੀ) : ਮੈਕਸਿਕੋ ਦੇ ਖੁੰਖਾਰ ਡਰੱਗ ਮਾਫ਼ੀਆ ਅਲ ਚਾਪੋ ਗੂਸਮੈਨ ਦੀ ਪਤਨੀ ਐਮਾ ਨੂੰ ਅਮਰੀਕਾ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ। 31 ਸਾਲਾ ਐਮਾ ਕੋਰੋਨੇਲ ਨੂੰ ਵਾਸ਼ਿੰਗਟਨ ਡੀਸੀ ਦੇ ਬਾਹਰ ਡਲੇਸ ਏਅਰਪੋਰਟ ਤੋਂ ਗਿਰਫ਼ਤਾਰ ਕੀਤਾ ਗਿਆ ਹੈ। ਐਮਾ ’ਤੇ ਅਮਰੀਕਾ ਵਿੱਚ ਨਸ਼ੇ ਦੀ ਤਸਕਰੀ ਦਾ ਸ਼ੱਕ ਹੈ।
ਅਮਰੀਕਾ ਦੇ ਜਸਟਿਸ ਵਿਭਆਗ ਵੱਲੋਂ ਜਾਰੀ ਦਸਤਾਵੇਜਾਂ ਮੁਤਾਬਕ, ਐਮਾ ’ਤੇ ਕੋਕੀਨ, ਹੈਰੋਇਨ ਸਣੇ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਐਲ ਚਾਪੋ ਇਸ ਸਮੇਂ ਨਿਊਯਾਰਕ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਐਲ ਚਾਪੋ ਸਿਨਾਲੋਆ ਕਾਰਟੇਲ ਦਾ ਸਾਬਕਾ ਪ੍ਰਧਾਨ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਸੰਗਠਨ ਅਮਰੀਕਾ ਵਿੱਚ ਸਭ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਸਾਲ 2019 ਵਿੱਚ ਐਲ ਚਾਪੋ ਦੀ ਸੁਣਵਾਈ ਦੌਰਾਨ ਕਈ ਖੌਫ਼ਨਾਕ ਖੁਲਾਸੇ ਹੋਏ ਸਨ। ਇਸ ਵਿੱਚ ਬੱਚਿਆਂ ਨੂੰ ਡਰੱਗਜ਼ ਦੇਣਾ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਨਾ ਤੇ ਕਾਰਟੇਲ ਦੇ ਸਾਬਕਾ ਮੈਂਬਰਾਂ ਦਾ ਕਤਲ ਸ਼ਾਮਲ ਹੈ।
ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਹੈ ਕਿ ਐਲ ਚਾਪੋ ਦੀ ਪਤਨੀ ਕੋਰੋਨੇਲ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੋਰੋਨੇਲ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤੋਂ ਇਲਾਵਾ ਆਪਣੇ ਪਤੀ ਨੂੰ ਸਾਲ 2015 ਵਿੱਚ ਜੇਲ੍ਹ ’ਚੋਂ ਛਡਾਉਣ ’ਚ ਮਦਦ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ। ਐਲ ਚਾਪੋ ਨੂੰ ਮੈਕਸਿਕੋ ਦੀ ਸਭ ਤੋਂ ਜ਼ਿਆਦਾ ਸੁਰੱਖਿਆ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਐਲ ਚਾਪੋ ਦੇ ਬੇਟਿਆਂ ਨੇ ਜੇਲ੍ਹ ਦੇ ਨੇੜੇ ਜ਼ਮੀਨ ਖਰੀਦੀ ਅਤੇ ਡੌਨ ਨੂੰ ਛਡਾਉਣ ਲਈ ਸੁਰੰਗ ਦੀ ਪੁਟਾਈ ਸ਼ੁਰੂ ਕਰ ਦਿੱਤੀ। ਐਲ ਚਾਪੋ ਨੂੰ ਇੱਕ ਜੀਪੀਐਸ ਘੜੀ ਦਿੱਤੀ ਗਈ ਸੀ, ਜਿਸ ਨਾਲ ਉਸ ਦੀ ਲੋਕੇਸ਼ਨ ਦਾ ਸਹੀ-ਸਹੀ ਪਤਾ ਚੱਲ ਸਕੇ। ਐਲ ਚਾਪੋ ਨੂੰ ਇੱਕ ਵਿਸ਼ੇਸ਼ ਤੌਰ ’ਤੇ ਬਣਾਈ ਗਈ ਮੋਟਰਸਾਈਕਲ ਰਾਹੀਂ ਸੁਰੰਗ ’ਚੋਂ ਬਾਹਰ ਕੱਢਿਆ ਗਿਆ। ਕੋਰਟ ਦੇ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਕੋਰੋਨੇਲ ਆਪਣੇ ਪਤੀ ਨੂੰ ਜੇਲ੍ਹ ’ਚੋਂ ਬਾਹਰ ਕਢਾਉਣ ਲਈ ਇੱਕ ਹੋਰ ਸਾਜ਼ਿਸ਼ ਰਚ ਰਹੀ ਸੀ, ਪਰ ਜਨਵਰੀ 2017 ਵਿੱਚ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ।