- 12 ਜਨਵਰੀ ਨੂੰ ਹਰਿਆਣਾ ਪੁਲਿਸ ਨੇ ਕੀਤਾ ਸੀ ਗਿਰਫ਼ਤਾਰ
ਚੰਡੀਗੜ੍ਹ, 26 ਫਰਵਰੀ (ਏਜੰਸੀ) : ਹਰਿਆਣਾ ਦੀ ਕਰਨਾਲ ਜੇਲ੍ਹ ਵਿੱਚ ਬੰਦ ਪੰਜਾਬ ਦੀ ਸੋਸ਼ਲ ਐਕਟਿਵਿਸਟ ਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਸਾਫ ਹੋ ਗਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹ 12 ਜਨਵਰੀ ਤੋਂ ਕਰਨਾਲ ਜੇਲ੍ਹ ਵਿੱਚ ਬੰਦ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਨੌਦੀਪ ਨੂੰ 2 ਮਾਮਲਿਆਂ ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਦੱਸਣਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਗਿਰਫ਼ਤਾਰ ਪੰਜਾਬ ਦੇ ਮੁਕਤਸਰ ਵਾਸੀ ਸੋਸ਼ਲ ਵਰਕਰ ਨੌਦੀਪ ਕੌਰ ਖ਼ਿਲਾਫ਼ ਧਾਰਾ 307 ਤਹਿਤ ਹੋਰ ਗੰਭੀਰ ਧਾਰਾਵਾਂ ਵਾਲੇ ਤੀਜੇ ਕੇਸ 'ਚ ਹਾਈਕੋਰਟ 'ਚ ਸੁਣਵਾਈ ਹੋਈ ਹੈ। ਜ਼ਿਕਰਯੋਗ ਹੈ ਕਿ ਉਸ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਸੀ, ਜਿਨ੍ਹਾਂ ਵਿਚੋਂ 2 ਕੇਸਾਂ ਵਿਚ ਜ਼ਮਾਨਤ ਮਿਲ ਗਈ ਹੈ। ਸ਼ੁੱਕਰਵਾਰ ਨੂੰ ਤੀਜੇ ਕੇਸ ਦੀ ਸੁਣਵਾਈ ਦੌਰਾਨ ਜੱਜ ਅਵਨੀਸ਼ ਝਿੰਗਣ ਦੀ ਅਦਾਲਤ ਨੇ ਰਾਹਤ ਦਿੰਦੇ ਹੋਏ ਜਮਾਨਤ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਇਹ ਮਾਮਲੇ ਕੁੰਡਲੀ ਇੰਡਸਟਰੀਅਲ ਏਰੀਆ 'ਚ ਇੱਕ ਫੈਕਟਰੀ ਦੇ ਘਿਰਾਓ ਨਾਲ ਸਬੰਧਿਤ ਸਨ ਜਿਸ 'ਚ ਮਜ਼ਦੂਰ ਅਧਿਕਾਰ ਸੰਗਠਨ ਦੀ ਅਗਵਾਈ ਹੇਠ ਮਜ਼ਦੂਰਾਂ ਦੇ ਹੱਕਾਂ ਲਈ ਮੁਜ਼ਾਹਰਾ ਕਰ ਰਹੇ ਕਾਰਕੁੰਨ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ ਸੋਨੀਪਤ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ।