ਅਮ੍ਰਿਤਸਰ, 1 ਮਾਰਚ (ਏਜੰਸੀ) : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਦੇਸ਼ ਦੀ ਅਜ਼ਾਦੀ ਦਾ ਮੁੱਢ ਬੰਨ੍ਹਣ ਵਾਲੀ ਸਿੱਖ ਕੌਮ ਹੈ ਅਤੇ ਇਥੇ ਹੀ ਬਸ ਨਹੀਂ ਜਦੋਂ ਵੀ ਕਿਤੇ ਦੇਸ਼ ਅੰਦਰ ਆਫ਼ਤ ਆਈ ਤਾਂ ਸਿੱਖਾਂ ਨੇ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਵੱਡੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੌ ਸਾਲ ਪਹਿਲਾਂ ਪਾਵਨ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰਤਾ ਦੀ ਬਹਾਲੀ ਲਈ ਪੁੱਜੇ ਸਿੱਖਾਂ ’ਤੇ ਬੇਰਹਿਮੀ ਨਾਲ ਨਰੈਣੂ ਮਹੰਤ ਦੇ ਗੁੰਡਿਆਂ ਵੱਲੋਂ ਅੱਤਿਆਚਾਰ ਕਰਨਾ ਸਮਾਂ ਦਾ ਉਹ ਕਰੂਰ ਸੱਚ ਹੈ ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਭਾਰਤ ਦੀ ਮੌਜੂਦਾ ਸਰਕਾਰ ਵੱਲੋਂ ਸੌ ਸਾਲਾ ਮਨਾਉਣ ਸਮੇਂ ਸੰਗਤ ਨੂੰ ਰੋਕਣ ਦਾ ਦੁੱਖਦਾਈ ਪੰਨਾ ਵੀ ਸਿੱਖਾਂ ਨੂੰ ਹਮੇਸ਼ਾਂ ਰੜਕਦਾ ਰਹੇਗਾ। ਬੀਬੀ ਜਗੀਰ ਕੌਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਨੌਜੁਆਨੀ ਨੂੰ ਆਪਣੇ ਇਤਿਹਾਸ ਨਾਲ ਜੋੜਣ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ। ਉਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਾਬੜੀ ਲਈ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ।