ਕੋਲਕਾਤਾ, 26 ਫਰਵਰੀ (ਏਜੰਸੀ) : ਕੇਂਦਰੀ ਜਾਂਚ ਬਿਓਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਸੰਯੁਕਤ ਟੀਮ ਨੇ ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਕੋਲ੍ਹਾ ਖੇਤਰਾਂ ਤੋਂ ਵੱਡੇ ਪੱਧਰ ’ਤੇ ਕੋਲੇ ਦੀ ਗੈਰਕਨੂੰਨੀ ਮਾਈਨਿੰਗ ਅਤੇ ਤਸਕਰੀ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਵਿੱਚ 14 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।
ਜਾਂਚ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਹੈ ਕਿ ਰਾਜਧਾਨੀ ਕੋਲਕਾਤਾ ਦੇ ਨਾਲ ਦੁਰਗਾਪੁਰ ਅਤੇ ਆਸਨਸੋਲ ਦੀਆਂ ਥਾਵਾਂ ‘ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਕੋਲਕਾਤਾ ਦੇ ਬਾਂਸਡਰੋਨੀ ਵਿੱਚ ਇੱਕ ਕਾਰੋਬਾਰੀ ਦੇ ਠਿਕਾਣੇ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਕਾਰੋਬਾਰੀ ਦਾ ਨਾਮ ਰਣਧੀਰ ਬਰਨਵਾਲ ਹੈ। ਸੀਬੀਆਈ ਅਤੇ ਈਡੀ ਅਧਿਕਾਰੀ ਉਸ ਦੇ ਦਫਤਰ ਪਹੁੰਚ ਗਏ ਹਨ।
ਕੋਲਕਾਤਾ ਦੇ ਡਲਹੌਸੀ ਖੇਤਰ ਵਿੱਚ, ਜਾਂਚ ਏਜੰਸੀਆਂ ਦੁਆਰਾ ਇੱਕ ਚਾਰਟਰਡ ਫਰਮ ਦੇ ਦਫਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਸਰਚ ਅਭਿਆਨ ਚਲਾਏ ਜਾ ਰਹੇ ਹਨ। ਸੀਬੀਆਈ ਸੂਤਰਾਂ ਨੇ ਕਿਹਾ ਹੈ ਕਿ ਕਾਰੋਬਾਰੀ ਰਣਧੀਰ ਬਰਨਵਾਲ ਨੇ ਮਾਰਕੀਟ ਵਿੱਚ ਕੋਲੇ ਦੀ ਤਸਕਰੀ ਦੇ ਨਤੀਜੇ ਵਜੋਂ ਕਾਲੇ ਧਨ ਨੂੰ ਨਿਯਮਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਈ ਵੱਡੇ ਨੇਤਾਵਾਂ ਅਤੇ ਪੁਲਿਸ ਅਧਿਕਾਰੀਆਂ ਦੀ ਬਲੈਕਮਨੀ ਵੀ ਇਸ ਵਪਾਰੀ ਕੋਲ ਜਮ੍ਹਾ ਕੀਤੀ ਗਈ ਸੀ। ਬਰਨਵਾਲ ਬਾਰੇ ਜਾਣਕਾਰੀ ਕੋਲ੍ਹਾ ਤਸਕਰੀ ਦੇ ਆਗੂ ਅਨੂਪ ਮਾਂਝੀ ਉਰਫ ਲਾਲਾ ਤੋਂ ਮਿਲੇ ਦਸਤਾਵੇਜ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਮਿਲੀ ਸੀ।