Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

ਕਿਸਾਨ ਅੰਦੋਲਨ, ਟੂਲਕਿੱਟ, ਦਿੱਲੀ ਪੁਲਿਸ ਅਤੇ ਮੋਦੀ ਸਰਕਾਰ

February 25, 2021 12:20 PM

ਆਖਰ ਵਾਤਾਵਰਣ ਕਾਰਕੁਨ 22 ਸਾਲਾ ਦਿਸ਼ਾ ਰਵੀ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਦੁਆਰਾ ਜ਼ਮਾਨਤ ਦੇ ਦਿੱਤੀ ਗਈ ਅਤੇ ਉਹ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤੀ ਗਈ ਹੈ। ਦਿੱਲੀ ਦੀ ਪੁਲਿਸ ਨੇ ਉਸਨੂੰ 13 ਫਰਵਰੀ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਆਖਰੀ ਸਮੇਂ ਤੱਕ ਦਿੱਲੀ ਦੀ ਪੁਲਿਸ ਦਿਸ਼ਾ ਰਵੀ ਦੀ ਅਦਾਲਤ ਤੋਂ ਹੋਰ ਹਿਰਾਸਤ ਮੰਗਦੀ ਰਹੀ ਅਤੇ ਉਸਨੂੰ ਇਕ ਵਡੇਰੀ ਸਾਜ਼ਿਸ਼ ਦਾ ਹਿੱਸਾ ਦੱਸਦੀ ਰਹੀ । ਰਿਹਾਈ ਤੋਂ ਇਕ ਦਿਨ ਪਹਿਲਾਂ ਵੀ ਦਿੱਲੀ ਦੀ ਪੁਲਿਸ ਚੀਫ਼ ਮੈਟਰੋਪੋਲਿਟਨ ਮੈਜਿਸਟ੍ਰੇਟ ਤੋਂ ਇਕ ਦਿਨਾਂ ਪੁਲਿਸ ਰਿਮਾਂਡ ਲੈਣ ’ਚ ਕਾਮਯਾਬ ਰਹੀ ਸੀ। ਇਸ ਸਮੇਂ ਦਿੱਲੀ ਪੁਲਿਸ ਨੇ ਦਿਸ਼ਾ ਰਵੀ, ਉਸਦੇ ਵਾਕਿਫ਼ ਵਕੀਲ ਨਕੀਤਾ ਜੈਕਬ ਅਤੇ ਸ਼ਾਂਤਨੂੰ ਮੁਲਕ ਨੂੰ ਇਕ ਦੂਜੇ ਸਾਹਮਣੇ ਬਿਠਾ ਕੇ ਪੁੱਛ-ਗਿੱਛ ਵੀ ਕਰ ਲਈ । ਪੁਲਿਸ ਅਦਾਲਤ ਤੋਂ ਦੋਸ਼ੀ ਦਾ ਰਿਮਾਂਡ ਵਧਾਉਣ ਲਈ ਕਈ ਹੱਥਕੰਡੇ ਰੱਖਦੀ ਹੁੰਦੀ ਹੈ। ਇਹ ਆਪਣੇ ਬੰਦੇ ਕੋਲੋਂ ਖ਼ਤ ਲਿਖਵਾ ਕੇ ਵੀ ਅਦਾਲਤ ’ਚ ਪੇਸ਼ ਕਰ ਦਿੰਦੀ ਹੈ ਕਿ ਇਹ ਖ਼ਤ ਹੱਥ ਲੱਗਾ ਹੈ ਜਿਸ ਬਾਰੇ ਹੁਣ ਹੋਰ ਪੁੱਛ-ਗਿੱਛ ਕਰਨਾ ਜ਼ਰੂਰੀ ਬਣ ਗਿਆ ਹੈ। ਬਹੁਤੀ ਵਾਰ ਅਦਾਲਤ ਸਭ ਸਮਝਦੀ ਹੁੰਦੀ ਹੈ। ਕਈ ਵਾਰ ਜੱਜ ਅਜਿਹੀਆਂ ਚਾਲਾਂ ’ਤੇ ਤਲਖ਼ ਟਿੱਪਣੀ ਵੀ ਕਰ ਦਿੰਦੇ ਹਨ। ਪਰ ਜੋ ਕੁਛ ਦਿਸ਼ਾ ਰਵੀ ਨੂੰ ਜ਼ਮਾਨਤ ਦਿੰਦਿਆਂ ਦਿੱਲੀ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਕਿਹਾ ਹੈ, ਉਹ ਦਿੱਲੀ ਦੀ ਪੁਲਿਸ ਨੂੰ ਸ਼ਰਮਿੰਦਾ ਕਰਨ ਲਈ ਕਾਫੀ ਹੈ। ਅਸਲ ’ਚ ਜੱਜ ਦੀਆਂ ਟਿੱਪਣੀਆਂ ਦੀ ਸੇਧ ਦਿੱਲੀ ਪੁਲਿਸ ਵਲ ਹੈ ਪਰ ਇਨ੍ਹਾਂ ਦੇ ਅਰਥ ਕੇਂਦਰ ਦੀ ਮੋਦੀ ਸਰਕਾਰ ਲਈ ਵੀ ਹਨ।
ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਨਾਲ ਸੰਬੰਧਤ ‘ਟੂਲਕਿੱਟ’ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ‘ਟੂਲਕਿੱਟ’ ਆਮ ਕਰਕੇ ਸਰਕਾਰੀ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਸੁਝਾਏ ਗਏ ਢੰਗ ਤਰੀਕੇ ਮਾਤਰ ਹੁੰਦੇ ਹਨ ਜਿਵੇਂ ਕਿ ਸੁਝਾਅ ਦਿੱਤਾ ਜਾਵੇ ਕਿ ਸਰਕਾਰ ਦੇ ਇਸ ਕੰਮ ਦਾ ਵਿਰੋਧ ਕਰਨ ਦੇ ਚਾਹਵਾਨ ਲੋਕ ਫਲਾਂ ਜਗ੍ਹਾਂ ਇਕੱਤਰ ਹੋਣ। ਦਿੱਲੀ ਪੁਲਿਸ ਨੇ ‘ਟੂਲਕਿੱਟ’ ਦਾ ਜ਼ਿਕਰ ਕੁਝ ਇਸ ਤਰ੍ਹਾਂ ਕੀਤਾ ਜਿਵੇਂ ਕਿ ਇਹ ਕੋਈ ਨਵਾਂ ਹਥਿਆਰ ਹੋਵੇ। ਗ੍ਰੇਟਾ ਥੁਨਬਰਗ ਅਤੇ ਪ੍ਰਸਿੱਧ ਪੌਪ ਗਾਇਕ ਰੇਹਾਨਾ ਦੁਆਰਾ ਭਾਰਤ ’ਚ ਚਲ ਰਹੇ ਅੰਦੋਲਨ ਨੂੰ ਪ੍ਰਗਟਾਏ ਸਮਰਥਨ ਵਾਲੇ ਟਵੀਟਾਂ ਦੇ ਬਹਾਨੇ ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਦੇਸ਼ ਵਿਰੁੱਧ ਵਡੇਰੀ ਸਾਜ਼ਿਸ਼ ਦਾ ਹਿੱਸਾ ਸਾਬਤ ਕਰਨ ’ਤੇ ਜ਼ੋਰ ਲਾਇਆ। ਉਸ ਦੁਆਰਾ ਸਾਂਝੀ ਕੀਤੀ ‘ਟੂਲਕਿੱਟ’ ਨੂੰ ਦੇਸ਼ ਧ੍ਰੋਹ ਦੀ ਕਾਰਵਾਈ ਦੱਸਿਆ। ਜਦੋਂਕਿ ਉਹ ਸਭ ਕਿਸਾਨ ਅੰਦੋਲਨ ਪ੍ਰਤੀ ਹਮਦਰਦੀ ਰੱਖਣ ਵਾਲੇ ਅਤੇ ਇਸ ਅੰਦੋਲਨ ਲਈ ਹਿਮਾਇਤ ਜੁਟਾਉਣ ਵਾਲੇ ਟਵੀਟ ਸਨ।
ਹੁਣ ਅਦਾਲਤ ਦਾ ਫੈਸਲਾ ਆ ਗਿਆ ਕਿ ‘ਟੂਲਕਿੱਟ’ ਜਾਂ ਵਟਸਐਪ ਗਰੁੱਪ ਬਨਾਉਣਾ ਕੋਈ ਜ਼ੁਰਮ ਨਹੀਂ ਹੈ। ਅਦਾਲਤ ਨੇ ਕਿਹਾ ਹੈ ਕਿ ‘‘ਕਿਸੇ ਵੀ ਜਮਹੂਰੀ ਮੁਲਕ ’ਚ ਨਾਗਰਿਕ ਸਰਕਾਰ ਦੀ ਜ਼ਮੀਰ ਜਗਾਈ ਰੱਖਣ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਇਸ ਲਈ ਜੇਲ੍ਹਾਂ ’ਚ ਨਹੀਂ ਪਾਇਆ ਜਾ ਸਕਦਾ ਕਿ ਉਹ ਸਰਕਾਰ ਦੀਆਂ ਨੀਤੀਆਂ ਪ੍ਰਤੀ ਅਸਹਿਮਤੀ ਰੱਖਦੇ ਹਨ।’’ ਅਤੇ ਨਾ ਹੀ ‘‘ਸਰਕਾਰਾਂ ਦੇ ਸੱਟ ਖਾਂਦੇ ਫੋਕੇ ਹੰਕਾਰ ਦੀ ਖ਼ਿਦਮਤ ਲਈ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਜਾ ਸਕਦਾ ਹੈ। ’’ ਅਦਾਲਤ ਨੇ ਅਸਹਿਮਤੀ ਦੇ ਅਧਿਕਾਰ ਦੀ ਗੱਲ ਕਰਦਿਆਂ ਕਿ ਆਪਣੀ ਆਵਾਜ਼ ਨਾਲ ਆਪਣੇ ਵੱਲ ਦੁਨੀਆਂ ਦਾ ਧਿਆਨ ਖਿੱਚਣਾ ਵੀ ਇਜ਼ਹਾਰ ਦੀ ਆਜ਼ਾਦੀ ਅਧੀਨ ਆਉਂਦਾ ਹੈ, ਸਾਫ ਕਿਹਾ ਹੈ ਕਿ ਪੁਲਿਸ ਅਜਿਹਾ ਕੋਈ ਸਬੂਤ ਨਹੀਂ ਦੇ ਸਕੀ ਜਿਸ ਨਾਲ ਦਿਸ਼ਾ ਦੇ ਵੱਖਵਾਦੀਆਂ, ਖਾਲਿਸਤਾਨੀਆਂ ਜਾਂ 26 ਜਨਵਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸੰਬੰਧ ਸਾਬਤ ਹੋ ਸਕਣ। ਇਸ ਮਾਮਲੇ ’ਚ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਦੇ ਕਿੰਨਾ ਦਬਾਅ ਹੇਠ ਰਹੀ ਹੈ, ਇਸ ਦਾ ਪਤਾ ਅਦਾਲਤ ਦੀ ਇਸ ਟਿੱਪਣੀ ਤੋਂ ਵੀ ਲੱਗਦਾ ਹੈ ਕਿ ‘‘ਜਾਂਚ ਹਾਲੇ ਮੁੱਢਲੇ ਦੌਰ ’ਚ ਹੀ ਹੈ। ਸਬੂਤ ਜੁਟਾਏ ਜਾ ਰਹੇ ਹਨ। ਫਿਰ ਵੀ ਜਾਂਚ ਏਜੰਸੀਆਂ ਨੇ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਰਨ ਦਾ ਰਾਹ ਚੁਣਿਆ। ’’ ਸ਼ੱਕ ਦੇ ਆਧਾਰ ’ਤੇ ਨਾਗਰਿਕ ਦੀ ਆਜ਼ਾਦੀ ’ਚ ਰੋਕ ਪਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।
ਦਿਸ਼ਾ ਰਵੀ ਦੇ ਇਸ ਸਮੁੱਚੇ ਮਾਮਲੇ ਨੇ ਦਰਸ਼ਾਇਆ ਹੈ ਕਿ ਮੋਦੀ ਸਰਕਾਰ ਦਾ ਮਜ਼ਬੂਤ ਹੋਣ ਦਾ ਘਮੰਡ ਕਿੰਨਾਂ ਜਰਜਰਾ ਹੈ। ਅਸਲ ’ਚ ਇਸ ਤੋਂ ਕਿਸਾਨ ਅੰਦੋਲਨ ਦਾ ਕੌਮਾਂਤਰੀ ਸਮਰਥਨ ਬਰਦਾਸ਼ਤ ਨਹੀਂ ਹੋ ਸਕਿਆ ਅਤੇ ਇਸ ਨੇ ਸੱਚਾਈ ਨੂੰ ਸੱਤਾ ਦੇ ਹੰਕਾਰ ਨਾਲ ਦਬਾਉਣ ਲਈ ਝੂਠ ਦਾ ਸਹਾਰਾ ਲਿਆ। ਇਸ ਨਾਲ ਸਰਕਾਰ ਨੇ ਕੌਮਾਂਤਰੀ ਪੱਧਰ ’ਤੇ ਜਮਹੂਰੀਅਤ ਵਿਰੋਧੀ ਹੋਣ ਦੀ ਬਦਨਾਮੀ ਖੱਟ ਕੇ ਆਪਣਾ ਨੁਕਸਾਨ ਕਰਵਾਇਆ ਹੈ। ਦੇਸ਼ ’ਚ ਦਿਸ਼ਾ ਦੀ ਜ਼ਮਾਨਤ ਦੀ ਖ਼ਬਰ ’ਤੇ ਸੋਸ਼ਲ ਮੀਡੀਆ ’ਚ ਟਿੱਪਣੀਆਂ ਆਈਆਂ। ਲੋਕਾਂ ਨੇ ਕਿਹਾ ‘‘ਇਹ ਗਾਂਧੀ ਦਾ ਭਾਰਤ ਹੈ, ਹਿਟਲਰ ਦਾ ਜ਼ਰਮਨੀ ਨਹੀਂ।’’

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ