ਕੋਲਕਾਤਾ, 23 ਫਰਵਰੀ (ਏਜੰਸੀ) : ਕੋਲ੍ਹਾ ਘੁਟਾਲੇ ਮਾਮਲੇ ਵਿੱਚ ਸ਼ੱਕੀ ਸ਼ਮੂਲੀਅਤ ਦੇ ਇਲਜ਼ਾਮ ਵਿੱਚ ਫਸੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਦੀ ਪਤਨੀ ਰੁਜੀਰਾ ਤੋਂ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਦੀ ਟੀਮ ਨੇ ਤਕਰੀਬਨ ਡੇਢ ਘੰਟਾ ਪੁੱਛਗਿੱਛ ਕੀਤੀ ਅਤੇ ਇਸਤੋਂ ਬਾਅਦ ਅਧਿਕਾਰੀਆਂ ਦੀ ਟੀਮ ਵਾਪਸ ਪਰਤ ਗਈ।
ਸੀਬੀਆਈ ਦੀ 8 ਮੈਂਬਰੀ ਟੀਮ ਮੰਗਲਵਾਰ ਦੁਪਹਿਰ ਨੂੰ ਟੀਐਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਘਰ ਪਹੁੰਚੀ। ਟੀਮ ਵਿੱਚ ਮਹਿਲਾ ਅਧਿਕਾਰੀ ਵੀ ਸ਼ਾਮਲ ਸਨ। ਪਤਾ ਲੱਗਿਆ ਹੈ ਕਿ ਸੀਬੀਆਈ ਦੀ ਟੀਮ ਨੇ ਕੋਲ੍ਹਾ ਘੁਟਾਲੇ ਨਾਲ ਜੁੜੇ ਕਈ ਸਵਾਲ ਰੁਜੀਰਾ ਬੈਨਰਜੀ ਨੂੰ ਪੁੱਛੇ ਹਨ। ਸੂਤਰਾਂ ਦੇ ਅਨੁਸਾਰ ਬੈਂਕਾਕ ਵਿੱਚ ਵੱਡੀ ਹੋਈ ਰੁਜੀਰਾ ਨੂੰ ਜਾਂਚ ਅਧਿਕਾਰੀਆਂ ਨੇ ਉਨ੍ਹਾਂ ਦੀ ਨਾਗਰਿਕਤਾ ਬਾਰੇ ਵੀ ਸਵਾਲ ਪੁੱਛੇ ਹਨ। ਸੀਬੀਆਈ ਨੇ ਇਹ ਵੀ ਪੁੱਛਗਿੱਛ ਕੀਤੀ ਹੈ ਕਿ ਉਨ੍ਹਾਂ ਕੋਲ ਕਿੰਨੇ ਪਾਸਪੋਰਟ ਹਨ, ਉਹ ਕਿਸੇ ਰਜਿਸਟਰਡ ਸੰਸਥਾ ਨਾਲ ਸਬੰਧਤ ਹੈ ਜਾਂ ਨਹੀਂ, ਉਹ ਕਿਸੇ ਸੰਸਥਾ ਦੀ ਅਧਿਕਾਰੀ ਹੈ ਜਾਂ ਨਹੀਂ। ਦੱਸਿਆ ਜਾਂਦਾ ਹੈ ਕਿ ਰੁਜੀਰਾ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਅਤੇ ਕੁਝ ਪ੍ਰਸ਼ਨਾਂ ਨੂੰ ਟਾਲ ਗਈ। ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਹਨ ਅਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਹ ਵੀ ਖਬਰ ਹੈ ਕਿ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜੀਰਾ ਅਤੇ ਸਾਲੀ ਮੇਨਕਾ ਗੰਭੀਰ ਤੋਂ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ।