Wednesday, August 05, 2020 ePaper Magazine

ਲੇਖ

... ਤੇ ਧਰਮ ਨੇ ਹੀ ਹਰਾਏ

July 27, 2020 08:02 PM

ਪ੍ਰੋ. ਧਰਮਜੀਤ ਸਿੰਘ ਜਲਵੇੜਾ

ਕੋਈ ਸਮਾਂ ਸੀ ਜਦੋਂ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ 'ਚ ਜਾ ਕੇ ਨਾਅਰੇ ਲਾਉਂਦੀ ਹੁੰਦੀ ਸੀ 'ਪੰਥ ਨੂੰ ਖਤਰਾ' 'ਅਕਾਲੀ ਦਲ ਲਿਆਓ ਪੰਥ ਅਤੇ ਪੰਜਾਬ ਬਚਾਓ', ਸਮੇਂ ਸਮੇਂ ਦੀ ਗੱਲ ਐ ਅੱਜ ਅਕਾਲੀ ਦਲ ਤਾਂ ਹੈ ਪਰ ਉਸ ਦੀ ਵੱਡੀ ਲੀਡਰਸ਼ਿਪ ਬੂਰੀ ਤਰਾਂ ਖਿੱਲਰ ਚੁੱਕੀ ਹੈ। ਪੱਚੀ ਸਾਲ ਪੰਜਾਬ 'ਤੇ ਰਾਜ ਕਰਨ ਦੀਆਂ ਗੱਲਾਂ ਕਰਨ ਵਾਲ਼ੇ ਅਕਾਲੀ ਦਲ ਨੂੰ 2017 ਦੀਆਂ ਅਸੈਂਬਲੀ ਚੋਣਾਂ 'ਚ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ।
2007 ਤੋਂ ਲੈ ਕੇ 2012 ਤੱਕ ਚੱਲਣ ਵਾਲ਼ੀ ਅਕਾਲੀ ਸਰਕਾਰ ਫਿਰ ਵੀ ਠੀਕ ਰਹੀ ਪਰੰਤੂ 2012 'ਚ ਦੁਬਾਰਾ ਮਿਲੀ ਸੱਤਾ ਨੇ ਇਸ ਦਲ ਦੇ ਮੋਹਤਬਰਾਂ ਨੂੰ ਇਸ ਭਰਮ ਨਾਲ਼ ਭਰ ਦਿੱਤਾ ਕਿ ਹੁਣ ਪੰਜਾਬ 'ਚ ਉਹਨਾਂ ਤੋਂ ਬਿਨਾਂ ਕੋਈ ਹੋਰ ਰਾਜ ਨਹੀ ਕਰ ਸਕਦਾ।
ਪੰਜਾਬੀ 'ਚ ਕਿਹਾ ਜਾਂਦੈ 'ਉੱਚਾ ਹੋ ਕੇ ਮਾਣ ਨਾ ਕਰੀਂ ਫਲ਼ ਨੀਵਿਆਂ ਰੁੱਖਾਂ ਨੂੰ ਲਗਦੇ' ਭਾਵ ਵਿਅਕਤੀ ਜਿੰਨਾਂ ਮਰਜ਼ੀ ਅਮੀਰ ਜਾਂ ਤਾਕਤਵਰ ਹੋ ਜਾਵੇ ਉਸ ਨੂੰ ਹੰਕਾਰ ਨਹੀ ਕਰਨਾ ਚਾਹੀਦਾ ਲੇਕਿਨ ਦੂਜੀ ਵਾਰ ਪੰਜਾਬ ਦੀ ਸੱਤਾ ਸਾਂਭਣ ਵਾਲ਼ਾ ਅਕਾਲੀ ਦਲ ਲੋਕਾਂ ਅਤੇ ਧਰਮ ਪ੍ਰਤੀ ਪਹਿਲਾਂ ਵਾਲ਼ੀ ਪਹੁੰਚ ਅਤੇ ਸੋਚ ਨਾ ਰੱਖ ਸਕਿਆ, ਚੰਦ ਵੋਟਾਂ ਦੀ ਖਾਤਿਰ ਇਸ ਦਲ ਦੇ ਵੱਡੇ ਵੱਡੇ ਆਗੂਆਂ ਨੇ ਸਰਸਾ ਸਾਧ ਦੇ ਡੇਰੇ ਨੂੰ ਚਾਲੇ ਪਾਈ ਰੱਖੇ ਜਿਸਦੀਆਂ ਬਾਅਦ 'ਚ ਫੋਟੋਆਂ ਵੀ ਨਸਰ ਹੋਈਆਂ।
ਇਹ ਹੰਕਾਰ ਦੀ ਹੱਦ ਹੀ ਸੀ ਕਿ ਪੰਥ ਦੀ ਸਭ ਤੋਂ ਤਾਕਤਵਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੇਅਪਤ ਕਰਨ ਵਾਲ਼ੇ ਸਰਸਾ ਸਾਧ ਨੂੰ ਮੁਆਫੀ ਦਵਾ ਦਿੱਤੀ ਗਈ ਕਿਉਂਕਿ ਉਸਨੇ ਵੋਟਾਂ ਦੌਰਾਨ ਇਸ ਦਲ ਦੀ ਮਦਦ ਕਰਨੀ ਸੀ, ਸੋ ਉਹ ਪੰਥ ਜਿਸ ਦਾ ਨਾਂਅ ਵਰਤ ਕੇ ਅਕਾਲੀ ਦਲ ਸੱਤਾ ਦਾ ਸੁਆਦ ਲੈਂਦਾ ਰਿਹਾ ਹੁਣ ਉਸ ਲਈ ਬੇਮਾਇਨੇ ਹੋ ਚੁੱਕਾ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਚੁੱਕ ਕੇ ਬੇਅਦਬ ਕਰ ਦਿੱਤੇ ਗਏ ਜਿਸ ਦੇ ਰੋਸ ਵੱਜੋਂ ਸੰਗਤਾਂ ਨੇ ਧਰਨਾ ਲਾਇਆ ਤਾਂ ਉਹਨਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਅਤੇ ਦੋ ਸਿੰਘ ਸ਼ਹੀਦ ਹੋ ਗਏ। ਇਹ ਸਭ ਉਸ ਦਲ ਦੀ ਸਰਕਾਰ ਦੌਰਾਨ ਹੋਇਆ ਜੋ ਅਕਸਰ ਸਟੇਜਾਂ ਤੋਂ ਭੋਲ਼ੇ ਭਾਲ਼ੇ ਪੰਜਾਬੀਆਂ ਨੂੰ ਪੰਥ ਦੇ ਨਾਂਅ 'ਤੇ ਨਾਅਰੇ ਲਗਵਾ ਕੇ ਵੋਟਾਂ ਬਟੋਰਦਾ ਸੀ ਪਰ ਸਮੇਂ ਦੀ ਹੌਲ਼ੀ ਪਰ ਫੈਸਲਾਕੁੰਨ ਚਾਲ ਨੇ ਹੌਲ਼ੀ ਹੌਲ਼ੀ ਇਸ ਦਲ ਨੂੰ ਅਜਿਹੀ ਸਥਿਤੀ 'ਚ ਲਿਆ ਖੜਾ ਕੀਤਾ ਹੈ ਕਿ ਅੱਜ ਉਹ ਨਵੀਆਂ ਸਿਆਸੀ ਧਿਰਾਂ ਨਾਲ਼ੋਂ ਵੀ ਪਿੱਛੇ ਹੈ।
ਪਾਪ ਦਾ ਘੜਾ ਭਰਨ ਤੋਂ ਬਾਅਦ ਉਛਲਦਾ ਜਰੂਰ ਹੈ, ਹਾਂ ਇਹ ਹੋ ਸਕਦਾ ਹੈ ਕਿ ਉਸ ਨੂੰ ਭਰਨ 'ਚ ਸਮਾਂ ਲਗ ਜਾਵੇ, ਕੀਤੇ ਹੋÂ ਮਾੜੇ ਕਰਮਾਂ ਦੀ ਸਜਾ ਮਿਲਣੀ ਤੈਅ ਹੈ, ਧਰਮ ਦੇ ਨਾਂਅ 'ਤੇ ਆਪਣੀ ਸਿਆਸੀ ਤਾਕਤ ਦਿੱਲੀ ਤੱਕ ਲਿਜਾਣ ਵਾਲ਼ਾ ਅਕਾਲੀ ਦਲ ਸਿਆਸੀ ਤੌਰ 'ਤੇ ਤਕਰੀਬਨ ਹਾਸ਼ੀਏ 'ਤੇ ਜਾ ਚੁੱਕਿਆ ਹੈ, ਇਹ ਸਭ ਕੁੱਝ ਧਰਮ ਨਾਲ ਧੋਖਾ ਕਰਨ, ਪਿੱਠ ਦਿਖਾਉਣ ਅਤੇ ਸੱਤਾ ਦੇ ਹੰਕਾਰ ਕਾਰਨ ਹੋਇਆ ਹੈ, ਪੱਚੀ ਸਾਲ ਰਾਜ ਕਰਨ ਦੀਆਂ ਗੱਲਾਂ ਕਰਨ ਵਾਲ਼ੇ ਸਿਆਸੀ ਦਲ ਦੇ ਵੀਹ ਤੋਂ ਵੀ ਘੱਟ ਵਿਧਾਇਕ ਰਹਿ ਜਾਣ ਇਹ ਡੂੰਘੀ ਸੋਚ ਦਾ ਵਿਸ਼ਾ ਹੈ।
ਸੱਤਾ ਨੇ ਤਬਦੀਲ ਹੁੰਦੇ ਰਹਿਣਾ ਹੈ ਪਰ ਜੋ ਸਿਆਸੀ ਧਿਰ ਸੱਤਾ ਦੇ ਨਸ਼ੇ 'ਚ ਆਪਣੇ ਧਰਮ ਅਤੇ ਲੋਕਾਂ ਨਾਲ਼ ਮਜ਼ਾਕ ਕਰੇਗੀ ਉਸ ਦੇ ਗਣਿਤ ਨੂੰ ਪੁੱਠਾ ਗੇੜਾ ਆਉਣਾ ਲਾਜ਼ਮੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ