Wednesday, August 05, 2020 ePaper Magazine
BREAKING NEWS
ਫਿਰੋਜ਼ਪੁਰ 'ਚ 20 ‘ਤੇ ਮੁਕਤਸਰ ਸਾਹਿਬ ਤੋਂ 12 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀਵੱਖ ਵੱਖ ਨਜ਼ਾਇਜ਼ ਸ਼ਰਾਬ ਦੀਆਂ 54 ਪੇਟੀਆਂ ਸਣੇ ਮੁਲਜ਼ਮ ਗ੍ਰਿਫਤਾਰਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤ

ਸੰਪਾਦਕੀ

ਹੜ੍ਹਾਂ ਦੀ ਤਬਾਹੀ ਤੋਂ ਹੁਣ ਪਰੇਸ਼ਾਨ ਨਹੀਂ ਹੁੰਦੇ ਹੁਕਮਰਾਨ

July 26, 2020 09:05 PM

ਇੱਕ ਚੀਜ਼ ਇਹ ਦੇਖੀ ਗਈ ਹੈ ਕਿ ਭਾਰਤ ਵਿੱਚ ਆਮ ਲੋਕਾਂ, ਖਾਸਕਰ ਪਿੰਡਾਂ ਦੇ ਗਰੀਬਾਂ 'ਤੇ ਪੈਂਦੀ ਹੜ੍ਹਾਂ ਦੀ ਮਾਰ ਨੂੰ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਤਰ੍ਹਾਂ ਲਿਆ ਜਾਣ ਲੱਗਾ ਹੈ ਕਿ ਇਹ ਤਾਂ ਵਾਪਰਨਾ ਹੀ ਸੀ। ਥੋੜੀ ਨਜ਼ਰ ਮਾਰਨ ਨਾਲ ਹੀ ਪਤਾ ਚਲ ਜਾਂਦਾ ਹੈ ਕਿ ਪੰਡਾਂ ਤੇ ਸ਼ਹਿਰਾਂ ਵਿੱਚ ਬਰਸਾਤ ਤੋਂ ਪਹਿਲਾਂ ਕੀ ਤਿਆਰੀ ਕੀਤੀ ਜਾਂਦੀ ਹੈ। ਨਾਲੀਆਂ, ਨਾਲੇ, ਨਹਿਰਾਂ ਅਤੇ ਪਾਣੀ ਦੀ ਨਿਕਾਸੀ ਦੇ ਦੂਸਰੇ ਪ੍ਰਬੰਧਾਂ ਦਾ ਚਾਲੂ ਜਿਹਾ  ਜਾਇਜ਼ਾ ਲਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਸਫਾਈ ਆਦਿ ਵਿੱਚ ਵੀ ਭਰਿਸ਼ਟਾਚਾਰ ਆਪਣਾ ਕੰਮ ਕਰਦਾ ਹੈ। ਸ਼ਹਿਰਾਂ ਵਿੱਚ ਥਾਂ-ਥਾਂ 'ਤੇ ਪਾਣੀ ਖੜੋ ਜਾਂਦਾ ਹੈ। ਦਿੱਲੀ ਵਿੱਚ ਤਾਂ ਇਕ ਪੁਲ ਹੇਠ ਖੜੋਤੇ ਪਾਣੀ ਨੇ ਇਕ ਵਿਅਕਤੀ ਦੀ ਜਾਨ ਵੀ ਲੈ ਲਈ ਹੈ। ਬਿਨਾ ਯੋਜਨਾਬੰਦੀ ਦੇ ਜੋ ਬਿਲਡਰਾਂ ਨੇ ਕਲੋਨੀਆਂ ਆਦੀ ਉਸਾਰੀਆਂ ਹਨ, ਬਰਸਾਤ ਵਿੱਚ ਇਥੋਂ ਦੇ ਲੋਕਾਂ ਨੂੰ ਸੜਕਾਂ 'ਤੇ ਚਲਣਾ ਤੱਕ ਔਖਾ ਹੋ ਜਾਂਦਾ ਹੈ। ਪੰਜਾਬ ਦੀ ਤਰ੍ਹਾਂ ਹੀ ਹਰੇਕ ਪ੍ਰਾਂਤ ਵਿੱਚ ਫਲੈਟ ਆਦਿ ਖਰੀਦਣ ਵਾਲੇ ਲੋਕਾਂ ਨੂੰ ਬਰਸਾਤ ਦੇ ਦਿਨਾਂ 'ਚ ਖਾਸ ਤੌਰ 'ਤੇ ਪਤਾ ਚਲਦਾ ਹੈ ਕਿ ਉਹ ਕਿੱਥੇ ਫੱਸ ਗਏ ਹਨ। ਇਸ ਲਈ ਸਿਰਫ ਨਿੱਜੀ ਖੇਤਰ ਦੇ ਬਿਲਡਰ ਆਦਿ ਹੀ ਜਿੰਮੇਦਾਰ ਨਹੀਂ ਸਗੋਂ ਸੰਬੰਧਿਤ ਪੂਰਾ ਸਰਕਾਰੀ ਤੰਤਰ ਜਿੰਮੇਵਾਰ ਹੈ। .
ਵੱਡੇ ਪੱਧਰ 'ਤੇ ਦਰਿਆਵਾਂ ਦਾ ਪਾਣੀ ਜਦੋਂ ਧਰਤੀ 'ਤੇ ਫੈਲਦਾ ਹੈ ਤਾਂ ਹਜ਼ਾਰਾਂ ਏਕੜ ਜ਼ਮੀਨ ਤੋਂ ਫਸਲ ਦਾ ਹੀ ਸਫਾਇਆ ਨਹੀਂ ਹੋ ਜਾਂਦਾ ਸਗੋਂ ਲੱਖਾਂ ਲੋਕਾਂ ਨੂੰ ਘਰ ਛੱਡ ਕੇ ਸੁਰਖਿਅਤ ਥਾਵਾਂ 'ਤੇ ਜਾਣਾ ਪੈਂਦਾ ਹੈ, ਜਿਸ ਲਈ ਉਨ੍ਹਾਂ ਨੂੰ ਆਪਣੀ ਮਦਦ ਬਹੁਤੀ ਵਾਰ ਖ਼ੁਦ ਹੀ ਕਰਨੀ ਪੈਂਦੀ ਹੈ। ਅੱਜ ਅਸੀਂ ਵੇਖ ਸਕਦੇ ਹਾਂ ਕਿ ਆਸਾਮ ਵਿੱਚ ਲੱਖਾਂ ਲੋਕ ਕਿਸ ਤਰ੍ਹਾਂ ਹੜ੍ਹਾਂ ਨਾਲ ਜੂਝ ਰਹੇ ਹਨ। ਦੂਰ ਦੂਰ ਤੱਕ ਪਾਣੀ ਨੇ ਤਬਾਹੀ ਮਚਾਈ ਹੋਈ ਹੈ। ਸੜਕਾਂ, ਪੁਲ ਅਤੇ ਇਮਾਰਤਾਂ ਢਹਿ-ਵਹਿ ਗਈਆਂ ਹਨ। ਆਸਾਮ ਦੇ ਕੋਈ 90 ਲੱਖ ਲੋਕ ਹੜ੍ਹਾਂ ਦੀ ਮਾਰ ਭੁਗਤ ਰਹੇ ਹਨ। ਖ਼ੌਫ਼ ਭਰੀ ਹੈਰਾਨੀ ਹੈ ਕਿ ਆਸਾਮ ਦੇ ਲੋਕ ਇਕੱਲੇ ਆਪਣੀ ਜਾਨਲੇਵਾ ਮੁਸੀਬਤ ਨਾਲ ਲੜ ਰਹੇ ਹਨ। ਪ੍ਰੱਮੁਖ ਸਿਆਸੀ ਪਾਰਟੀਆਂ ਦਾ ਕੋਈ ਵੀ ਆਗੂ ਨਾ ਤਾਂ ਆਸਾਮ ਦੇ ਹੜ੍ਹ ਪੀੜਤਾਂ ਲਈ ਮਦਦ ਦੀ ਅਪੀਲ ਕਰ ਰਿਹਾ ਹੈ, ਨਾ ਕੇਂਦਰ ਮਦਦ ਦਾ ਹੱਥ ਵਧਾ ਰਿਹਾ ਦਿਖਦਾ  ਹੈ। ਹੜ੍ਹਾਂ ਤੋਂ ਕਿਹੋ ਜਿਹੇ ਮਨੁੱਖ ਮਾਰੂ ਨਤੀਜੇ ਨਿਕਲ ਦੇ ਹਨ ਲੱਗਦਾ ਹੈ ਕਿ ਉਸ ਦਾ ਕਿਸੇ ਨੂੰ ਦਰਦ ਨਹੀਂ।
ਸੰਯੁਕਤ ਰਾਸ਼ਟਰ ਦੇ ਸੰਗਠਨ, ਯੂਨਿਸੇਫ (ਯੁਨਾਇਟਿਡ ਨੇਸ਼ਨਸ ਇੰਟਰਨੈਸ਼ਨਲ ਚਿਲਡਰਨ ਐਮਰਜੈਂਸੀ ਫੰਡ) ਨੇ ਭਾਰਤ ਵਿੱਚ ਆਏ ਹੜ੍ਹਾਂ ਦਾ ਜਾਇਜ਼ਾ ਲਿਆ ਹੈ।  ਪਿਛਲੇ ਸ਼ੁੱਕਰਵਾਰ ਯੁਨਿਸੇਫ ਨੇ ਜੋ ਕਿਹਾ ਹੈ ਉਹ ਸਾਡੀ ਸਰਕਾਰ ਨੂੰ ਵੀ ਜ਼ਰੂਰ ਪਤਾ ਹੋਵੇਗਾ। ਯੁਨਿਸੇਫ ਦੁਆਰਾ ਦੱਸਿਆ ਗਿਆ ਹੈ ਕਿ ਮੌਜੂਦਾ ਹੜ੍ਹਾਂ ਤੋਂ ਭਾਰਤ ਦੇ 24 ਲੱਖ ਬੱਚੇ ਪ੍ਰਭਾਵਿਤ ਹਨ। ਹੜ੍ਹਾਂ ਤੋਂ ਪੈਦਾ ਹੋਈਆਂ ਵੰਗਾਰਾਂ ਨਾਲ  ਨਿਪਟਣ ਲਈ ਫੌਰੀ ਮਦਦ ਪਹੁੰਚਾਉਣ, ਵਾਧੂ ਸਰੋਤ ਜੁਟਾਉਣ ਅਤੇ ਨਵੇਂ ਉਪਾਅ ਕਰਨ ਦੀ ਲੋੜ ਹੁੰਦੀ ਹੈ। ਯੁਨਿਸੇਫ ਨੇ ਇਸ ਗੱਲ 'ਤੇ ਖਾਸ ਜੋਰ ਦਿੱਤਾ ਹੈ ਕਿ ਜੁਲਾਈ ਦੇ ਮਹੀਨੇ ਵਿੱਚ ਵਿਸਤਰਿਤ ਪੈਮਾਨੇ ਤੇ ਹੜ੍ਹ ਆਉਣਾ ਸਾਧਾਰਨ ਗੱਲ ਨਹੀਂ। ਅੱਜ ਭਾਰਤ ਦੇ ਆਸਾਮ, ਬਿਹਾਰ, ਉੜੀਸਾ, ਗੁਜਰਾਤ, ਮਹਾਰਾਸ਼ਟਰ, ਮੱਧਪ੍ਰਦੇਸ਼, ਕੇਰਲ, ਉਤਰਾਖੰਡ ਅਤੇ ਉਤਰ ਪ੍ਰਦੇਸ਼ ਦੇ ਲੱਖਾਂ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਵਿੱਚ 24 ਲੱਖ ਬੱਚੇ ਵੀ ਹਨ।
ਕੋਵਿਡ-19 ਮਹਾਮਾਰੀ ਦੇ ਫੈਲਾਅ ਦੌਰਾਨ ਹੜ੍ਹਾਂ ਦੀ ਮਾਰ ਭਾਰਤੀ ਲੋਕਾਂ ਲਈ ਹੋਰ ਹੀ ਦੁਖਾਂਤ ਪੈਦਾ ਕਰ ਰਹੀ ਹੈ। ਭਾਰਤੀ ਲੋਕਾਂ ਨੂੰ ਵੱਡੇ ਪੱਧਰ 'ਤੇ ਮਦਦ ਦਰਕਾਰ ਹੈ। ਪਰ ਹੜ੍ਹਾਂ 'ਚ ਫਸੇ ਲੋਕਾਂ ਲਈ ਮਦਦ ਪਹੁੰਚਦੀ ਨਜ਼ਰ ਨਹੀਂ ਆ ਰਹੀ। ਇਸ ਹਾਲਤ ਵਿੱਚ ਵਿਰੋਧੀ ਪਾਰਟੀਆਂ, ਖਾਸ ਕਰ ਕਾਂਗਰਸ, ਨੂੰ ਲੋਕਾਂ ਦੀ ਮਦਦ ਲਈ ਮੈਦਾਨ ਵਿੱਚ ਉਤਰਨਾ ਚਾਹੀਦਾ ਸੀ। ਪਰ ਅਜਿਹਾ ਕੁਛ ਨਹੀਂ ਹੋ ਰਿਹਾ। ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਹੋਣੀ ਚਾਹੀਦੀ ਹੈ। ਪਰ ਲੱਗਦਾ ਹੈ ਕਿ ਹੁਕਮਰਾਨਾਂ ਅਤੇ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਹੜ੍ਹ ਹੁਣ ਪਰੇਸ਼ਾਨੀ ਪੈਦਾ ਕਰਨ ਵਾਲੇ ਨਹੀਂ ਰਹੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ