Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

ਕੋਵਿਡ-19 ਤੋਂ ਬਚਾਅ ਲਈ ਇਹਤਿਆਤ ਹਾਲੇ ਮਹੱਤਵਪੂਰਨ

February 26, 2021 11:12 AM

ਭਾਰਤ ’ਚ ਕੋਵਿਡ-19 ਦੇ ਮਾਮਲੇ ਮੁੜ ਵਧਣ ਨਾਲ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ। ਪਿਛਲੇ ਜਨਵਰੀ ਦੇ ਮਹੀਨੇ ਇਸ ਸੰਬੰਧ ’ਚ ਮਿਲੀ ਰਾਹਤ ਤੋਂ ਬਾਅਦ ਫਰਵਰੀ ਦੇ ਮਹੀਨੇ ਨੇ ਮਹਾਮਾਰੀ ਦੇ ਫੈਲਣ ਦਾ ਖੌਫ਼ ਪੈਦਾ ਕਰ ਦਿੱਤਾ ਹੈ ਜਿਸ ਲਈ ਸਰਕਾਰਾਂ ਵੀ ਸਰਗਰਮ ਹੋ ਚੁੱਕੀਆਂ ਹਨ ਅਤੇ ਡਾਕਟਰ ਤੇ ਮਾਹਿਰ ਲੋਕ ਨਵੀਂ ਸਥਿਤੀ ਨਾਲ ਨਿਪਟਣ ਲਈ ਆਮ ਭਾਰਤੀਆਂ ਨੂੰ ਜਾਗਰੂਕ ਵੀ ਕਰਨ ਲੱਗੇ ਹਨ। ਭਾਰਤ ਤੋਂ ਪਹਿਲਾਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੇ ਯੂਰਪ ਨੂੰ ਵੱਡੀ ਪੱਧਰ ’ਤੇ ਨਿਸ਼ਾਨਾ ਬਣਾਇਆ ਸੀ ਜਿਸ ਦੇ ਨਤੀਜੇ ਵਜੋਂ ਯੂਰਪ ਦੇ ਬਹੁਤੇ ਮੁਲਕਾਂ ’ਚ ਮੁੜ ਲਾਕਡਾਊਨ ਲੱਗੇ ਹੋਏ ਹਨ। ਪਹਿਲਾਂ ਤੋਂ ਹੀ ਡਾਕਟਰ, ਸਿਹਤ ਵਿਗਿਆਨੀ ਤੇ ਸੰਸਥਾਵਾਂ ਮਹਾਮਾਰੀ ਦੇ ਜ਼ੋਰਦਾਰ ਢੰਗ ਨਾਲ ਮੁੜ ਆਉਣ, ਜਿਸਨੂੰ ਮਹਾਮਾਰੀ ਦੀ ਦੂਸਰੀ ਲਹਿਰ ਕਿਹਾ ਜਾਂਦਾ ਹੈ, ਬਾਰੇ ਚੌਕਸ ਸਨ। ਇਸ ਦੇ ਮੁਕਾਬਲੇ ਲਈ ਤਿਆਰੀ ਰੱਖਣ ਦੀ ਸਲਾਹ ਤੇ ਹਿਦਾਇਤਾਂ ਦਿੰਦੇ ਰਹੇ ਹਨ। ਸੌ ਸਾਲ ਪਹਿਲਾਂ ਆਈ ਸਪੈਨਿਸ਼ ਫਲੂ ਦੀ ਮਹਾਮਾਰੀ ਦੀ ਦੂਜੀ ਲਹਿਰ ਹੋਰ ਵੀ ਖ਼ਤਰਨਾਕ ਅਤੇ ਘਾਤਕ ਸਾਬਤ ਹੋਈ ਸੀ। ਸਪੈਨਿਸ਼ ਫਲੂ ਨੇ ਸੰਸਾਰ ’ਚ ਕੁਲ 5 ਕਰੋੜ ਲੋਕਾਂ ਦੀਆਂ ਜਾਨਾਂ ਲਈਆਂ ਸਨ। ਭਾਰਤ ਵਿਚ ਵੀ ਜੂਨ 1918 ’ਚ ਇਸਦਾ ਪਹਿਲਾ ਮਾਮਲਾ ਸਾਹਮਣੇ ਆਉਣ ਬਾਅਦ ਸਪੈਨਿਸ਼ ਫਲੂ ਕੋਈ 1 ਕਰੋੜ 80 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਸੀ। ਇਸ ਦੀ ਦੂਜੀ ਲਹਿਰ ਇਥੇ ਵੀ ਵਧੇਰੇ ਘਾਤਕ ਰਹੀ ਸੀ।
ਹੁਣ ਕੋਵਿਡ-19 ਮਹਾਮਾਰੀ ਨੇ ਮੁੜ ਵਖ਼ਤ ਪਾਇਆ ਹੋਇਆ ਹੈ। ਲੰਬੇ ਲਾਕਡਾਊਨ ਤੋਂ ਬਾਅਦ ਇਸ ਮਹਾਮਾਰੀ ਤੋਂ ਮਿਲੀ ਕੁਝ ਰਾਹਤ ਕਾਰਨ ਮੁਲਕ ਆਪਣੀ ਆਪਣੀ ਅਰਥਵਿਵਸਥਾ ਸਾਂਭਣ ਤੇ ਸੰਭਾਲਣ ਦੇ ਆਹਰੇ ਜੁਟੇ ਹੋਏ ਸਨ ਪਰ ਹੁਣ ਮੁੜ ਲਾਕਡਾਊਨ ਲਾਉਣੇ ਪੈ ਰਹੇ ਹਨ। ਯੂਰਪ ਅਤੇ ਅਮਰੀਕਾ ਤੋਂ ਬਾਅਦ ਇਹ ਸਿਲਸਿਲਾ ਹੁਣ ਭਾਰਤ ਵਿਚ ਵੀ ਸ਼ੁਰੂ ਹੋ ਚੁੱਕਾ ਹੈ। ਲਗਭਗ ਮਹੀਨੇ ਬਾਅਦ ਦੇਸ਼ ’ਚ ਨਵੇਂ ਮਾਮਲਿਆਂ ਦੀ ਗਿਣਤੀ 14 ਹਜ਼ਾਰ ਤੋਂ ਵਧ ਚੁੱਕੀ ਹੈ। ਮਹਾਰਾਸ਼ਟਰ ਮੁੜ ਦੂਸਰੀ ਲਹਿਰ ’ਚ ਘਿਰ ਗਿਆ ਹੈ। ਮੁੰਬਈ ’ਚ ਸੀਮਿਤ ਲਾਕਡਾਊਨ ਸ਼ੁਰੂ ਹੋ ਚੁੱਕੇ ਹਨ। ਦੋ ਮਹੀਨੇ ਪਹਿਲਾਂ ਦੇ ਮੁਕਾਬਲੇ ਇਥੇ ਨਵੇਂ ਮਾਮਲਿਆਂ ’ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਧਾਰਵੀ ’ਚ ਕੋਈ ਸਵਾ ਮਹੀਨਾ ਬਾਅਦ ਰੋਜ਼ਾਨਾ ਦੇ ਨਵੇਂ ਮਾਮਲੇ 2 ਅੰਕਾਂ ਯਾਨੀ 10 ਤੱਕ ਪਹੁੰਚ ਗਏ ਹਨ। ਦਿੱਲੀ ’ਚ ਪਿਛਲੇ 24 ਘੰਟਿਆਂ ਦੌਰਾਨ 200 ਤੋਂ ਵਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਪੰਜਾਬ ਸਮੇਤ 5 ਰਾਜਾਂ ’ਚ ਨਵੇਂ ਮਾਮਲਿਆਂ ਦੀ ਚੜ੍ਹਾਈ ਨੂੰ ਵੇਖਦਿਆਂ ਮਹਾਮਾਰੀ ਰੋਕਣ ਦੇ ਵਿਸ਼ੇਸ਼ ਯਤਨ ਹੋ ਰਹੇ ਹਨ। ਇਥੋਂ ਤੱਕ ਕਿ ਚੰਡੀਗੜ੍ਹ ’ਚ ਵੀ ਜਿੱਥੇ ਕੋਈ 2 ਹਫ਼ਤੇ ਪਹਿਲਾਂ ਕੋਵਿਡ-19 ਦੇ ਰੋਜ਼ਾਨਾ 10-12 ਨਵੇਂ ਮਾਮਲੇ ਆ ਰਹੇ ਸਨ, ਉਥੇ ਪਿਛਲੇ ਦੋ ਦਿਨਾਂ ਤੋਂ 40 ਦੇ ਨੇੜੇ ਨਵੇਂ ਮਾਮਲੇ ਆ ਰਹੇ ਹਨ। ਇਸਦੇ ਨਾਲ ਹੀ ਮੌਤਾਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ।
ਪੰਜਾਬ ’ਚ ਕੋਵਿਡ-19 ਕਾਰਨ ਅੱਜ ਤੱਕ 5 ਹਜ਼ਾਰ 786 ਮੌਤਾਂ ਹੋ ਚੁੱਕੀਆਂ ਹਨ ਜੋ ਕਿ 1971 ਦੀ ਜੰਗ ’ਚ ਮਾਰੇ ਗਏ ਕੁਲ ਭਾਰਤੀ ਜਵਾਨਾਂ ਦੀ ਗਿਣਤੀ ਤੋਂ ਲਗਭਗ ਡੇਢ ਗੁਣਾ ਹੈ। ਇਥੇ ਵੀ ਨਵੇਂ ਮਾਮਲੇ ਤੇਜ਼ੀ ਨਾਲ ਵਧੇ ਹਨ। 23 ਫਰਵਰੀ ਨੂੰ 426 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ 19 ਫਰਵਰੀ ਨੂੰ ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 385 ਸੀ। ਪੰਜਾਬ ਦੀ ਇਕ ਵੱਡੀ ਸਮੱਸਿਆ ਇਹ ਹੈ ਕਿ ਇਥੇ ਮਹਾਮਾਰੀ ਮੁਕਾਬਲਤਨ ਵਧੇਰੇ ਜਾਨਾਂ ਲੈ ਰਹੀ ਹੈ। ਪੰਜਾਬ ’ਚ ਮਹਾਮਾਰੀ ਦੀ ਮੌਤ ਦੀ ਦਰ 3.22 ਪ੍ਰਤੀਸ਼ਤ ਹੈ ਜੋ ਕੌਮੀ ਮੌਤ ਦਰ 1.4 ਪ੍ਰਤੀਸ਼ਤ ਤੋਂ ਦੁਗਣੀ ਤੋਂ ਵੀ ਵਧ ਹੈ। ਰਾਜ ਦੇ 13 ਜ਼ਿਲ੍ਹਿਆਂ ’ਚ ਤਾਂ ਇਹ 4 ਪ੍ਰਤੀਸ਼ਤ ਤੋਂ ਉਪਰ ਹੈ ਜਦੋਂਕਿ ਤਰਨਤਾਰਨ ’ਚ ਸਭ ਤੋਂ ਵਧ 5 ਪ੍ਰਤੀਸ਼ਤ ਹੈ।
ਨਿਸ਼ਚੇ ਹੀ ਮਹਾਮਾਰੀ ਦੇਸ਼ ’ਚ ਮੁੜ ਸਿਰ ਚੁੱਕ ਰਹੀ ਹੈ ਅਤੇ ਨਿਸ਼ਚੇ ਹੀ ਇਸਦੇ ਭਾਰਤ ਦੀ ਅਰਥਵਿਵਸਥਾ ਲਈ ਬਹੁਤ ਮਾੜੇ ਨਤੀਜੇ ਨਿਕਲ ਸਕਦੇ ਹਨ। ਭਾਰਤ ਵਿਚ ਮਹਾਮਾਰੀ ਵਿਰੁੱਧ ਟੀਕਾ ਮੁਹਿੰਮ ਵੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ ਪਰ ਸਭ ਦੇ ਟੀਕਾ ਲੱਗਣਾ ਹਾਲੇ ਬਹੁਤ ਦੂਰ ਹੈ। ਸਰਕਾਰ ਦੇ ਦਾਅਵੇ ਅਨੁਸਾਰ ਹਾਲੇ ਸਿਰਫ 1 ਕਰੋੜ ਭਾਰਤੀਆਂ ਦੇ ਹੀ ਟੀਕੇ ਲਗ ਚੁੱਕੇ ਹਨ। ਦੂਸਰੀ ਡੋਜ਼ ਕਿੰਨਿਆਂ ਨੂੰ ਲੱਗੀ ਹੈ, ਇਸ ਬਾਰੇ ਸਰਕਾਰ ਹਾਲੇ ਕੁਝ ਨਹੀਂ ਦਸ ਰਹੀ। ਪਹਿਲੀ ਮਾਰਚ ਤੋਂ 60 ਸਾਲ ਤੋਂ ਉਪਰ ਦੇ ਅਤੇ ਘਾਤਕ ਬਿਮਾਰੀਆਂ ਵਾਲੇ 45 ਸਾਲ ਤੋਂ ਉਪਰ ਦੇ ਭਾਰਤੀਆਂ ਦੇ ਟੀਕੇ ਲੱਗਣੇ ਸ਼ੁਰੂ ਹੋਣੇ ਹਨ। ਇਹ ਲੰਬੀ ਪ੍ਰਕਿਰਿਆ ਹੈ ਜਿਸਨੂੰ ਕਈ ਸਾਲ ਵੀ ਲੱਗ ਸਕਦੇ ਹਨ। ਹਾਲੇ ਮਹੀਨੇ ਤੋਂ ਵਧ ਸਮੇਂ ’ਚ 1 ਕਰੋੜ ਲੋਕਾਂ ਦੇ ਹੀ ਟੀਕੇ ਲੱਗੇ ਹਨ। ਦੂਸਰੀ ਡੋਜ਼ ਵੀ ਦੇਣੀ ਹੈ ਜੋ 4 ਤੋਂ 6 ਹਫ਼ਤਿਆਂ ਬਾਅਦ ਦਿੱਤੀ ਜਾਂਦੀ ਹੈ। ਅਜਿਹੀ ਹਾਲਤ ’ਚ ਆਮ ਭਾਰਤੀਆਂ ਨੂੰ ਆਪਣੇ ਬਚਾਅ ਲਈ ਡਾਕਟਰੀ ਹਿਦਾਇਤਾਂ ਅਨੁਸਾਰ ਜ਼ਰੂਰ ਚਲਣਾ ਚਾਹੀਦਾ ਹੈ। ਮਾਸਕ ਪਾਈ ਰੱਖਣਾ, ਸਮਾਜਕ ਦੂਰੀ ਬਣਾਈ ਰੱਖਣਾ ਅਤੇ ਹੱਥ ਬਾਰ-ਬਾਰ ਧੋਂਦੇ ਰਹਿਣਾ, ਉਹ ਸਾਧਨ ਹਨ ਜੋ ਮਹਾਮਾਰੀ ਨੂੰ ਦੂਰ ਰੱਖ ਸਕਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ