ਚੰਡੀਗੜ੍ਹ, 26 ਫਰਵਰੀ (ਏਜੰਸੀ) : ਖੇੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲਿਆਂ ਦੀਆਂ ਮੌਤ ਦੀਆਂ ਖਬਰਾਂ ਰੁਕ ਨਹੀਂ ਰਹੀਆਂ। ਸ਼ੁੱਕਰਵਾਰ ਦੀ ਚੜ੍ਹਦੀ ਸਵੇਰ ਬਠਿੰਡਾ 'ਚ ਕਿਸਾਨ ਨੇ ਕਿਸਾਨ ਅੰਦੋਲਨ ਤੋਂ ਘਰ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਹਲਕਾ ਤਪਾ ਮੰਡੀ ਦੇ ਪਿੰਡ ਜੈਮਲ ਸਿੰਘ ਵਾਲਾ ਦਾ ਕਿਸਾਨ ਸਤਵੰਤ ਸਿੰਘ (30) ਬੀਤੀ ਰਾਤ ਹੀ ਦਿੱਲੀ 'ਚ ਕਿਸਾਨ ਅੰਦੋਲਨ ਤੋਂ ਘਰ ਪਰਤਿਆ ਸੀ। ਅੱਜ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਸੀ। ਇਸ ਖਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।